Saturday, December 21, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ ਰੈਂਕਿੰਗ ‘ਚ ਅੱਗੇ

ਅੰਮ੍ਰਿਤਸਰ, 15 ਜੂਨ (ਸੁਬਬੀਰ ਸਿੰਘ ਖੁਰਮਣੀਆਂ) – ਲਗਭਗ ਪਿਛਲੇ ਸੱਤ ਸਾਲਾਂ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਫਾਂ ‘ਤੇ ਅਕਸ ਲਗਾਤਾਰ ਉਚਾਈ ਵੱਲ ਗਿਆ ਹੈ ਅਤੇ ਵੱਖ ਵੱਖ ਰੈਂਕਿੰਗ ਪ੍ਰਦਾਨ ਕਰਨ ਵਾਲੇ ਅਦਾਰਿਆਂ ਵੱਲੋਂ ਯੂਨੀਵਰਸਿਟੀ ਨੂੰ ਓਵਰਆਲ ਜਾਂ ਕਿਸੇ ਖਾਸ ਖੇਤਰ ਵਿਚ ਮੂਹਰਲੀ ਕਤਾਰ ਵਿਚ ਹੀ ਰੱਖਿਆ ਗਿਆ ਹੈ।ਇਸੇ ਪਰੰਪਰਾ ਨੂੰ ਕਾਇਮ ਰੱਖਦਿਆਂ ਇਕ ਹੋਰ ਅਹਿਮ ਪ੍ਰਾਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੱਸੇ ਆਈ ਹੈ।ਹੁਣੇ ਜਿਹੇ ਹੋਏ `ਦਿ ਵੀਕ-ਹੰਸਾ ਖੋਜ ਸਰਵੇਖਣ 2024` ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਚੋਟੀ ਦੀਆਂ 15 ਸਰਵੋਤਮ ਯੂਨੀਵਰਸਿਟੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।ਇਸ ਸਰਵੇਖਣ ਵਿੱਚ 2017 ਵਿੱਚ ਯੂਨੀਵਰਸਿਟੀ ਦਾ 23ਵਾਂ ਸਥਾਨ ਸੀ, ਜੋ ਹੁਣ 2024 ਵਿੱਚ 15ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਰਾਜ ਫੰਡ ਪ੍ਰਾਪਤ ਬਹੁ-ਅਨੁਸ਼ਾਸਨੀ ਯੂਨੀਵਰਸਿਟੀ ਦੇ ਵਰਗ ਵਿਚ ਇਹ ਯੂਨੀਵਰਸਿਟੀ ਪੰਜਾਬ ਰਾਜ ਵਿੱਚ 2017 ਵਿੱਚ 14ਵੇਂ ਸਥਾਨ ਤੋਂ 2024 ਵਿੱਚ 7ਵੇਂ ਸਥਾਨ `ਤੇ ਪਹੁੰਚਣ ਵਾਲੀ ਇੱਕੋ ਇੱਕ ਯੂਨੀਵਰਸਿਟੀ ਬਣੀ ਹੈ। ਅਕਾਦਮਿਕਤਾ, ਖੋਜ, ਪੇਸ਼ੇਵਰਤਾ, ਉਚ ਪਾਠਕ੍ਰਮ ਅਤੇ ਵਿਦਿਆਰਥੀਆਂ ਲਈ ਪਾਠਕ੍ਰਮ ਤੋਂ ਵਧੀਕ ਉਸਾਰੂ ਗਤੀਵਿਧੀਆਂ ਲਈ ਮੌਕੇ ਪ੍ਰਦਾਨ ਕਰਨ ਵਿਚ ਇਸ ਦਾ ਉੱਚ ਗੁਣਵਤਾ ਅਤੇ ਅਨੁਕੂਲ ਵਾਤਾਵਰਣ ਇਸ ਦੀ ਸਫਲਤਾ ਦਾ ਮੁੱਖ ਚਿੰਨ੍ਹ ਰਿਹਾ ਹੈ।
ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਇਸ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਦੇ ਫੈਕਲਟੀ, ਖੋਜਾਰਥੀਆਂ ਅਤੇ ਸਟਾਫ਼ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ, ਖੋਜਾਰਥੀ, ਅਧਿਆਪਕ, ਸਟਾਫ ਅਤੇ ਹੋਰ ਮੈਂਬਰਾਂ ਦੇ ਸੁਹਿਰਦ ਅਤੇ ਨਿਰੰਤਰ ਯਤਨਾਂ ਸਦਕਾ ਹੀ ਅਜਿਹੀਆਂ ਪ੍ਰਾਪਤੀਆਂ ਅਤੇ ਵਡਿਆਈਆਂ ਯੂਨੀਵਰਸਿਟੀ ਦੇ ਹਿੱਸੇ ਆਉਂਦੀਆਂ ਹਨ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਤਰੀ ਖੇਤਰ (ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼) ਦੀ ਇਕੋ-ਇੱਕ ਮਲਟੀ ਸਪੈਸ਼ਅਲਟੀ ਸਟੇਟ ਯੂਨੀਵਰਸਿਟੀ ਹੈ, ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਨਾਮ ਅਤੇ ਪ੍ਰਸਿੱਧੀ ਕਮਾਉਣ ਲਈ ਮਿਆਰੀ ਅਕਾਦਮਿਕ, ਖੋਜ ਅਤੇ ਪਾਠਕ੍ਰਮ ਦੀਆਂ ਗਤੀਵਿਧੀਆਂ ਨੂੰ ਉੱਚਾ ਚੁੱਕਣ ਲਈ ਅਤਿ-ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਪਿਛਲੇ 7 ਸਾਲਾਂ ਦੌਰਾਨ ਸਰਬਪੱਖੀ ਯਤਨ ਕੀਤੇ ਗਏ ਹਨ।
