36 ਕਿਸਾਨਾਂ ਦਾ ਕੀਤਾ ਗਿਆ ਲਾਲ ਇੰਦਰਾਜ਼
ਅੰਮ੍ਰਿਤਸਰ 6 ਅਕਤੂਬਰ (ਸੁਖਬੀਰ ਸਿੰਘ) – ਜਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ 223 ਕਿਸਾਨਾਂ ਨੂੰ 5,57,500/- ਰੁਪਏ ਦਾ ਜ਼ੁਰਮਾਨਾ ਕੀਤਾ ਜਾ ਚੁੱਕਾ ਹੈ ਅਤੇ ਟੀਮਾਂ ਲਗਾਤਾਰ ਅੱਗ ਲੱਗਣ ਵਾਲੇ ਖੇਤਾਂ ਤੱਕ ਪਹੁੰਚ ਰਹੀਆਂ ਹਨ।
ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਹੁਣ ਤੱਕ ਸਾਡੀਆਂ ਟੀਮਾਂ ਨੂੰ ਬੀਤੇ ਦਿਨ ਤੱਕ 429 ਥਾਵਾਂ ’ਤੇ ਅੱਗ ਲੱਗਣ ਦੀ ਸੂਚਨਾ ਉਪਗ੍ਰਹਿ ਰਾਹੀਂ ਮਿਲੀ ਸੀ, ਜਿਨ੍ਹਾਂ ਵਿਚੋਂ ਵੱਖ-ਵੱਖ ਅਧਿਕਾਰੀਆਂ ਵਲੋਂ 341 ਥਾਵਾਂ ਦਾ ਦੌਰਾ ਕੀਤਾ ਗਿਆ ਹੈ ਅਤੇ 91 ਥਾਵਾਂ ਤੇ ਅੱਗ ਨਹੀਂ ਪਾਈ ਗਈ ਹੈ।ਉਨਾਂ ਦੱਸਿਆ ਕਿ 250 ਥਾਵਾਂ ‘ਤੇ ਅੱਗ ਲੱਗਣ ਦੀ ਪੁਸ਼ਟੀ ਹੋਈ ਹੈ ਅਤੇ 223 ਕਿਸਾਨਾਂ ਨੂੰ 5,57,500/- ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ 36 ਕਿਸਾਨਾਂ ਦਾ ਮਾਲ ਰਿਕਾਰਡ ਵਿੱਚ ਲਾਲ ਇੰਦਰਾਜ਼ ਵੀ ਦਰਜ਼ ਕੀਤਾ ਗਿਆ ਹੈ ਅਤੇ 27 ਹੋਰ ਕਿਸਾਨਾਂ ਦੇ ਜ਼ੁਰਮਾਨੇ ਲਗਾਏ ਜਾ ਰਹੇ ਹਨ।ਉਨਾਂ ਦੱਸਿਆ ਕਿ 88 ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਇਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਤਲਵਾੜ ਨੇ ਕਿਸਾਨਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਸਾਡੀ ਨਿਗ੍ਹਾ ਹਰ ਖੇਤ ਉਪਰ ਹੈ ਅਤੇ ਜੋ ਵੀ ਪਰਾਲੀ ਸਾੜੇਗਾ, ਕਾਨੂੰਨੀ ਕਾਰਵਾਈ ਹੋਵੇਗੀ।ਉਨ੍ਹਾਂ ਦੱਸਿਆ ਕਿ ਹਰੇਕ ਸਬ ਡਵੀਜ਼ਨ ਵਿੱਚ ਐਸ.ਡੀ.ਐਮ ਅੱਗ ਲੱਗਣ ਵਾਲੇ ਖੇਤ ਤੱਕ ਪਹੁੰਚ ਕੇ ਕਾਰਵਾਈ ਕਰ ਰਹੇ ਹਨ।
ਉਨਾਂ ਕਿਹਾ ਕਿ ਇੱਕ ਏਕੜ ਝੋਨੇ ਦੀ ਫਸਲ ਤੋਂ ਤਕਰੀਬਨ ਢਾਈ ਤੋਂ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ ਅਤੇ ਇੱਕ ਟਨ ਪਰਾਲੀ ਸਾੜ੍ਹਨ ਨਾਲ ਅਸੀਂ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 2.5 ਕਿਲੋ ਪੋਟਾਸ਼ ਅਤੇ 12 ਕਿਲੋ ਸਲਫਰ ਦਾ ਨੁਕਸਾਨ ਕਰ ਬੈਠਦੇ ਹਾਂ।ਇਸ ਲਈ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜ੍ਹਨ ਦੀ ਥਾਂ ਜ਼ਮੀਨ ਵਿੱਚ ਮਿਲਾ ਕੇ ਕਣਕ ਦੀ ਬਿਜ਼ਾਈ ਕਰਨ।ਉਨਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਖਾਦਾਂ ਘੱਟ ਪਾਉਣ ਦੀ ਲੋੜ ਪੈਂਦੀ ਹੈ ਅਤੇ ਮਿੱਤਰ ਕੀੜਿਆਂ ਦੀ ਗਿਣਤੀ ਵਧਣ ਕਾਰਨ ਫਸਲ ’ਤੇ ਕੀੜੇ ਮਕੌੜੇ ਦਾ ਹਮਲਾ ਵੀ ਘੱਟ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲੜੀ ਵੱਖ-ਵੱਖ ਨੋਡਲ ਅਧਿਕਾਰੀ ਨਿਯੁੱਕਤ ਕੀਤੇ ਗਏ ਹਨ, ਜੋ ਤੁਰੰਤ ਪ੍ਰਭਾਵ ਨਾਲ ਕੰਮ ਕਰਨਗੇ।ਉਨਾਂ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੰਭੀਰ ਮੁੱਦੇ ’ਤੇ ਸਰਕਾਰ ਦਾ ਸਾਥ ਦੇਣ, ਤਾਂ ਜੋ ਜਮੀਨ ’ਤੇ ਪੌਣ-ਪਾਣੀ ਨੂੰ ਬਚਾਇਆ ਜਾ ਸਕੇ।