ਮੁੱਖ ਮੰਤਰੀ ਮਾਨ ਨੇ ਸੂਬੇ ਦੀ ਨਿਰਸਵਾਰਥ ਸੇਵਾ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ
ਜਲੰਧਰ 1 ਦਸੰਬਰ (ਹਰਜਿੰਦਰ ਸਿੰਘ ਜਵੰਦਾ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੰਜਾਬ ਪੁਲਿਸ ਵਲੋਂ ਪੰਜਾਬੀ ਫਿਲਮ ਐਂਡ ਟੀ.ਵੀ ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਦੇ ਸਹਿਯੋਗ ਨਾਲ ਪਫ਼ਟਾ ਪ੍ਰਧਾਨ ਕਰਮਜੀਤ ਅਨਮੋਲ, ਉਪ ਪ੍ਰਧਾਨ ਗੱਗੁ ਗਿੱਲ ਅਤੇ ਜਨਰਲ ਸਕੱਤਰ ਮਲਕੀਤ ਰੌਣੀ ਦੀ ਅਗਵਾਈ ਹੇਠ ਕਰਵਾਏ ਗਏ ਪਹਿਲੇ ਸੱਭਿਆਚਾਰਕ ਸਮਾਗਮ ਗੁਲਦਸਤਾ-2023 ਦਾ ਉਦਘਾਟਨ ਕੀਤਾ ਗਿਆ।ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ, ਏ.ਡੀ.ਜੀ.ਪੀ ਐਮ.ਐਫ ਫਾਰੂਕੀ, ਡੀ.ਆਈ.ਜੀ ਇੰਦਰਵੀਰ ਸਿੰਘ ਅਤੇ ਐਮ.ਪੀ ਸੁਸ਼ੀਲ ਅਰੋੜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਅਹਿਮ ਪਹਿਲਕਦਮੀ ਦਾ ਉਦੇਸ਼ ਪੰਜਾਬ ਪੁਲਿਸ ਦੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ।ਪੰਜਾਬ ਪੁਲਿਸ ਦੇ ਜਵਾਨ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਇਹ ਸਮਾਗਮ ਇਨ੍ਹਾਂ ਬਹਾਦਰ ਜਵਾਨਾਂ ਦੇ ਪਰਿਵਾਰਾਂ ਨੂੰ ਸਮਰਪਿਤ ਹੈ।ਮਾਨ ਨੇ ਪੀ.ਏ.ਪੀ ਗਰਾਉਂਡ ਵਿੱਚ ਇਸ ਸਮਾਗਮ ਦਾ ਆਯੋਜਨ ਕਰਨ ਵਾਸਤੇ ਸਹਿਯੋਗ ਦੇਣ ਲਈ ਪਫ਼ਟਾ ਅਤੇ ਕਲਾਕਾਰ ਭਾਈਚਾਰੇ ਦਾ ਧੰਨਵਾਦ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸੂਬੇ ਦੇ ਤਿੰਨ ਕਰੋੜ ਤੋਂ ਵੱਧ ਲੋਕਾਂ ਲਈ ਆਰਾਮ ਦੀ ਨੀਂਦ ਨੂੰ ਯਕੀਨੀ ਬਣਾਉਣ ਵਾਸਤੇ 80000 ਪੁਲਿਸ ਮੁਲਾਜ਼ਮ ਤਨਦੇਹੀ ਨਾਲ ਆਪਣੀ ਡਿਊਟੀ ਦੇ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਮੁੰਬਈ ਵਿੱਚ ਇਸ ਤਰ੍ਹਾਂ ਦਾ ਇੱਕ ਉਮੰਗ ਨਾਂਅ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਬਾਲੀਵੁੱਡ ਦੇ ਕਲਾਕਾਰ ਹਿੱਸਾ ਲੈਂਦੇ ਸਨ।ਹੁਣ ਸੂਬਾ ਸਰਕਾਰ ਨੇ ਪੁਲਿਸ ਬਲ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇਹ ਪਹਿਲਕਦਮੀ ਕੀਤੀ ਹੈ।ਇਸ ਸਮਾਗਮ ਦਾ ਉਦੇਸ਼ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇਕੱਠੇ ਮਿਲ ਕੇ ਬੈਠਣ ਅਤੇ ਸਮਾਗਮ ਦਾ ਆਨੰਦ ਮਾਨਣ ਦਾ ਮੌਕਾ ਪ੍ਰਦਾਨ ਕਰਨਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਮਹਿਲਾ ਸਸ਼ਕਤੀਕਰਨ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲੀਸ ਕਪਤਾਨ ਵਜੋਂ ਮਹਿਲਾ ਅਧਿਕਾਰੀ ਤਾਇਨਾਤ ਹਨ ਅਤੇ 10 ਤੋਂ ਵੱਧ ਜ਼ਿਲ੍ਹਿਆਂ ਵਿੱਚ ਮਹਿਲਾ ਡਿਪਟੀ ਕਮਿਸ਼ਨਰ ਹਨ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਲੜਕੀਆਂ ਦੀ ਭਲਾਈ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਪੀ.ਐਫ.ਟੀ.ਏ.ਏ ਦੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਅਤੇ ਏ.ਡੀ.ਜੀ.ਪੀ ਫਾਰੂਕੀ ਵਲੋਂ ਲਿਖੇ ਅਤੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਵਲੋਂ ਗਾਇਆ ਗੀਤ ‘ਅਰਦਾਸ’ ਜਾਰੀ ਕੀਤਾ।ਪੰਜਾਬ ਦੇ ਨਾਮੀ ਕਲਾਕਾਰਾਂ ਨੇ ਆਪਣੀ ਗਾਇਕੀ ਨਾਲ ਚੰਗਾ ਰੰਗ ਬੰਨ੍ਹਿਆ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਮੁਟਿਆਰਾਂ ਨੱਚਦੇ ਨਜ਼ਰ ਆ ਏ।
ਇਸ ਮੌਕੇ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਭਾਰਤ ਭੂਸ਼ਣ ਵਰਮਾ, ਅਮਰ ਨੂਰੀ, ਦੇਬੀ ਮਖਸੂਸਪੁਰੀ,ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਗਾਇਕ ਐਮੀ ਵਿਰਕ, ਗੁਰਨਾਮ ਭੁੱਲਰ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਗਗਨ ਕੋਕਰੀ, ਪ੍ਰੀਤ ਹਰਪਾਲ, ਹਰਸਿਮਰਨ, ਤਰਸੇਮ ਜੱਸੜ, ਜੀ ਖਾਨ, ਬਲਵੀਰ ਬੋਪਾਰਾਏ, ਕਮਲ ਖ਼ਾਨ, ਮਾਸਟਰ ਸਲੀਮ, ਕੰਵਰ ਗਰੇਵਾਲ, ਹੈਪੀ ਰਾਏਕੋਟੀ, ਹਾਰਬੀ ਸੰਘਾ, ਸਿਤਿਜ ਚੌਧਰੀ, ਨਰੇਸ਼ ਕਥੂਰੀਆ, ਭੁਪਿੰਦਰ ਗਿੱਲ, ਰੁਪਿੰਦਰ ਰੂਪੀ, ਨਿਮਰਤ ਖਹਿਰਾ, ਸੀਮਾ ਕੌਂਸਲ, ਨੀਸ਼ਾ ਬਾਨੋ, ਰੋਸ਼ਨ ਪ੍ਰਿੰਸ, ਈਸ਼ਾ ਰਿਖੀ, ਤਰਸੇਮ ਪੋਲ, ਕੁਲਦੀਪ ਕੰਡਿਆਰਾ, ਪਰਮਜੀਤ ਭੰਗੂ, ਪੂਨਮ ਸੂਦ, ਪਰਮਵੀਰ, ਸਮੀਰ ਮਾਹੀ, ਰਾਜ ਧਾਲੀਵਾਲ, ਜਸਵੰਤ ਰਾਠੋਰ, ਸਲੀਮ ਸਿਕੰਦਰ, ਹਰਵਿੰਦਰ ਔਜਲਾ, ਹਰਜਿੰਦਰ ਸਿੰਘ ਜਵੰਦਾ, ਭਗਵੰਤ ਵਿਰਕ, ਅਮਨਦੀਪ ਜੌਹਲ ਅਤੇ ਜਗਤਾਰ ਬੈਨੀਪਾਲ ਆਦਿ ਨਾਮੀ ਕਲਾਕਾਰ ਅਤੇ ਅਦਾਕਾਰ ਮੌਜ਼ੂਦ ਰਹੇ।