Sunday, July 26, 2026

23 ਵਾਂ ਰਾਸ਼ਟਰੀ ਰੰਗਮੰਚ ਉਤਸਵ 2024 ਦਾ ਦੂਜਾ ਦਿਨ – ਨਾਟਕ ‘ਨੰਗਾ ਰਾਜਾ’ ਦਾ ਮੰਚਣ

ਅੰਮ੍ਰਿਤਸਰ, 22 ਅਪ੍ਰੈਲ (ਦੀਪ ਦਵਿੰਦਰ ਸਿੰਘ) – ਸਥਾਨਕ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ 23 ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ ਦੂਜੇ ਦਿਨ ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਦੀ ਟੀਮ ਵਲੋਂ ਅਲੱਖਨੰਦਨ ਦਾ ਲਿਖਿਆ ਅਤੇ ਵਿਸ਼ੂ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ ‘ਨੰਗਾ ਰਾਜਾ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਨਾਟਕ ਨੰਗਾ ਰਾਜਾ ਅਸਲ ਵਿੱਚ ਅਲਖਨੰਦਨ ਦੁਆਰਾ ਲਿਖੇ ਹਾਸਰਸ ਹਿੰਦੀ ਨਾਟਕ ਉਜਬਕ ਰਾਜਾ ਤੀਨ ਡਕੈਤ ਦਾ ਪੰਜਾਬੀ ਰੂਪਾਂਤਰ ਹੈ।ਇਸ ਨਾਟਕ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਨਿਰਦੇਸ਼ਨ ਵਿਸ਼ੂ ਸ਼ਰਮਾ ਨੇ ਕੀਤਾ ਹੈ। ਨਾਟਕ ਵਿਅੱਰਥ ਅਤੇ ਮੂਰਖ ਰਾਜੇ ਦੀ ਗਾਥਾ ਹੈ, ਜੋ ਆਪਣੇ ਕੱਪੜੇ ਪਹਿਨਣ ਅਤੇ ਦਿਖਾਉਣ ਤੋਂ ਇਲਾਵਾ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕਰਦਾ।ਉਸ ਨੂੰ ਨਹੀਂ ਪਤਾ ਕਿ ਉਸਦੇ ਰਾਜ ਵਿੱਚ ਕੀ ਹੋ ਰਿਹਾ ਹੈ।ਇਸ ਦੌਰਾਨ, ਤਿੰਨ ਡਕੈਤ ਇਹ ਜਾਣਨ ਤੋਂ ਬਾਅਦ ਰਾਜਾ ਨੂੰ ਮਿਲਦੇ ਹਨ ਕਿ ਉਸਨੂੰ ਆਪਣਾ ਨਵਾਂ ਪਹਿਰਾਵਾ ਤਿਆਰ ਕਰਨ ਲਈ ਅੰਤਰਰਾਸ਼ਟਰੀ ਦਰਜ਼ੀ ਦੀ ਜ਼ਰੂਰਤ ਹੈ।ਉਹ ਆਪਣੇ ਆਪ ਨੂੰ ਰਾਜੇ ਦੇ ਸਾਹਮਣੇ ਅੰਤਰਰਾਸ਼ਟਰੀ ਦਰਜ਼ੀ ਵਜੋਂ ਪੇਸ਼ ਕਰਦੇ ਹਨ।ਉਹ ਉਸ ਨਾਲ ਵਾਅਦਾ ਕਰਦੇ ਹਨ ਕਿ ਉਹ ਜਾਦੂਈ ਸੂਟ ਤਿਆਰ ਕਰਨਗੇ, ਜੋ ਰੰਗਾਂ ਨਾਲ ਭਰਪੂਰ, ਆਕਰਸ਼ਕ ਅਤੇ ਅਦਿੱਖ ਹੋਵੇਗਾ।ਇਹ ਮੂਰਖ ਲੋਕਾਂ ਨੂੰ ਦਿਖਾਈ ਨਹੀਂ ਦੇਵੇਗਾ।ਇਹ ਸੁਣ ਕੇ ਰਾਜਾ ਉਨ੍ਹਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਹਿਰਾਵਾ ਤਿਆਰ ਕਰਨ ਦੀ ਇਜਾਜ਼ਤ ਦਿੰਦਾ ਹੈ।
