Sunday, December 22, 2024

‘ਭਾਰਤ ਪਾਕਿਸਤਾਨ ਸਬੰਧ’ ‘ਅਮਨ ਲਈ ਇਕ ਮੌਕਾ ਦਿਓ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ ਬਿਊਰੋ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ, ਹਿੰਦ-ਪਾਕਿ ਦੋਸਤੀ ਮੰਚ, ਸਾਫ਼ਮਾ, ਪਾਕਿਸਤਾਨ ਇੰਡੀਆ ਪੀਪਲਜ਼ ਫ਼ਾਰ ਪੀਸ ਐਂਡ ਡੈਮੋਕਰੇਸੀ, ਖ਼ਾਲਸਾ ਕਾਲਜ ਅੰਮ੍ਰਿਤਸਰ ਵਲੋਂ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਅਤੇ ਸਰਬਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਅੱਜ 29 ਵਾਂ ਹਿੰਦ-ਦੋਸਤੀ ਸੰਮੇਲਨ ਸਥਾਨਕ ਖਾਲਸਾ ਕਾਲਜ ਵਿਖੇ ਆਯੌਜਿਤ ਕਤਿਾ ਗਿਆ।‘ਭਾਰਤ ਪਾਕਿਸਤਾਨ ਸਬੰਧ’ ‘ਅਮਨ ਲਈ ਇਕ ਮੌਕਾ ਦਿਓ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਭ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਕਿਰਤੀ ਕਿਸਾਨਾਂ, ਮਜ਼ਦੂਰਾਂ ਦਾ ਭਲਾ ਦੋਹਾਂ ਦੇਸ਼ਾਂ ਦੇ ਵਿੱਚ ਚੰਗੇ ਸਬੰਧਾਂ ਨਾਲ ਹੀ ਹੱਲ ਹੋ ਸਕਦਾ ਹੈ।ਵੰਡ-ਸਮੇਂ ਉਜੜ ਕੇ ਆਏ ਲੋਕਾਂ ਲਈ ਟੈਂਟ, ਲੰਗਰ ਦਾ ਪ੍ਰਬੰਧ ਖਾਲਸਾ ਕਾਲਜ ਨੇ ਕੀਤਾ ਸੀ।ਇਮਤਿਹਾਨ ਨਾ ਹੋ ਸਕੇ ਪਰ ਵਿਦਿਆਰਥੀਆਂ ਨੂੰ ਸੇਵਾ ਦੀਆਂ ਡਿਗਰੀਆਂ ਦੇ ਦਿੱਤੀਆ।
ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਦੋਹਾਂ ਦੇਸ਼ਾਂ ’ਚ ਨਫ਼ਰਤ ਪੈਦਾ ਕਰਨ ਵਾਲੇ ਬਹੁਤ ਲੋਕ ਹਨ, ਪਰ ਵੱਡੀ ਗਿਣਤੀ ਅਮਨ ਚਾਹੁੰਦੀ ਹੈ।1995 ’ਚ ਅਕਾਦਮੀ ਨੇ ਜਥਬੰਦੀ ਕਾਇਮ ਕਰਕੇ ਅਮਨ ਸ਼ਾਂਤੀ ਲਈ ਯਤਨ ਸ਼ੁਰੂ ਕਰ ਦਿੱਤੇ।ਇਮਤਿਆਜ਼ ਆਲਮ, ਵਿਨੋਦ ਸ਼ਰਮਾ, ਕੁਲਦੀਪ ਨਈਅਰ, ਰਮੇਸ਼ ਯਾਦਵ ਤੇ ਉਨਾਂ ਖੁੱਦ ਸ਼ੁਰੂ ਤੋਂ ਹੁਣ ਤੱਕ ਦੋਹਾਂ ਦੇਸ਼ਾਂ, ਸਾਰਕ ਦੇਸ਼ਾਂ ਵਿਚਕਾਰ ਅਮਨ-ਸ਼ਾਂਤੀ ਲਈ ਕੰਮ ਕਰਨਾ ਸ਼ੁਰੂ ਕੀਤਾ।ਕਈ ਹਮ ਖਿਆਲੀ ਜੱਥੇਬੰਦੀਆਂ, ਕਲਾਕਾਰਾਂ ਨੇ ਸਾਥ ਦਿੱਤਾ।ਅਕਾਦਮੀ ਵਲੋਂ ‘ਪੰਜ਼-ਪਾਣੀ’ ਮੈਗਜ਼ੀਨ ਰੀਲੀਜ਼ ਕੀਤਾ ਗਿਆ।
