ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ, ਪੰਜਾਬ ਸਰਕਾਰ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ
ਲਿਖਣ ਸਮੱਗਰੀ, ਸੁਚੱਜਾ ਪ੍ਰਸ਼ਾਸ਼ਨ ਤੇ ਸੂਚਨਾ ਤਕਨੀਕ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਵਲੋਂ ਅੱਜ ਲੌਂਗੋਵਾਲ ‘ਚ ਲਗਭਗ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 30 ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ ਗਈ।ਇਸ ਤੋਂ ਬਾਅਦ ਕੈਬਨਿਟ ਮੰਤਰੀ ਅਰੋੜਾ ਵੱਲੋਂ 38.23 ਲੱਖ ਰੁਪਏ ਦੀ ਲਾਗਤ ਨਾਲ ਲੌਂਗੋਵਾਲ ਸ਼ਹਿਰ ਵਿੱਚ ਪਾਰਕ ਅਤੇ 79.86 ਲੱਖ ਰੁਪਏ ਦੀ ਲਾਗਤ ਨਾਲ ਲੋਂਗੋਵਾਲ ਸ਼ਹਿਰ ਵਿੱਚ ਸੜਕਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ।
ਅਮਨ ਅਰੋੜਾ ਨੇ ਪੰਜਾਬ ਸਰਕਾਰ ਤਰਫੋਂ ਕਸਬਾ ਲੋਂਗੋਵਾਲ ਨੂੰ 12.09 ਕਰੋੜ ਰੁਪਏ ਦੇ ਵਿਕਾਸ ਕਾਰਜ਼ਾਂ ਦੀ ਸੌਗਾਤ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਹਸਪਤਾਲ ਦੀ ਨਵੀਂ ਇਮਾਰਤ ਦਾ ਕੰਮ ਸ਼ੁਰੂ ਹੋਣ ਨਾਲ ਅੱਜ ਇਲਾਕਾ ਲੋਂਗੋਵਾਲ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਪੂਰੀ ਹੋਣ ਜਾ ਰਹੀ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਿੰਨ ਸਾਲਾਂ ਦੌਰਾਨ 56 ਹਜ਼ਾਰ ਤੋਂ ਵਧੇਰੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।ਪਾਣੀਆਂ ਦੇ ਮੁੱਦੇ ਬਾਰੇ ਪੁੱਛੇ ਜਾਣ ‘ਤੇ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇੱਕ ਵੀ ਬੁੰਦ ਵਾਧੂ ਨਹੀਂ ਹੈ।ਭਾਖੜਾ ਡੈਮ (ਬੀ.ਬੀ.ਐਮ.ਬੀ) ‘ਤੇ ਪੁਲਿਸ ਤਾਇਨਾਤ ਕਰਨ ਬਾਰੇ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਉਦੋਂ ਤੱਕ ਨਹੀਂ ਹਟਾਈ ਜਾਵੇਗੀ ਜਦੋਂ ਤੱਕ ਪਾਣੀਆਂ ‘ਤੇ ਪੰਜਾਬ ਦੇ ਹੱਕ ਸੁਰੱਖਿਅਤ ਨਹੀਂ ਹੁੰਦੇ।
ਉਹਨਾਂ ਕਿਹਾ ਕਿ ਅੱਜ ਤਾਂ ਪੰਜਾਬ ਪੁਲਿਸ ਲਗਾਈ ਗਈ ਹੈ।ਜੇਕਰ ਲੋੜ ਪਈ ਤਾਂ ਉਹ ਖੁਦ ਉਥੇ ਬੈਠਣ ਤੋਂ ਸੰਕੋਚ ਨਹੀਂ ਕਰਨਗੇ।ਹਰਿਆਣਾ ਸਰਕਾਰ ਦਾ ਸੁਪਰੀਮ ਕੋਰਟ ਜਾਂ ਕਿਸੇ ਵੀ ਪੱਧਰ ‘ਤੇ ਜਾਣ ਦਾ ਸੰਵਿਧਾਨਕ ਹੱਕ ਹੈ।ਉਹਨਾਂ ਕਿਹਾ ਕਿ ਹਰਿਆਣਾ ਨੂੰ 1700 ਕਿਉਸਿਕ ਪਾਣੀ ਦੀ ਲੋੜ ਹੈ, ਪਰ ਉਸ ਨੂੰ ਪਹਿਲਾਂ ਹੀ 4000 ਕਿਉਸਿਕ ਪਾਣੀ ਪੰਜਾਬ ਵਲੋਂ ਛੱਡਿਆ ਜਾ ਰਿਹਾ ਹੈ।ਪਰ ਹੁਣ ਹਰਿਆਣਾ ਵਲੋਂ ਪੰਜਾਬ ਦੀ ਬਾਂਹ ਮਰੋੜ ਕੇ 8500 ਕਿਉਸਿਕ ਪਾਣੀ ਮੰਗਣ ਦੀ ਮੰਗ ਨੂੰ ਕਿਸੇ ਵੀ ਹੀਲੇ ਮੰਨਿਆ ਨਹੀਂ ਜਾ ਸਕਦਾ।ਉਹਨਾਂ ਭਾਜਪਾ ਆਗੂ ਸੁਨੀਲ ਜਾਖੜ ਨੂੰ ਵੀ ਕਿਹਾ ਕਿ ਉਹ ਪੰਜਾਬ ਵਾਸੀ ਹੋਣ ਦਾ ਮੁੱਲ ਮੋੜਦੇ ਹੋਏ ਕੇਂਦਰ ਸਰਕਾਰ ਕੋਲ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਣ।
ਇਸ ਮੌਕੇ ਐਸ.ਡੀ.ਐਮ ਸੁਨਾਮ ਪ੍ਰਮੋਦ ਸਿੰਗਲਾ, ਸੀਨੀਅਰ ਆਪ ਆਗੂ ਕਰਮ ਸਿੰਘ ਬਰਾੜ, ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ, ਆਪ ਦੇ ਸੀਨੀਅਰ ਆਗੂ ਸਰਪੰਚ ਬਲਵਿੰਦਰ ਸਿੰਘ ਢਿੱਲੋਂ, ਆਪ ਬੀ.ਸੀ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਰਾਜ ਸਿੰਘ ਰਾਜੂ ਅਤੇ ਹੋਰ ਹਾਜ਼ਰ ਸਨ
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media