ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਮਦਨ ਕਰ ਵਲੋਂ ਕੀਤਾ ਗਿਆ ਸੈਮੀਨਾਰ
ਅੰਮ੍ਰਿਤਸਰ 16 ਫਰਵਰੀ (ਸੁਖਬੀਰ ਸਿੰਘ) – ਆਮਦਨ ਕਰ ਵਿਭਾਗ ਅੰਮ੍ਰਿਤਸਰ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੀ.ਡੀ.ਓਜ਼/ਜਿਲ੍ਹਾ ਅਧਿਕਾਰੀਆਂ ਨੂੰ ਆਮਦਨ ਕਰ ਸਬੰਧੀ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਐਡੀਸ਼ਨਲ ਕਮਿਸ਼ਨਰ ਆਮਦਨ ਕਰ ਰੇਂਜ-1 ਮਨਪ੍ਰੀਤ ਸਿੰਘ ਦੁੱਗਲ ਨੇ ਡੀ.ਡੀ.ਓਜ਼/ਜਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਹਰ ਵਿੱਤੀ ਵਰ੍ਹੇ ਦੌਰਾਨ ਅਧਿਕਾਰੀਆਂ ਵਲੋਂ ਮੁਲਾਜ਼ਮਾਂ ਨੂੰ ਆਮਦਨ ਕਰ ਸਬੰਧੀ 16 ਨੰਬਰ ਫਾਰਮ 31 ਮਈ ਤੱਕ ਮੁਹੱਈਆ ਕਰਵਾਉਣਾ ਜ਼ਰੂਰੀ ਹੁੰਦਾ ਹੈ।ਉਨਾਂ ਕਿਹਾ ਕਿ ਇਸ ਕੰਮ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਫਾਰਮ ਨੰਬਰ 16 ਅਤੇ 26 ਏ.ਐਸ ਦੋਨਾਂ ਫਾਰਮਾਂ ਵਿੱਚ ਸਮਾਨਤਾ ਹੋਣੀ ਚਾਹੀਦੀ ਹੈ।ਉਨਾਂ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਅਧਿਕਾਰੀਆਂ ਵਲੋਂ ਕਰਮਚਾਰੀਆਂ ਵਲੋਂ ਪੇਸ਼ ਕੀਤੇ ਗਏ ਦਸਤਾਵੇਜਾਂ ਦੀ ਮੁਕੰਮਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਕਈ ਕਰਮਚਾਰੀ ਗਲਤ ਜਾਣਕਾਰੀ ਦੇ ਕੇ ਆਪਣਾ ਟੈਕਸ ਬਚਾਉਣ ਦੀ ਕੋਸ਼ਿਸ਼ ਕਰਦੇ ਹਨ।ਦੁੱਗਲ ਨੇ ਕਿਹਾ ਕਿ ਹਰੇਕ ਵਿਭਾਗ ਵਲੋਂ ਕਰਮਚਾਰੀਆਂ ਦੀ ਤਿਮਾਹੀ ਆਮਦਨ ਕਰ ਸਬੰਧੀ ਰਿਪੋਰਟ ਜਮ੍ਹਾਂ ਕਰਵਾਉਣੀ ਜ਼ਰੂਰੀ ਹੁੰਦੀ ਹੈ।ਉਨਾਂ ਅਧਿਕਾਰੀਆਂ /ਕਰਮਚਾਰੀਆਂ ਨੂੰ ਇਕ ਪੀ.ਪੀ.ਟੀ ਰਾਹੀਂ ਆਮਦਨ ਕਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਆਮਦਨ ਕਰ ਮੈਡਮ ਗੁਲਜਰੀਨ ਅਖ਼ਤਰ ਨੇ ਕਿਹਾ ਕਿ ਗਲਤ ਤਰੀਕੇ ਨਾਲ ਰਿਫੰਡ ਲੈਣ ਵਾਲੇ ਕਰਮਚਾਰੀਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਾਂ ਵੱਡੀ ਪੱਧਰ ‘ਤੇ ਜ਼ੁਰਮਾਨਾ ਲੱਗ ਸਕਦਾ ਹੈ।ਕਰਮਚਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਮਦਨ ਕਰ ਧਾਰਾਵਾਂ ਸਬੰਧੀ ਸਹੀ ਅਤੇ ਮੁਕੰਮਲ ਜਾਣਕਾਰੀ ਹੀ ਦੇਣ ਅਤੇ ਨਿਚਚਿਤ ਮਿਤੀ ਤੋਂ ਪਹਿਲਾਂ ਪਹਿਲਾਂ ਆਪਣੇ ਆਮਦਨ ਕਰ ਸਬੰਧੀ ਸਟੇਟਮੈਂਟ ਫਾਈਲ ਕਰਨ।
ਇਸ ਮੌਕੇ ਸ੍ਰੀਮਤੀ ਗੁਰਸਿਮਰਨ ਕੌਰ ਸਹਾਇਕ ਕਮਿਸ਼ਨਰ ਜਨਰਲ, ਇੰਦਰਪਾਲ ਸਿੰਘ ਸੀਨੀਅਰ ਕਮਾਂਡੈਂਟ ਸੀ.ਆਈ.ਐਸ.ਐਫ, ਮੈਡਮ ਰਾਜਵਿੰਦਰ ਕੌਰ ਤਹਿਸੀਲਦਾਰ, ਜਸਬੀਰ ਸਿੰਘ ਸੰਧੂ ਨਾਇਬ ਤਹਿਸੀਲਦਾਰ ਮਜੀਠਾ, ਅਮਰਜੀਤ ਸਿੰਘ ਤਹਿਸੀਲਦਾਰ ਲੋਪੋਕੇ, ਹਰਦੇਵ ਸਿੰਘ ਸਹਾਇਕ ਡਾਇਕਟਰ ਮੱਛੀ ਪਾਲਣ, ਮੈਡਮ ਮੀਨਾ ਦੇਵੀ ਸ.ਡੀ.ਪੀ.ਓ, ਇੰਦਰਜੀਤ ਸਿੰਘ ਇਲੈਕਸ਼ਨ ਤਹਿਸੀਲਦਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।