ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ ਖੁਰਮਣੀਆਂ) – ਭਾਰਤੀ ਗਿਆਨ ਪ੍ਰਣਾਲੀ ਸਿਰਫ਼ ਵਿਦਿਆ ਦਾ ਖਜ਼ਾਨਾ ਨਹੀਂ, ਸਗੋਂ ਜੀਵਨ ਨੂੰ `ਆਨੰਦ` ਨਾਲ ਭਰਪੂਰ ਕਰਨ ਦਾ ਰਾਹ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਨਵੀਂ ਦਿੱਲੀ ਵਿਖੇ ਸਿੱਖਿਆ ਮੰਤਰਾਲੇ ਵਲੋਂ “ਭਾਰਤੀ ਗਿਆਨ ਪ੍ਰਣਾਲੀ ਨੂੰ ਸਿੱਖਿਆ ਪਾਠਕ੍ਰਮ ਵਿੱਚ ਸ਼ਾਮਲ ਕਰਨ” ਦੇ ਵਿਸ਼ੇ `ਤੇ ਕਰਵਾਈ ਦੋ ਦਿਨਾਂ ਰਾਸ਼ਟਰੀ ਵਰਕਸ਼ਾਪ ‘ਚ ਪ੍ਰਗਟ ਕੀਤੇ।ਉਨ੍ਹਾਂ ਨੇ ਭਾਰਤੀ ਗਿਆਨ ਪ੍ਰਣਾਲੀ ਦੀ ਮਜ਼ਬੂਤੀ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੋੜਿਆ ਅਤੇ ਇਸ ਨੂੰ ਵਿਸ਼ਵ ਪੱਧਰ `ਤੇ ਪ੍ਰਚਾਰਨ ਦਾ ਸੱਦਾ ਦਿੱਤਾ।ਪ੍ਰਧਾਨ ਮੰਤਰੀ ਉਚਤਰ ਸਿੱਖਿਆ ਅਭਿਆਨ (ਪੀ.ਐਮ-ਯੂ.ਐਸ.ਐਚ.ਏ) ਅਧੀਨ ਆਈ.ਸੀ.ਏ.ਆਰ ਵਿਖੇ ਹੋਈ ਇਸ ਵਰਕਸ਼ਾਪ ਦਾ ਉਦਘਾਟਨ ਕੇਂਦਰੀ ਸਿੱਖਿਆ ਰਾਜ ਮੰਤਰੀ ਡਾ. ਸੁਕੰਤ ਮਜ਼ੂਮਦਾਰ ਨੇ ਕੀਤਾ, ਜਦਕਿ ਸਮਾਪਤੀ ਸਮਾਰੋਹ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੰਬੋਧਨ ਕੀਤਾ।ਸਿੱਖਿਆ ਮੰਤਰਾਲੇ ਨੇ ਦੇਸ਼ ਦੀਆਂ 64 ਰਾਜ ਯੂਨੀਵਰਸਿਟੀਆਂ ਨੂੰ ਉਚੇਰੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ 12 ਵਿਸ਼ਿਆਂ `ਤੇ ਨੀਤੀ ਪੱਤਰ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ, ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ `ਭਾਰਤੀ ਗਿਆਨ ਪ੍ਰਣਾਲੀ` ਵਿਸ਼ੇ ਦੀ ਅਗਵਾਈ ਕੀਤੀ।
ਪ੍ਰੋ. ਕਰਮਜੀਤ ਸਿੰਘ ਨੇ ਕਰਨਾਟਕ, ਕੇਰਲ, ਤਮਿਲਨਾਡੂ ਅਤੇ ਰਾਜਸਥਾਨ ਦੀਆਂ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦਿਆਂ ਭਾਰਤੀ ਗਿਆਨ ਪ੍ਰਣਾਲੀ `ਤੇ ਸਰਬਪੱਖੀ ਪੇਸ਼ਕਾਰੀ ਦਿੱਤੀ।ਉਨ੍ਹਾਂ ਨੇ ਪੰਜਾਬ ਦੀ ਬੌਧਿਕ ਵਿਰਾਸਤ ਨੂੰ ਰਿਗਵੇਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਜੋੜਿਆ ਅਤੇ ਕਿਹਾ, “ਭਾਰਤੀ ਗਿਆਨ ਪ੍ਰਣਾਲੀ ਅਸਥਾਈ ਸੁੱਖਾਂ ਦੀ ਦੌੜ ਨਹੀਂ, ਸਗੋਂ ਗੁਰੂ ਸਾਹਿਬਾਨ ਵਲੋਂ ਦਰਸਾਏ `ਆਨੰਦ`-ਅੰਦਰੂਨੀ ਸ਼ਾਂਤੀ ਅਤੇ ਸੰਤੁਸ਼ਟੀ ਦੀ ਖੋਜ਼ ਹੈ।” ਸ੍ਰੀ ਭਗਵਤ ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਅਧਿਆਤਮਿਕ ਸੂਝ ਨੂੰ ਆਧੁਨਿਕ ਸਿੱਖਿਆ ਨਾਲ ਜੋੜਨ ਦੀ ਵਕਾਲਤ ਕੀਤੀ।ਉਨ੍ਹਾਂ ਨੇ ਹਰ ਸੂਬੇ ਵਿੱਚ ਇੱਕ ਨੋਡਲ ਯੂਨੀਵਰਸਿਟੀ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ।ਵਰਕਸ਼ਾਪ ਵਿੱਚ ਯੂ.ਜੀ.ਸੀ ਦੇ ਸਾਬਕਾ ਚੇਅਰਮੈਨ ਪ੍ਰੋ. ਜਗਦੀਸ਼ ਕੁਮਾਰ, ਐਨ.ਏ.ਏ.ਸੀ ਅਤੇ ਏ.ਆਈ.ਸੀ.ਟੀ.ਈ ਦੇ ਚੇਅਰਮੈਨ ਪ੍ਰੋ. ਅਨਿਲ ਸਹਿਸਰਾਬੁੱਧੇ, ਸਿੱਖਿਆ ਮੰਤਰਾਲੇ ਦੇ ਵਧੀਕ ਸਕੱਤਰ ਸੁਨੀਲ ਕੁਮਾਰ ਬਰਨਵਾਲ ਅਤੇ ਆਈ.ਆਈ.ਟੀ ਇੰਦੌਰ ਦੇ ਪ੍ਰੋ. ਗੰਟੀ ਮੂਰਤੀ ਸਮੇਤ ਕਈ ਪ੍ਰਮੁੱਖ ਵਿਦਵਾਨ ਸ਼ਾਮਲ ਹੋਏ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਸ ਪਹਿਲਕਦਮੀ ਨੇ ਭਾਰਤੀ ਸਿੱਖਿਆ ਨੂੰ ਮੁੱਲਾਂ, ਵਿਦਵਤਾ ਅਤੇ ਨਵੀਨਤਾ ਨਾਲ ਜੋੜਨ ਵਿੱਚ ਮੋਹਰੀ ਭੂਮਿਕਾ ਨਿਭਾਈ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …