7 ਪਿੰਡਾਂ ਦੇ ਛੱਪੜਾਂ ਲਈ 2 ਕਰੋੜ ਰੁਪਏ ਦੀ ਰਾਸ਼ੀ ਜਾਰੀ
ਅਜਨਾਲਾ, 8 ਮਾਰਚ (ਪੰਜਾਬ ਪੋਸਟ ਬਿਊਰੋ) – ਕੈਬਿਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਅਜਨਾਲਾ ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਰਹੇ ਹਨ, ਨੇ ਹੁਣ ਪਿੰਡਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਕੋਸ਼ਿਸ਼ਾਂ ਸ਼ੂਰੂ ਕਰ ਦਿੱਤੀਆਂ ਹਨ।ਇਸੇ ਪਹਿਲ ਤਹਿਤ ਅੱਜ ਉਹਨਾਂ ਨੇ ਸੱਤ ਪਿੰਡਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਦੋ ਕਰੋੜ ਰੁਪਏ ਦੇ ਕਰੀਬ ਰਾਸ਼ੀ ਜਾਰੀ ਕੀਤੀ ਹੈ। ਉਹਨਾਂ ਕਿਹਾ ਕਿ ਬੀਤੇ ਸਮੇਂ ਦੀਆਂ ਸਰਕਾਰਾਂ ਵਲੋਂ ਕੀਤੀ ਅਣਦੇਖੀ ਕਾਰਨ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ‘ਤੇ ਪਿੰਡਾਂ ਦੀਆਂ ਗਲੀਆਂ ਅਤੇ ਕਈ ਲੋਕਾਂ ਦੇ ਘਰਾਂ ਤੱਕ ਵੀ ਇਹ ਗੰਦਾ ਪਾਣੀ ਪਹੁੰਚ ਗਿਆ।ਪਿੰਡਾਂ ਵਿੱਚ ਬਿਮਾਰੀਆਂ ਪੈਦਾ ਹੋਣ ਦ ਮੁੱਖ ਕਾਰਨ ਪਾਣੀ ਦੀ ਸਮੱਸਿਆ ਨੂੰ ਹੁਣ ਪੱਕੇ ਤੌਰ ‘ਤੇ ਹੱਲ ਕਰ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਅੱਜ ਹਲਕੇ ਦੇ ਪਿੰਡ ਜਗਦੇਵ ਖੁਰਦ ਪੰਜ਼ ਗਰਾਈ ਨਿਜਰਾਂ, ਕੋਟ ਕੇਸਰਾ ਸਿੰਘ, ਤਲਵੰਡੀ ਭੰਗਵਾਂ, ਫੱਤੇਵਾਲ ਛੋਟਾ, ਵਿਛੋਵਾ ਅਤੇ ਨਾਸਰ ਨੂੰ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਕਰੀਬ ਦੋ ਕਰੋੜ ਰੁਪਏ ਜਾਰੀ ਕੀਤੇ ਗਏ ਹਨ।ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜਗਦੇਵ ਖੁਰਦ ਪਿੰਡ ਦਾ ਕਮਿਊਨਟੀ ਹਾਲ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ।ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਹੈ ਉਹ ਕਰਕੇ ਵਿਖਾਇਆ ਅਤੇ ਦੋ ਸਾਲਾਂ ਦੀ ਸਰਕਾਰ ਨੇ ਕੰਮਾਂ ਪੱਖੋਂ ਇਤਿਹਾਸ ਸਿਰਜਿਆ ਹੈ ਅਤੇ ਅਜੇ ਸਾਡੇ ਕੋਲ ਬਹੁਤ ਸਮਾਂ ਬਾਕੀ ਹੈ, ਜਿਸ ਨਾਲ ਰਹਿੰਦੇ ਕੰਮ ਪੂਰੇ ਕਰ ਦਿੱਤੇ ਜਾਣਗੇ।
ਉਹਨਾਂ ਨਾਲ ਖੁਸ਼ਪਾਲ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਢਿੱਲੋਂ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਓ.ਐਸ.ਡੀ ਗੁਰਜੰਟ ਸਿੰਘ ਸੋਹੀ, ਬੀ.ਡੀ.ਪੀ.ਓ ਅਜਨਾਲਾ ਸੁਖਜੀਤ ਸਿੰਘ ਬਾਜਵਾ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਵਿੰਦਰ ਸਿੰਘ ਬੱਲ, ਗੁਰਬਿੰਦਰ ਸਿੰਘ ਗਿੱਲ ਜਗਦੇਵ ਖੁਰਦ, ਮਾਸਟਰ ਗੁਰਪ੍ਰੀਤ ਸਿੰਘ ਗੋਪਾ ਗਿੱਲ, ਸਰਪੰਚ ਚਰਨਜੀਤ ਸਿੰਘ ਨਾਸਰ, ਬਲਵਿੰਦਰ ਸਿੰਘ ਨਾਸਰ ਲਾਡਾ, ਸਾਬਕਾ ਸਰਪੰਚ ਧਰਮਿੰਦਰ ਸਿੰਘ ਲਾਡਾ ਨਾਸਰ, ਨਰਿੰਦਰ ਸਿੰਘ ਜਗਦੇਵ ਖੁਰਦ, ਜਸਪਾਲ ਸਿੰਘ ਜਗਦੇਵ ਖੁਰਦ ਤੇ ਹੋਰ ਪਤਵੰਤੇ ਹਾਜ਼ਰ ਸਨ।