ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ ਸਾਹਨੀ ਵਲੋਂ ਸਰਹੱਦੀ ਪਿੰਡ ਮੋਦੀ ਨੂੰ ਮਾਡਲ ਪਿੰਡ ਵਜੋਂ ਵਿਕਸਿਤ
ਕਰਨ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਜਿਥੇ ਜਿਲ੍ਹਾ ਪ੍ਰਸ਼ਾਸਨ ਨੇ ਪਿੰਡ ਵਿੱਚ ਲੋਕਾਂ ਲਈ ਬੁਨਿਆਦੀ ਸਹੂਲਤਾਂ ਦਿੱਤੀਆਂ ਅਤੇ ਨੌਜਵਾਨਾਂ ਲਈ ਵਾਲੀਬਾਲ, ਕਬੱਡੀ ਤੇ ਕ੍ਰਿਕਟ ਦੇ ਖੇਡ ਮੈਦਾਨ ਤਿਆਰ ਕਰਵਾਏ ਉਥੇ ਪਿੰਡ ਦੇ ਬੱਚਿਆਂ ਦੀ ਕੌਂਸਲਿੰਗ ਵੀ ਜਿਲ੍ਹਾ ਅਧਿਕਾਰੀਆਂ ਨੇ ਪਿੰਡ ਜਾ ਕੇ ਕੀਤੀ।ਇਹਨਾਂ ਵਿੱਚ ਜਿਲ੍ਹਾ ਰੁਜ਼ਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਤੀਰਥਪਾਲ ਸਿੰਘ ਅਤੇ ਰੈਡ ਕਰਾਸ ਦੇ ਸੈਕਟਰੀ ਸੈਮਸਨ ਮਸੀਹ ਕਈ ਦਿਨ ਬੱਚਿਆਂ ਨੂੰ ਪਿੰਡ ਮਿਲਣ ਜਾਂਦੇ ਰਹੇ।ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੋਂ ਇਲਾਵਾ ਦਸਵੀਂ, ਬਾਰਵੀਂ ਜਾਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਚੁੱਕੇ ਬੱਚਿਆਂ ਨੂੰ ਵੀ ਮਿਲਿਆ ਗਿਆ।
ਤੀਰਥ ਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਲੜਕੇ-ਲੜਕੀਆਂ ਦੀ ਸਿਹਤ ਅਤੇ ਕੱਦ ਕਾਠ ਤੋਂ ਬਹੁਤ ਪ੍ਰਭਾਵਿਤ ਹੋਏ, ਪਰ ਇਸ ਗੱਲ ਨੂੰ ਲੈ ਕੇ ਮਾਯੂਸ ਵੀ ਹੋਏ ਕਿ ਬੱਚਿਆਂ ਵਿੱਚ ਰੋਜ਼ਗਾਰ ਦੇ ਮੌਕਿਆਂ ਨੂੰ ਲੈ ਕੇ ਜਾਣਕਾਰੀ ਬਹੁਤ ਘੱਟ ਹੈ।ਉਹਨਾਂ ਦੱਸਿਆ ਕਿ ਹਾਲ ਹੀ ਵਿੱਚ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵਿੱਚ ਭਰਤੀ ਨਿਕਲੀ ਸੀ। ਪਰ ਇਹ ਬੱਚੇ ਜਾਣਕਾਰੀ ਦੀ ਅਣਹੋਂਦ ਕਾਰਨ ਅਪਲਾਈ ਹੀ ਨਹੀਂ ਕਰ ਸਕੇ।ਉਹਨਾਂ ਨੇ ਗਰੈਜੂਏਸ਼ਨ ਕਰ ਚੁੱਕੀਆਂ ਬੱਚੀਆਂ ਨੂੰ ਬੀ.ਐਡ ਕਰਨ ਦੀ ਸਲਾਹ ਦਿੱਤੀ ਤਾਂ ਕਿ ਉਹ ਅਧਿਆਪਕ ਬਣਨ ਲਈ ਆਪਣੀ ਯੋਗਤਾ ਪੂਰੀ ਕਰ ਸਕਣ।
ਇਸੇ ਦੌਰਾਨ ਜਦ ਉਹ ਸਰਕਾਰੀ ਸਕੂਲ ਪੜ੍ਹਦੇ ਬੱਚਿਆਂ ਨੂੰ ਮਿਲੇ ਤਾਂ ਉਹਨਾਂ ਵਿੱਚੋਂ ਕੁੱਝ ਬੱਚਿਆਂ ਨੇ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਅਧਿਕਾਰੀਆਂ ਨਾਲ ਸਾਂਝਾ ਕੀਤਾ।ਤੀਰਥ ਪਾਲ ਸਿੰਘ ਇਹਨਾਂ ਬੱਚਿਆਂ ਨੂੰ ਡੀ.ਸੀ ਦਫਤਰ ਅੰਮ੍ਰਿਤਸਰ ਲੈ ਕੇ ਆਏ, ਉਹਨਾਂ ਨੂੰ ਡਿਪਟੀ ਕਮਿਸ਼ਨਰ ਦੇ ਕੰਮਾਂ, ਜਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਡੀ.ਸੀ ਦਫਤਰ ਵਿਖਾਇਆ ਜਿਥੇ ਡਿਪਟੀ ਕਮਿਸ਼ਨਰ ਵਿਸ਼ੇਸ਼ ਤੌਰ ‘ਤੇ ਉਹਨਾਂ ਬੱਚਿਆਂ ਨੂੰ ਮਿਲੇ।ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਆਪਣੀ ਕੁਰਸੀ ‘ਤੇ ਬਿਠਾ ਕੇ ਹੌਸਲਾ ਅਫ਼ਜ਼ਾਈ ਕਰਦੇ ਹੋਏ ਮਾਰਗਦਰਸ਼ਨ ਕੀਤਾ।ਡਿਪਟੀ ਕਮਿਸ਼ਨਰ ਨੇ ਤੀਰਥਪਾਲ ਸਿੰਘ ਨੂੰ ਹਦਾਇਤ ਕੀਤੀ ਕਿ ਇਹਨਾਂ ਬੱਚਿਆਂ ਨੂੰ ਆਈ ਐਕਸਪਾਇਰ ਪ੍ਰੋਗਰਾਮ ਵਿੱਚ ਰਜਿਸਟਰਡ ਕਰਨ ਅਤੇ ਬੱਚਿਆਂ ਦੀ ਅਗਵਾਈ ਯੂ.ਪੀ.ਐਸ.ਸੀ ਪ੍ਰੀਖਿਆ ਲਈ ਕਰਦੇ ਰਹਿਣ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media