ਪੀਲੇ ਅਤੇ ਐਕਰੀਡੇਸ਼ਨ ਕਾਰਡ ਹੋਲਡਰ ਪੱਤਰਕਾਰ ਵੀ ਲੈ ਸਕਦੇ ਨੇ ਆਯੂਸ਼ਮਾਨ ਕਾਰਡ ਦਾ ਲਾਭ
ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਵਾਉਣ ਵਾਲੇ ਲਾਭਪਾਤਰੀਆਂ ਲਈ 31 ਦਸੰਬਰ 2023 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।31 ਦਸੰਬਰ ਤੱਕ ਕਾਰਡ ਬਣਵਾਉਣ ਵਾਲਿਆਂ ਵਿਚੋ 10 ਲੋਕਾਂ ਨੂੰ ਲੱਕੀ ਡਰਾਅ ਜ਼ਰੀਏ ਚੁਣ ਕੇ ਨਗਦ ਇਨਾਮ ਵੀ ਦਿੱਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਦੀਪ ਕੌਰ ਨੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 50 ਹਜ਼ਾਰ ਰੁਪਏ, ਤੀਜਾ ਇਨਾਮ 25 ਹਜ਼ਾਰ ਰੁਪਏ, ਚੌਥਾ ਇਨਾਮ 10 ਹਜ਼ਾਰ ਰੁਪਏ, ਪੰਜਵਾਂ ਇਨਾਮ 8 ਹਜ਼ਾਰ ਰੁਪਏ ਅਤੇ ਛੇਵੇਂ ਤੋਂ ਦਸਵੇਂ ਇਨਾਮ ਵਿੱਚ 5 ਹਜ਼ਾਰ ਰੁਪਏ ਦੇ ਡਰਾਅ ਕੱਢੇ ਜਾਣਗੇ।
ਯੋਜਨਾ ਤਹਿਤ ਪੰਜਾਬ ਵਿੱਚ ਲਾਭਪਾਤਰੀ ਪਰਿਵਾਰਾਂ ਨੂੰ ਸੂਚੀਬੱਧ ਹਸਪਤਾਲਾਂ ਵਿੱਚ ਸਲਾਨਾ ਪੂਰੇ ਪਰਿਵਾਰ ਲਈ 5 ਲੱਖ ਤੱਕ ਦੇ ਮੁਫ਼ਤ ਇਲਾਜ਼ ਦੀ ਸਹੂਲਤ ਹੈ।ਜਿਸ ਦਾ ਲੋੜਵੰਦ ਪਰਿਵਾਰਾਂ ਨੂੰ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ।ਆਯੂਸ਼ਮਾਨ ਕਾਰਡ ਲਾਭਪਾਤਰੀ ਹੁਣ ਖੁਦ ਘਰ ਬੈਠੇ ਆਯੂਸ਼ਮਾਨ ਐਪ ਰਾਹੀਂ ਕਾਰਡ ਬਣਾ ਸਕਦੇ ਹਨ ਜਾਂ ਆਯੂਸ਼ਮਾਨ ਕਾਰਡ ਬਣਾਉਣ ਲਈ ਨਜਦੀਕੀ ਆਸ਼ਾ ਵਰਕਰ ਜਾਂ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਸੰਪਰਕ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਕਾਰਡ ਧਾਰਕ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ਼ ਆਦਿ ਸਮੇਤ ਲਗਭਗ 1600 ਕਿਸਮ ਦੇ ਇਲਾਜ ਦੀ ਸੁਵਿਧਾ ਦਿੱਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਲਾਭਪਾਤਰੀ ਪਰਿਵਾਰਾਂ ਵਿੱਚ ਐਨ.ਐਫ.ਐਸ.ਏ, ਰਾਸ਼ਨ ਕਾਰਡ ਧਾਰਕ, ਜੇ ਫਾਰਮ ਧਾਰਕ ਕਿਸਾਨ, ਰਜਿਸਰਡ ਮਜਦੂਰ, ਰਜਿਸਟਰਡ ਛੋਟੇ ਵਪਾਰੀ, ਮਾਨਤਾ ਪ੍ਰਾਪਤ ਪੀਲੇ ਕਾਰਡ ਧਾਰਕ, ਪੱਤਰਕਾਰਾਂ ਤੇ ਸਮਾਜਿਕ, ਆਰਥਿਕ ਜਾਤੀ ਜਨ ਗਣਨਾ ਡਾਟਾ 2011 ਤਹਿਤ ਕਵਰ ਪਰਿਵਾਰ ਸ਼ਾਮਲ ਹਨ।
ਮੀਟਿੰਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਮੀਤ ਕੌਰ, ਜਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ, ਡੀ.ਐਮ ਕਾਮਨ ਸਰਵਿਸ ਸੈਂਟਰ, ਸਰਤਾਜ ਸਿੰਘ, ਜਿਲ੍ਹਾ ਕੁਆਰਡੀਨੇਟਰ ਫਤਿਹਦੀਪ ਸਿੰਘ, ਏ.ਐਫ.ਐਸ.ਓ ਸੰਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜ਼ੂਦ ਸਨ।