ਉਨ੍ਹਾਂ ਯੂਨੀਵਰਸਿਟੀ ਦੀਆਂ ਹੋਰ ਪ੍ਰਾਪਤੀਆਂ ਦੀ ਗੱਲ ਕਰਦਿਆਂ ਕਿਹਾ ਕਿ ਗੁਣਵੱਤਾ ਖੋਜ ਨੇ ਸਕੋਪਸ ਵਿੱਚ ਸਿਖਰਲੇ 10 ਪ੍ਰਤੀਸ਼ਤ ਉੱਚ ਦਰਜੇ ਦੇ ਪੇਪਰਾਂ ਦੇ ਨਾਲ ਯੂਨੀਵਰਸਿਟੀ ਦੇ ਐਚ-ਇੰਡੈਕਸ ਨੂੰ 64 ਤੋਂ 146 ਤੱਕ ਸੁਧਾਰਿਆ ਹੈ।ਹਾਲੀਆ ਅੰਤਰਰਾਸ਼ਟਰੀ ਦਰਜਾਬੰਦੀ ਵਿੱਚ, ਸਟੱਡੀ ਅਬਰੌਡ ਏਡ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਵੋਤਮ ਮੁੱਲ ਦੀਆਂ ਯੂਨੀਵਰਸਿਟੀਆਂ ਦੀ ਵਿਸ਼ਵ ਦਰਜ਼ਾਬੰਦੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਭਰ ਦੀਆਂ ਚੋਟੀ ਦੀਆਂ 23 ਫੀਸਦ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਕੀਤਾ ਗਿਆ ਹੈ। ਨਾਲ ਹੀ, ਉਨ੍ਹਾਂ ਕਿਹਾ ਕਿ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਨੇ ਯੂਨੀਵਰਸਿਟੀ ਨੂੰ 2024 ਵਿੱਚ ਵਿਸ਼ਵ ਦੀਆਂ ਚੋਟੀ ਦੀਆਂ 9.3 ਫੀਸਦ ਯੂਨੀਵਰਸਿਟੀਆਂ ਵਿੱਚ ਦਰਜ਼ ਕੀਤਾ ਹੈ।ਇਸ ਦੀ ਐਨ.ਆਈ.ਆਰ.ਐਫ ਰੈਂਕਿੰਗ ‘ਚ 48ਵਾਂ ਸਥਾਨ ਯੂਨੀਵਰਸਿਟੀ ਨੂੰ ਦੇਸ਼ ਵਿੱਚ ਉੱਚ ਗੁਣਵੱਤਾ ਵਾਲੇ ਉੱਚ ਵਿਦਿਅਕ ਅਦਾਰੇ ਦੇ ਇਲੀਟ ਕਲੱਬ ਦਾ ਇੱਕ ਹਿੱਸਾ ਬਣਾਉਂਦੀ ਹੈ। ਨੈਕ ਵੱਲੋਂ ਯੂਨੀਵਰਸਿਟੀ ਨੂੰ “ਏ++” ਗ੍ਰੇਡ (ਉੱਚ ਪੱਧਰ) `ਤੇ 4 ਪੁਆਇੰਟ ਸਕੇਲ `ਤੇ 3.85 ਦੇ ਸੀ.ਜੀ.ਪੀ.ਏ ਨਾਲ ਮਾਨਤਾ ਦਿੱਤੀ ਹੈ ਅਤੇ ਯੂ.ਜੀ.ਸੀ ਵੱਲੋਂ ਯੂਨੀਵਰਸਿਟੀ ਨੂੰ ‘ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ’ ਦੇ ਦਰਜ਼ੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਯੂਨੀਵਰਸਿਟੀ ਦੀਆਂ ਬੇਮਿਸਾਲ ਪ੍ਰਾਪਤੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਦਿਖਾਈ ਦਿੰਦੀਆਂ ਹਨ, ਜੋ ਕਿ ਯੂਨੀਵਰਸਿਟੀ ਨੂੰ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਉਭਾਰਦੀਆਂ ਹਨ।
ਇਸ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਬਹੁਤ ਲੰਮਾ ਹੈ ਅਤੇ ਪਿਛਲੇ ਲਗਪਗ ਸੱਤ ਸਾਲਾਂ ਤੋਂ ਯੂਨੀਵਰਸਿਟੀ ਦੀਆਂ ਖੋਜ, ਅਕਾਦਮਿਕਤਾ ਅਤੇ ਖੇਡਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਉਚ ਸਟੇਟਸ ਵਾਲੇ ਅਦਾਰਿਆਂ ਦੀ ਲੜੀ ਵਿੱਚ ਖੜ੍ਹਾ ਕਰ ਦਿੱਤਾ ਹੈ।ਇਸ ਨਾਲ ਜਿਥੇ ਰਾਜ ਦਾ ਨਾਂ ਰੌਸ਼ਨ ਹੋਇਆ ਹੈ, ਉਥੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਨਾਲ ਦੇਸ਼ ਵੀ ਮਾਣ ਮਹਿਸੂਸ ਕਰਦਾ ਹੈ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …