Sunday, May 12, 2024

ਖ਼ਾਲਸਾ ਕਾਲਜ ਲਾਅ ਦੀ ਕਨਵੋਕੇਸ਼ਨ ਦੌਰਾਨ 370 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਕਾਨੂੰਨੀ ਪੇਸ਼ੇ ’ਚ ਇਮਾਨਦਾਰੀ ਜਰੂਰੀ – ਜਸਟਿਸ ਪੁਰੀ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਸਾਲਾਨਾ ਡਿਗਰੀ ਵੰਡ ਸਮਾਰੋਹ ਦੌਰਾਨ 370 ਵਿਦਿਆਰਥੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਵੱਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਜਸਟਿਸ ਪੁਰੀ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਕਾਨੂੰਨੀ ਪੇਸ਼ੇ ’ਚ ਇਮਾਨਦਾਰੀ ਸਭ ਤੋਂ ਜਰੂਰੀ ਹੈ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ’ਚ ਵਕੀਲਾਂ ਦੀ ਅਹਿਮ ਭੂਮਿਕਾ ਹੁੰਦੀ ਹੈ।ਉਨ੍ਹਾਂ ਆਪਣੇ ਕਾਨਵੋਕੇਸ਼ਨ ਭਾਸ਼ਣ ਮੌਕੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਫ਼ਲਤਾ ਦੇ ਪੰਜ਼ ਮੰਤਰ ਦਿੰਦਿਆਂ ਕਿਹਾ ਕਿ ਵਕੀਲਾਂ ਵਾਸਤੇ ਹਰੇਕ ਨਵਾਂ ਕੇਸ ਨਵੀਂ ਚੁਣੌਤੀ ਲੈ ਕੇ ਆਉਂਦਾ ਹੈੈ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਕੇਸ ਨੂੰ ਸਹੀ ਦਿਸ਼ਾ ’ਚ ਲਿਜਾਣ ਲਈ ਇਸ ਦੇ ਹਰ ਇਕ ਪਹਿਲੂ ਦਾ ਬਾਰੀਕੀ ਨਾਲ ਅਧਿਐਨ ਕੀਤਾ ਜਾਵੇ।ਉਨ੍ਹਾਂ ਨੇ ਮਿਹਨਤ, ਸੂਝਵਾਨ ਦ੍ਰਿਸ਼ਟੀ, ਇਮਾਨਦਾਰੀ ਅਤੇ ਸਹੀ ਮਾਨਸਿਕ ਸੰਤੁਲਨ ਕਾਇਮ ਰੱਖਣ ਵਰਗੇ ਗੁਣਾਂ ਦਾ ਜ਼ਿਕਰ ਕਰਦਿਆਂ ਉਭਰਦੇ ਵਕੀਲਾਂ ਨੂੰ ਅਣਥੱਕ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।ਜਸਟਿਸ ਪੁਰੀ ਨੇ ਡਿਗਰੀ ਧਾਰਕਾਂ ਨੂੰ ਕਿਹਾ ਕਿ ਕਾਨੂੰਨੀ ਕਿੱਤਾ ਸਿਰਫ਼ ਇਕ ਕੈਰੀਅਰ ਨਹੀਂ, ਸਗੋਂ ਇਕ ਨੇਕ ਕਾਰਜ਼ ਅਤੇ ਸੇਵਾ ਹੈ, ਕਿਉਂਕਿ ਇਸ ਸਦਕਾ ਹੀ ਸਮਾਜ ਦੇ ਹਰ ਵਰਗ ਨੂੰ ਇਨਸਾਫ਼ ਮਿਲਦਾ ਹੈ।ਆਨ. ਸਕੱਤਰ ਛੀਨਾ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਸਰਕਾਰ ਦੇ ਤਿੰਨ ਪ੍ਰਮੁੱਖ ਪਹੀਏ ਹਨ ਅਤੇ ਜਦੋਂ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਇਨਸਾਫ਼ ਦਿਵਾਉਣ ’ਚ ਅਸਫ਼ਲ ਰਹਿਣ ’ਤੇ ਆਮ ਇਨਸਾਨ ਲਈ ਅਦਾਲਤਾਂ ਹੀ ਅੰਤਿਮ ਸਹਾਰਾ ਹੁੰਦੀਆਂ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਚੀ ਸੁੱਚੀ ਸਖਸ਼ੀਅਤ ਦੇ ਮਾਲਕ ਬਣਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਚੁਣੌਤੀਪੂਰਨ ਅਤੇ ਨੇਕ ਪੇਸ਼ਾ ਚੁਣਿਆ ਹੈ।
ਇਸ ਤੋਂ ਪਹਿਲਾਂ ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕਰਨ ਉਪਰੰਤ ਕਾਲਜ ਦੀ ਪ੍ਰਗਤੀ ਰਿਪੋਰਟ ਪੜ੍ਹਦਿਆਂ ਵਿੱਦਿਅਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਕਾਲਜ ਨੂੰ ਮਾਣ ਹੈ ਕਿ ਉਨ੍ਹਾਂ ਦੇ ਸਾਬਕਾ ਵਿਦਿਆਰਥੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ (ਬਿਜਲੀ ਮੰਤਰੀ) ਈ.ਟੀ.ਓ ਹਰਭਜਨ ਸਿੰਘ ਵੀ ਇਕ ਆਮ ਵਿਦਿਆਰਥੀ ਵਜੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਲਈ ਆਏ ਹਨ।
ਇਸ ਮੌਕੇ ਐਡੀਸ਼ਨਲ ਐਡਵੋਕੇਟ ਜਨਰਲ ਕਰਨਜੀਤ ਸਿੰਘ, ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਦਲਜੀਤ ਸਿੰਘ (ਖਾਲਸਾ ਕਾਲਜ ਆਫ਼ ਲਾਅ ਦੇ ਸੰਸਥਾਪਕ ਪ੍ਰਿੰਸੀਪਲ) ਤੋਂ ਇਲਾਵਾ ਕੌਂਸਲ ਦੇ ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਪਰਮਜੀਤ ਸਿੰਘ ਬੱਲ, ਲਖਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਨਾਨਕ ਸਿੰਘ, ਖ਼ਾਲਸਾ ਕਾਲਜ ਫ਼ਿਜ਼ੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਵਾਈਸ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ, ਖਾਲਸਾ ਸੰਸਥਾਵਾਂ ਦੇ ਹੋਰ ਪ੍ਰਿੰਸੀਪਲ ਅਤੇ ਸੀਨੀਅਰ ਫੈਕਲਟੀ ਮੈਂਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਪ੍ਰੀਖਿਆ ’ਚ ਹਾਸਲ ਕੀਤੇ ਵਜ਼ੀਫੇ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …