ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੰਗਨਾ ਰਣੌਤ
ਵਲੋਂ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨੂੰ ਨਿਸ਼ਾਨੇ ‘ਤੇ ਲੈ ਕੇ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰਨਾ ਬੇਹੱਦ ਮੰਦਭਾਗਾ ਅਤੇ ਦੁੱਖਦਾਈ ਹੈ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਹਵਾਈ ਅੱਡੇ ’ਤੇ ਇੱਕ ਪੰਜਾਬੀ ਸੁਰੱਖਿਆ ਕਰਮੀ ਨਾਲ ਹੋਈ ਬਹਿਸਬਾਜ਼ੀ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕੰਗਨਾ ਰਣੌਤ ਵਲੋਂ ਪੰਜਾਬੀਆਂ ਵਿਰੁੱਧ ਨਫ਼ਰਤੀ ਟਿੱਪਣੀ ਕਰਨਾ ਉਸ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ।ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦਾ ਇਹ ਕਹਿਣਾ ਕਿ ਪੰਜਾਬ ਵਿੱਚ ਅੱਤਵਾਦ ਵਧ ਰਿਹਾ ਹੈ, ਇਹ ਉਸ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਦਕਿ ਸੱਚ ਇਹ ਹੈ ਕਿ ਉਸ ਵਲੋਂ ਆਪਣੀ ਜ਼ੁਬਾਨ ਰਾਹੀਂ ਫੈਲਾਇਆ ਜਾ ਰਿਹਾ ਅਤਿਵਾਦ ਦੇਸ਼ ਦੇ ਮਹੌਲ ਨੂੰ ਦੂਸ਼ਿਤ ਕਰ ਰਿਹਾ ਹੈ।
ਐਡਵੋਕੇਟ ਧਾਮੀ ਨੇ ਆਖਿਆ ਕਿ ਕੰਗਨਾ ਰਣੌਤ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅੱਜ ਦੇਸ਼ ਦਾ ਬਹੁ-ਕੌਮੀ ਤੇ ਬਹੁ-ਭਾਸ਼ਾਈ ਸੱਭਿਆਚਾਰ ਜ਼ਿੰਦਾ ਹੈ ਤਾਂ ਉਸ ਪਿੱਛੇ ਪੰਜਾਬੀਆਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਹਨ।ਐਡਵੋਕੇਟ ਧਾਮੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੰਗਨਾ ਰਣੌਤ ਨੂੰ ਜ਼ਾਬਤੇ ਵਿੱਚ ਰਹਿਣ ਦਾ ਪਾਠ ਪੜ੍ਹਾਉਣ ਅਤੇ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਉਣ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਚੰਡੀਗੜ੍ਹ ਦੇ ਹਵਾਈ ਅੱਡੇ ‘ਤੇ ਵਾਪਰੀ ਘਟਨਾ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media