ਮਾਤਾ ਸੁਰਜੀਤ ਕੌਰ ਸੁਪਤਨੀ ਸਵ. ਵੀਰ ਸਿੰਘ ਵੀਰ ਪ੍ਰਸਿੱਧ ਪੰਜਾਬੀ ਕਵੀ ਅਤੇ ਸੁਤੰਤਰਤਾ ਸੈਨਾਨੀ ਦਾ ਜਨਮ ਲਾਹੌਰ ਦੇ ਨਵਾਂ ਧਰਮਪੁਰਾ ਗਲੀ ਨੰ: 3 ਗੁਰਦੁਆਰਾ ਸਿੰਘ ਸਭਾ ਨਜ਼ਦੀਕ ਉਸ ਸਮੇਂ ਹੋਇਆ ਜਦੋਂ ਪੰਜਾਬ ਇਕ ਸੀ ਤੇ ਅੰਗਰੇਜ਼ੀ ਹਕੂਮਤ ਦਾ ਜ਼ੋਰਾਂ ਤੇ ਬੋਲ ਬਾਲਾ ਸੀ।ਮਾਤਾ ਜੀ ਦੇ ਪਿਤਾ ਜੱਸਾ ਸਿੰਘ ਤਰਖਾਣ ਦਾ ਕੰਮ ਕਰਦੇ ਸਨ।ਮਾਤਾ ਰਾਜ ਕੌਰ ਦੇ ਛੋਟੀ ਉਮਰੇ ਅਕਾਲ ਚਲਾਣਾ ਕਰ ਜਾਣ ‘ਤੇ ਉਨ੍ਹਾਂ ਦਾ ਪਾਲਣ ਪੋਸ਼ਣ ਵੱਡੀ ਭੈਣ ਨੇ ਹੀ ਕੀਤਾ।
ਸੰਨ 1942 ਵਿੱਚ ਮਾਤਾ ਸੁਰਜੀਤ ਕੌਰ ਜੀ ਦਾ ਵਿਆਹ ਅੰਮ੍ਰਿਤਸਰ ਦੇ ਨਾਮਵਰ ਕਵੀ ਵੀਰ ਸਿੰਘ ਵੀਰ ਜੀ ਨਾਲ ਹੋਇਆ।ਵੀਰ ਸਿੰਘ ਵੀਰ ਉਸ ਸਮੇਂ ਸੋਹਣ ਸਿੰਘ ਜਲਾਲਉਸਮਾ, ਮੋਹਨ ਸਿੰਘ ਨਾਗੋਕੇ, ਦਰਸ਼ਨ ਸਿੰਘ ਫੇਰੂਮਾਨ, ਈਸ਼ਰ ਸਿੰਘ ਮਝੈਲ, ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਸਾਬਕਾ ਮੁੱਖ ਮੰਤਰੀ ਪੰਜਾਬ, ਪ੍ਰਤਾਪ ਸਿੰਘ ਕੈਰੋਂ ਸਾਬਕਾ ਮੁੱਖ ਮੰਤਰੀ, ਪੰਜਾਬ, ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ, ਗਿਆਨੀ ਪ੍ਰਤਾਪ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦਿਆਲ ਸਿੰਘ ਢਿੱਲੋਂ ਸਪੀਕਰ ਲੋਕ ਸਭਾ ਦੇ ਬਹੁਤ ਹੀ ਨਿਕਟਵਰਤੀ ਸਾਥੀ ਸਨ ਤੇ ਇੰਨ੍ਹਾਂ ਨਾਲ ਹੀ ਵੀਰ ਸਿੰਘ ਜੀ ਹਰ ਮੋਰਚੇ ‘ਤੇ ਰਹਿੰਦੇ ਸਨ।ਮਾਤਾ ਸੁਰਜੀਤ ਕੌਰ ਦੇ ਵਿਆਹ ਵਾਲੇ ਦਿਨ ਸ਼ਾਮ ਨੂੰ ਹੀ ਵੀਰ ਸਿੰਘ ਵੀਰ ਜੀ ਨੂੰ ਘਰੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ।ਉਸ ਸਮੇਂ ਉਹ ਸੋਹਣ ਸਿੰਘ ਜਲਾਲਉਸਮਾ, ਦਰਸ਼ਨ ਸਿੰਘ ਫੇਰੂਮਾਨ, ਮੋਹਣ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ ਤੇ ਹੋਰਾਂ ਨਾਲ ਮਹਾਤਮਾ ਗਾਂਧੀ ਵਲੋਂ ਲਾਏ ਮੋਰਚੇ ਵਿੱਚ ਸ਼ਾਮਿਲ ਸਨ।ਮਾਤਾ ਜੀ ਉਸ ਸ਼ਾਮ ਨੂੰ ਵੀਰ ਸਿੰਘ ਜੀ ਦੀ ਰੋਟੀ ਦੇਣ ਜੇਲ੍ਹ ਵਿੱਚ ਗਏ, ਜਿਥੇ ਕਿ ਅੰਗਰੇਜ਼ੀ ਹਕੂਮਤ ਨੇ ਉਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਹੋ ਗਈ।ਉਸ ਤੋਂ ਬਾਅਦ ਮਾਤਾ ਜੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਤਾਂ ਉਹ ਆਪਣੇ ਪੇਕੇ ਘਰ ਲਾਹੌਰ ਚਲੇ ਗਏ।
ਜਦੋਂ ਮਾਤਾ ਜੀ ਲਾਹੌਰ ਸਨ ਤਾਂ ਕੁੱਝ ਦਿਨਾਂ ਬਾਅਦ ਹੀ 1947 ਦੀ ਵੰਡ ਨੇ ਮਾਤਾ ਜੀ ਆਪਣੇ ਪੇਕੇ ਪਰਿਵਾਰ ਨਾਲੋਂ ਵਿੱਛੜ ਗਏ ਤੇ ਬਹੁਤ ਹੀ ਮੁਸ਼ਕਿਲਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮਾਤਾ ਕਿਸ਼ਨ ਕੌਰ ਨਾਲ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਕੈਂਪ ਵਿੱਚ ਰਹੇ ਅਤੇ ਕੁੱਝ ਦਿਨਾਂ ਬਾਅਦ ਆਪਣੇ ਸਹੁਰੇ ਘਰ ਪਹੁੰਚੇ।
ਦੇਸ਼ ਆਜ਼ਾਦ ਹੋਣ ਤੋਂ ਬਾਅਦ ਮਾਤਾ ਜੀ ਨੇ ਆਪਣੇ ਪਤੀ ਵੀਰ ਸਿੰਘ ਨਾਲ ਬੇਹੱਦ ਗਰੀਬੀ ਭਰੇ ਦਿਨ ਦੇਖੇ।ਉਸ ਸਮੇਂ ਮਾਤਾ ਜੀ ਸਿਲਾਈ ਦਾ ਕੰਮ ਕਰਨ ਲੱਗ ਪਏ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਤੀ ਦਾ ਸਾਥ ਦਿੱਤਾ।
ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਵੀਰ ਸਿੰਘ ਦੀਆਂ ਦੇਸ਼ ਪ੍ਰਤੀ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਮਾਤਾ ਸੁਰਜੀਤ ਕੌਰ ਨੂੰ ਉਨ੍ਹਾਂ ਨੇ ਆਪਣੀ ਧੀ ਬਣਾ ਲਿਆ।ਵੀਰ ਸਿੰਘ ਵੀਰ ਆਪਣੀ ਰੋਜ਼ੀ ਰੋਟੀ ਲਈ ਹੱਥ ਪੈਰ ਮਾਰਦੇ ਰਹੇ।ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਸਾਰਾਗੜ੍ਹੀ ਅੰਮ੍ਰਿਤਸਰ ਵਿਖੇ ਗ੍ਰੰਥੀ ਸਿੰਘ ਨਿਯੁੱਕਤ ਕੀਤਾ।ਪ੍ਰਤਾਪ ਸਿੰਘ ਕੈਰੋਂ ਜਦੋਂ ਮੁੱਖ ਮੰਤਰੀ ਪੰਜਾਬ ਬਣੇ ਤਾਂ ਵੀਰ ਸਿੰਘ ਵੀਰ ਨੂੰ ਲੋਕ ਸੰਪਰਕ ਵਿਭਾਗ ਦੇ ਵਿੱਚ ਨੌਕਰੀ ਦੇ ਦਿੱਤੀ।
ਵੀਰ ਸਿੰਘ ਵੀਰ ਜੋ ਕਿ ਆਪਣੀਆਂ ਦੇਸ਼ ਭਗਤੀ ਦੀਆਂ ਕਵਿਤਾਵਾਂ ਤੇ ਦੇਸ਼ ਕੌਮ ਦੀ ਸੇਵਾ ਲਈ ਹਮੇਸ਼ਾਂ ਚਰਚਿਤ ਰਹਿੰਦੇ ਸਨ, ਦਾ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਨਾਲ ਬਹਤ ਹੀ ਨਿੱਘਾ ਰਿਸ਼ਤਾ ਸੀ।ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਜੀ ਦੀ ਮਾਤਾ ਕਿਸ਼ਨ ਕੌਰ ਤੇ ਮਾਤਾ ਸੁਰਜੀਤ ਕੌਰ ਦਾ ਭੈਣਾਂ ਤੋਂ ਵੱਧ ਪਿਆਰ ਸੀ।
ਗੁਰਦਿਆਲ ਸਿੰਘ ਢਿੱਲੋਂ ਜਦੋਂ ਕੈਨੈਡਾ ਦੇ ਰਾਜਦੂਤ ਬਣੇ ਤਾਂ ਉਹਨਾਂ ਨੇ ਆਪਣੇ ਪੁਰਾਣੇ ਸਾਥੀ ਵੀਰ ਸਿੰਘ ਨੂੰ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿਣ ਦਾ ਸੱਦਾ ਦਿੱਤਾ।ਪਰ ਮਾਤਾ ਸੁਰਜੀਤ ਕੌਰ ਤੇ ਵੀਰ ਸਿੰਘ ਵੀਰ ਨੇ ਅੰਮ੍ਰਿਤਸਰ ਨਹੀਂ ਛੱਡਿਆ ਅਤੇ ਨਾ ਹੀ ਕੈਨੇਡਾ ਵਿੱਚ ਰਹਿਣ ਦਾ ਪ੍ਰਸਤਾਵ ਸਵੀਕਾਰ ਕੀਤਾ।ਮਾਤਾ ਜੀ ਨੇ 108 ਸਾਲ ਦੀ ਉਮਰ ਤੱਕ ਲੰਬਾ ਸਮਾਂ ਜੀਵਨ ਵਿੱਚ ਕਈ ਸੰਘਰਸ਼ਾਂ ਤੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ।ਮਾਤਾ ਜੀ 14 ਸਤੰਬਰ 2023 ਨੂੰ ਆਪਣੇ ਦੋ ਬੱਚਿਆਂ ਇੰਦਰਜੀਤ ਕੌਰ ਤੇ ਅਮਰਜੀਤ ਸਿੰਘ ਭਾਟੀਆ ਤੋਂ ਇਲਾਵਾ ਦੋ ਪੋਤਰਿਆਂ ਮਨਪ੍ਰੀਤ ਸਿੰਘ ਜੱਸੀ ਤੇ ਸਰਬਜੀਤ ਸਿੰਘ ਅਤੇ ਦੋਹਤੇ ਦੋਹਤੀਆਂ ਤੇ ਪੜਪੋਤਰੀਆਂ ਨੂੰ ਵਿਛੋੜਾ ਦੇ ਕੇ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਏ ਹਨ।ਜਦਕਿ ਉਨਾਂ ਦੇ ਦੋ ਪੁੱਤਰਾਂ ਦਾ ਦੇਹਾਂਤ ਡੇਢ ਸਾਲ ਅਤੇ 29 ਸਾਲ ਦੀ ਉਮਰ ਵਿੱਚ ਹੋ ਗਿਆ ਸੀ।
ਮਾਤਾ ਸੁਰਜੀਤ ਕੌਰ ਜੀ ਦੀ ਅੰਤਿਮ ਅਰਦਾਸ 24 ਸਤੰਬਰ ਦਿਨ ਐਤਵਾਰ 1-00 ਤੋਂ 2-00 ਵਜੇ ਤੱਕ ਬਾਬਾ ਸੇਵਾ ਸਿੰਘ ਹਾਲ, ਅਜੀਤ ਨਗਰ, ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਿਖੇ ਹੋੋਵੇਗੀ।
ਮਨਪ੍ਰੀਤ ਸਿੰਘ ਜੱਸੀ ਐਮ.ਏ
ਮੋ- 6280862514