ਸੀਨੀਅਰ ਪੱਤਰਕਾਰ ਵਿਨੋਦ ਸ਼ਰਮਾ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕ ਇਕੱਠੇ ਹੋਣਾ ਚਾਹੁੰਦੇ ਹਨ, ਪਰ ਸਰਕਾਰਾਂ ’ਤੇ ਕੁੱਝ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਦੋਹਾਂ ਦੇਸ਼ਾਂ ਦੇ ਲੋਕ ਇਕੱਠੇ ਹੋਣ।
ਹਿੰਦੀ ਸਤਯਾ ਚੈਨਲ ਦੇ ਪੱਤਰਕਾਰ ਆਸ਼ੂਤੋਸ਼ ਨੇ ਕਿਹਾ ਕਿ ਮੈਂ ਕਦੀ ਪਾਕਿਸਤਾਨ ਨਹੀਂ ਗਿਆ, ਪਰ ਪਿਛਲੇ 10 ਸਾਲਾਂ ’ਚ ਮੈਨੂੰ 10 ਹਜ਼ਾਰ ਵਾਰ ਪਾਕਿਸਤਾਨੀ ਸਮਰਥਕ ਕਿਹਾ ਗਿਆ।
ਇੰਡੀਆ ਟੂਡੇ ਦੇ ਪੱਤਰਕਾਰ ਜਾਵੇਦ ਅਨਸਾਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕ ਆਪਸ ’ਚ ਮਿਲਣਗੇ ਤਾਂ ਹੀ ਆਪਸੀ ਗ਼ਲਤ ਫ਼ਹਿਮੀਆਂ ਦੂਰ ਹੋਣਗੀਆਂ।
ਹਰਸ਼ ਮੰਦਰ ਨੇ ਕਿਹਾ ਕਿ ਪਾਕਿਸਤਾਨ ’ਚ ਆਪਣੇ ਘਰ ਗਏ ਤਾਂ ਉਨ੍ਹਾਂ ਨੂੰ ਬਹੁਤ ਭਰਪੂਰ ਪਿਆਰ ਤੇ ਸਤਿਕਾਰ ਮਿਲਿਆ।ਉਲਪਿੰਕ ਖੇਡਾਂ ’ਚ ਜੇਤੂ ਨੀਰਜ ਚੋਪੜਾ ਤੇ ਅਰਸ਼ਦ ਨਦੀਮ ਨੇ ਆਪਣੇ ਆਪਣੇ ਮੌਢੇ ‘ਤੇ ਆਪਣਾ ਝੰਡਾ ਰੱਖ ਕੇ ਪਿਆਰ ਨਾਲ ਹੱਥ ਮਿਲਾਏ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਵੰਡ ਦੇ ਦਰਦ ਨੂੰ ਸਿੱਖ, ਹਿੰਦੂ, ਮੁਸਲਮਾਨ ਅੱਜ ਵੀ ਨਹੀਂ ਭੁੱਲੇ।ਦੋਹਾਂ ਦੇਸ਼ਾਂ ’ਚ ਸੁੱਖ ਸ਼ਾਂਤੀ ਹੋਵੇ, ਵਪਾਰ ਦੀ ਖੁੱਲ ਹੋਵੇ।
ਸੋਸ਼ਲਿਸਟ ਪਾਰਟੀ ਇੰਡੀਆ ਦੇ ਆਗੂ ਸੰਦੀਪ ਪਾਂਡੇ ਨੇ ਕਿਹਾ ਕਿ ਮਾਰੂ ਹਥਿਆਰਾਂ ਦੀ ਦੌੜ ’ਚ ਅਮਨ ਭੰਗ ਹੁੰਦਾ ਹੈ ਤੇ ਜੰਗ ਦਾ ਮਾਹੌਲ ਬਣਦਾ ਹੈ।ਲੋਕਾਂ ਨੂੰ ਆਪਸ ’ਚ ਮਿਲਣ ਦੇਣਾ ਚਾਹੀਦਾ ਹੈ ਤਾਂ ਹੀ ਸ਼ਾਂਤੀ ਬਹਾਲ ਹੋਵੇਗੀ।
ਆਗਾਜ਼-ਏ-ਦੋਸਤੀ ਦੇ ਆਗੂ ਰਾਮ ਮੋਹਨ ਰਾਏ ਨੇ ਕਿਹਾ ਕਿ ਅਸੀਂ 12 ਪ੍ਰਦੇਸ਼ਾਂ ਤੋਂ ਹੁੰਦੇ ਹੋਏ ਆਗਾਜ਼-ਏ-ਦੋਸਤੀ ਦਾ ਕਾਫ਼ਲਾ ਲੈ ਕੇ ਚੱਲ ਰਹੇ ਹਾਂ।ਦੋਹਾਂ ਪਾਸਿਆਂ ਤੋਂ ਲੋਕ ਮੇਲ-ਮਿਲਾਪ ਚਾਹੁੰਦੇ ਹਨ।
ਕਿਸਾਨ ਅੰਦੋਲਨ ਦੇ ਧਾਕੜ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੈਂ ਪੰਜ ਸਾਲ ਦਾ ਸੀ।ਅਸੀਂ ਦਿੱਲੀ ‘ਚ ਕਿਸਾਨ ਅੰਦੋਲਨ ’ਚ ਜਿੱਤ ਕੇ ਆਏ ਹਾਂ।ਅੰਬਾਨੀਆਂ, ਅਡਾਨੀਆਂ ਨੇ ਹਰ ਚੀਜ਼ ‘ਤੇ ਕਬਜ਼ਾ ਕੀਤਾ ਹੋਇਆ ਹੈ।ਭਾਰਤ ਵਿੱਚ 3-4 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।
ਅੰਤ ‘ਚ ਸਮਾਗਮ ਵਿੱਚ ਪਹੁੰਚੇ ਸਮੂਹ ਜਥੇਬੰਦੀਆਂ ਦਾ ਧੰਨਵਾਦ ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕੀਤਾ।
ਸਮਾਗਮ ਦਾ ਐਲਾਨਨਾਮਾ ਫ਼ੋਕਲੋਰ ਰਿਸਰਚ ਅਕਾਦਮੀ ਦੀ ਸਕੱਤਰ ਕਮਲ ਗਿੱਲ ਨੇ ਪੜ੍ਹ ਕੇ ਸੁਣਾਇਆ। ਮੰਚ-ਸੰਚਾਲਨ ਸ਼ਾਇਰ ਸੁਰਜੀਤ ਜੱਜ ਨੇ ਕੀਤਾ।
ਸੈਮੀਨਾਰ ਤੋਂ ਬਾਅਦ ਪੰਜਾਬ ਨਾਟਸ਼ਾਲਾ ਵਿਖੇ ਸੰਸਾਰ ਪ੍ਰਸਿੱਧ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਅਤੇ ਹਿੰਦ-ਪਾਕਿ ਦੋਸਤੀ ਦਾ ਪੈਗਾਮ ਦੇਣ ਲਈ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਯਾਕੂਬ ਗਿੱਲ ਅਤੇ ਮਨਰਾਜ ਪਾਤਰ ਨੇ ਆਪਣੇ ਆਪਣੇ ਗੀਤ ਪੇਸ਼ ਕੀਤੇ।
ਇਸ ਮੌਕੇ ਦਿਲਬਾਗ ਸਿੰਘ ਸਰਕਾਰੀਆ, ਕਰਮਜੀਤ ਕੌਰ ਜੱਸਲ, ਜਸਵੰਤ ਰੰਧਾਵਾ, ਹਰਜੀਤ ਸਿੰਘ ਸਰਕਾਰੀਆ, ਹਰੀਸ਼ ਸਾਬਰੀ, ਧਰਵਿੰਦਰ ਔਲਖ, ਭੁਪਿੰਦਰ ਸਿੰਘ ਸੰਧੂ, ਐਸ ਪ੍ਰਸ਼ੋਤਮ, ਪੀ.ਐਲ ਉਨਆਲ, ਅਸ਼ੋਕ ਜੋਸ਼ੀ, ਓਂਕਾਰ ਸਿੰਘ ਰਾਜਾਤਾਲ, ਜਗਰੂਪ ਸਿੰਘ ਐਮਾ, ਗੁਰਜਿੰਦਰ ਬਘਿਆੜੀ, ਗੋਬਿੰਦ ਕੁਮਾਰ, ਡਾ. ਹੀਰਾ ਸਿੰਘ, ਮਨਜੀਤ ਸਿੰਘ ਧਾਲੀਵਾਲ, ਦਸਵਿੰਦਰ ਕੌਰ, ਅਮਰਜੀਤ ਸਿੰਘ ਆਸਲ, ਕਿਰਤੀ ਕਿਸਾਨ ਯੂਨੀਅਨ ਰਮਿੰਦਰ ਸਿੰਘ ਪਟਿਆਲਾ ਅਤੇ ਜਤਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਧਨਵੰਤ ਸਿੰਘ ਖ਼ਤਰਾਏ ਕਲਾ, ਜਮਹੂਰੀ ਕਿਸਾਨ ਸਭਾ ਸਤਨਾਮ ਸਿੰਘ ਅਜਨਾਲਾ, ਪੰਜਾਬ ਕਿਸਾਨ ਯੂਨੀਅਨ ਬਲਬੀਰ ਮੂਧਲ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਉਮਰਾਜ ਸਿੰਘ ਧਰਦਿਊ, ਪ੍ਰਿੰ. ਕੁਲਵੰਤ ਸਿੰਘ ਅਣਖੀ ਆਦਿ ਵੱਡੀ ਗਿਣਤੀ ‘ਚ ਅਮਨ ਪਸੰਦ ਲੋਕਾਂ ਨੇ ਸ਼ਿਰਕਤ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …