70 ਕਰੋੜ ਰੁਪਏ ਦੀ ਲਾਗਤ ਨਾਲ ਸੁਖਾਲਾ ਹੋਵੇਗਾ ਗੁਰੂ ਨਗਰੀਆਂ ਦਾ ਰਸਤਾ
ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਮਾਝਾ ਖੇਤਰ ਦੇ ਦੋ ਇਤਿਹਾਸਕ ਜ਼ਿਲ੍ਹਿਆਂ ਅੰਮ੍ਰਿਤਸਰ
ਅਤੇ ਤਰਨਤਾਰਨ ਨੂੰ ਜੋੜਨ ਵਾਲੀ ਪੁਰਾਣੀ ਐਨ.ਐਚ-15/54 ਸੜਕ ਨੂੰ 69.67 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਰਗੀ ਸੜ੍ਹਕ ਵਿੱਚ ਅਪਗ੍ਰੇਡ ਕਰਨ ਦੀ ਸ਼ੁਰੂਆਤ 1 ਫਰਵਰੀ ਨੂੰ ਕਰਨਗੇ।ਜਿਸ ਨਾਲ ਇਸ ਸੜ੍ਹਕ ‘ਤੇ ਜਾਣ ਵਾਲੇ ਯਾਤਰੀਆਂ ਅਤੇ ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸਮੇਂ ਸੜਕ ਦੇ ਇਸ ਹਿੱਸੇ ਦਾ ਕੈਰੇਜਵੇਅ 9.75 ਮੀਟਰ ਹੈ ਅਤੇ ਲੋਕ ਨਿਰਮਾਣ ਵਿਭਾਗ ਕੋਲ ਲੋੜੀਂਦਾ ਰਸਤਾ ਉਪਲੱਬਧ ਹੈ, ਇਸ ਲਈ ਪ੍ਰੋਜੈਕਟ ਵਾਸਤੇ ਜ਼ਮੀਨ ਐਕਵਾਇਰ ਕਰਨ ਦੀ ਲੋੜ ਨਹੀਂ ਹੈ।ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਕੁੱਲ ਸਿਵਲ ਲਾਗਤ 61.24 ਕਰੋੜ ਰੁਪਏ ਹੈ ਅਤੇ ਉਪਯੋਗਤਾ ਤਬਦੀਲੀ (ਜ਼ੰਗਲਾਤ ਜ਼ਮੀਨ ਨੂੰ ਮੋੜਨਾ, ਰੁੱਖਾਂ ਦੀ ਕਟਾਈ, ਬਿਜ਼ਲੀ ਅਤੇ ਹੋਰਾਂ ਸਮੇਤ) ਦੀ ਲਾਗਤ 8.43 ਕਰੋੜ ਰੁਪਏ ਹੈ।ਇਸ ਤਰਾਂ ਕੁੱਲ ਲਾਗਤ 70 ਕਰੋੜ ਰੁਪਏ ਦੇ ਕਰੀਬ ਆਵੇਗੀ।
ਰਮਦਾਸ ਨੇ ਦੱਸਿਆ ਕਿ ਇਹ ਦੋ ਮਹੱਤਵਪੂਰਨ ਜ਼ਿਲ੍ਹੇ ਪੁਰਾਣੇ ਰਾਸ਼ਟਰੀ ਮਾਰਗ ਦੁਆਰਾ ਜੁੜੇ ਹੋਏ ਸਨ ਅਤੇ ਹੁਣ ਇਸ ਮਾਰਗ ਨੂੰ ਅੰਮ੍ਰਿਤਸਰ-ਬਠਿੰਡਾ ਮਾਰਗ (ਐਨ.ਐਚ-54) ਰਾਹੀਂ ਬਾਈਪਾਸ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਨਵੀਂ ਸੜਕ ਬਣਨ ਤੋਂ ਬਾਅਦ ਵੀ ਇਸ ਮਾਰਗ ’ਤੇ ਆਵਾਜਾਈ ਕਈ ਗੁਣਾਂ ਵਧ ਗਈ ਹੈ ਅਤੇ ਇਸ ਮਾਰਗ ’ਤੇ ਮੌਜ਼ੂਦਾ ਆਵਾਜਾਈ 50,000 ਪੀ.ਸੀ.ਯੂ ਦੇ ਕਰੀਬ ਹੈ।ਇਸ ਮਾਰਗ ਦਾ ਆਪਣਾ ਮਹੱਤਵ ਹੈ, ਕਿਉਂਕਿ ਇਸ ’ਤੇ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਸਥਿਤ ਹਨ।
ਰਮਦਾਸ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਮਾਰਗ ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ ਦੇ ਮਾਸਟਰ ਪਲਾਨ ਅਧੀਨ ਵੀ ਆਉਂਦਾ ਹੈ।ਇਸ ਸੜਕ ’ਤੇ ਝੋਨੇ ਦੀ ਪ੍ਰੋਸੈਸਿੰਗ ਦੇ ਮੈਗਾ ਯੂਨਿਟ ਅਤੇ ਕਈ ਰਾਈਸ ਮਿੱਲਾਂ ਸਥਿਤ ਹਨ ਅਤੇ ਇਹ ਅੰਮ੍ਰਿਤਸਰ ਦੇ ਨਾਲ-ਨਾਲ ਤਰਨਤਾਰਨ ਦੀਆਂ ਵੱਡੀਆਂ ਅਨਾਜ ਮੰਡੀਆਂ ਲਈ ਪਹੁੰਚ ਮਾਰਗ ਵਜੋਂ ਵੀ ਕੰਮ ਕਰਦਾ ਹੈ।ਉਨਾਂ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵਲੋਂ ਹਾਲ ਹੀ ਵਿੱਚ ਲੈਵਲ ਕਰਾਸਿੰਗ ਏ-12 ’ਤੇ ਐਮ.ਆਰ.ਟੀ.ਐਂਡ.ਐਚ ਦੇ ਫੰਡਾਂ ਨਾਲ ਇੱਕ ਨਵਾਂ ਰੇਲਵੇ ਓਵਰ ਬ੍ਰਿ (ਆਰ.ਓ.ਬੀ.) ਬਣਾਇਆ ਗਿਆ ਹੈ ਅਤੇ ਇਸ ਮਾਰਗ ’ਤੇ ਲੈਵਲ ਕਰਾਸਿੰਗ ਏ-25 ’ਤੇ ਇੱਕ ਹੋਰ ਆਰ.ਓ.ਬੀ ਜਲਦੀ ਹੀ ਇਸ ਪ੍ਰੋਜੈਕਟ ਵਜੋਂ ਸ਼ੁਰੂ ਹੋਣ ਜਾ ਰਿਹਾ ਹੈ, ਜੋ ਟੈਂਡਰ ਪ੍ਰਕਿਰਿਆ ਅਧੀਨ ਹੈ।
Punjab Post Daily Online Newspaper & Print Media