ਅੰਤ ‘ਚ, ਉਹ ਰਾਜੇ ਨੂੰ ਦੱਸਦੇ ਨੇ ਕਿ ਜਾਦੂ ਦਾ ਸੂਟ ਬਣ ਕੇ ਤਿਆਰ ਹੋ ਗਿਆ ਹੈ ਅਤੇ ਉਹ ਰਾਜੇ ਨੂੰ ਸੂਟ ਪਵਾਉਣ ਦਾ ਸਿਰਫ਼ ਨਾਟਕ ਕਰਦੇ ਹਨ।ਨਵੇਂ ਕੱਪੜੇ ਪਾ ਕੇ ਉਹ ਦੂਜੇ ਰਾਜੇ ਨੂੰ ਮਿਲਣ ਲਈ ਜਾਂਦਾ ਹੈ ਜੋ ਉਸ ਨੂੰ ਮਿਲਣ ਆਇਆ ਹੈ।ਉਸ ਨੂੰ ਨੰਗਾ ਦੇਖ ਕੇ ਦੂਜੇ ਰਾਜੇ ਪੁੱਛਦੇ ਹਨ ਕਿ ਉਸ ਨੇ ਕੋਈ ਕੱਪੜੇ ਕਿਉਂ ਨਹੀਂ ਪਹਿਨੇ ਹੋਏ। ਪਹਿਲਾ ਰਾਜਾ ਜਵਾਬ ਦਿੰਦਾ ਹੈ ਕਿ ਇਹ ਜਾਦੂਈ ਸੂਟ ਹੈ, ਸਿਰਫ ਬੁੱਧੀਮਾਨ ਲੋਕ ਹੀ ਇਸ ਨੂੰ ਦੇਖ ਸਕਦੇ ਹਨ। ਇਹਨੂੰ ਮੂਰਖ਼ ਲੋਕ ਨਹੀਂ ਦੇਖ ਸਕਦੇ।ਨਾਟਕ ਦੇ ਅੰਤ ਵਿੱਚ ਰਾਜੇ ਨੂੰ ਪਤਾ ਲੱਗਦਾ ਹੈ ਕਿ ਤਿੰਨ ਡਕੈਤਾਂ ਨੇ ਉਸਨੂੰ ਮੂਰਖ ਬਣਾਇਆ ਅਤੇ ਜਾਦੂਈ ਸੂਟ ਦੇ ਨਾਮ ’ਤੇ ਬਹੁਤ ਸਾਰਾ ਪੈਸਾ ਲੈ ਲਿਆ।ਨਾਟਕ ਨੇ ਮਲਟੀਨੈਸ਼ਨਲ ਦੇ ਪਸਾਰ ਬਾਰੇ ਵਿਅੰਗਮਈ ਸ਼ੈਲੀ ਵਿੱਚ ਵੀ ਗੱਲ ਕੀਤੀ ਹੈ।ਨਾਟਕ ਵਿੱਚ ਵਿਅੰਗ ਨਾਲ ਗੱਲ ਕੀਤੀ ਗਈ ਕਿ ਕਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਲੋਕ ਸਾਡੇ ਦੇਸ਼ ਵਿੱਚ ਆ ਕੇ ਸਭ ਕੁੱਝ ਲੁੱਟ ਲੈਂਦੇ ਹਨ ਅਤੇ ਦੇਸ਼ ਦੀ ਵਾਗਡੋਰ ਵੀ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੰਦੇ ਹਨ।ਇਸ ਨਾਟਕ ਦੇ ਪਾਤਰ ਵਿਸ਼ੂ ਸ਼ਰਮਾ, ਗੁਰਦਿੱਤਪਾਲ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਵਿਸ਼ਾਲ, ਮਨਜਿੰਦਰ ਸਿੰਘ, ਮੋਹਿਤ ਅਤੇ ਹਰਦੀਪ ਸਿੰਘ ਵਲੋਂ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਵਿੱਚ ਰੋਸ਼ਨੀ ਦਾ ਪ੍ਰਭਾਵ ਗਗਨਦੀਪ ਸਿੰਘ ਵਲੋਂ ਦਿੱਤਾ ਗਿਆ।
ਇਸ ਮੌਕੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਪਵਨਦੀਪ, ਰਮਾ ਸੇਖੋਂ, ਗਾਇਕ ਹਰਿੰਦਰ ਸੋਹਲ, ਗੁਰਤੇਜ ਮਾਨ ਆਦਿ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …