ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 121ਵੇਂ ਜਨਮ ਦਿਨ ਨੂੰ ਸਮਰਪਿਤ “ਪਾਣੀ ਬਚਾਓ ਮਨੁੱਖਤਾ
ਬਚਾਓ” ਰੈਲੀ ਭਰਵੇਂ ਜਲੂਸ ਦੇ ਰੂਪ ਵਿੱਚ ਪਿੰਗਲਵਾੜਾ ਸੰਸਥਾ ਦੇ ਮੁੱਖ ਦਫ਼ਤਰ ਤੋਂ ਭਾਈ ਗੁਰਦਾਸ ਹਾਲ ਤੱਕ ਕੱਢੀ ਗਈ।ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਅਰਦਾਸ ਕਰਨ ਉਪਰੰਤ ਰੈਲੀ ਦੇ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਕਈ ਦਹਾਕੇ ਪਹਿਲਾਂ ਭਗਤ ਪੂਰਨ ਸਿੰਘ ਜੀ ਨੇ ਪਾਣੀ, ਹਵਾ ਆਦਿ ਵਰਗੀਆਂ ਕੁਦਰਤੀ ਦਾਤਾਂ ਨੂੰ ਪਲੀਤ ਹੋਣ ਤੇ ਆਪਣੀ ਚਿੰਤਾ ਪ੍ਰਗਟਾਉਣੀ ਸ਼ੁੁਰੂ ਕਰ ਦਿੱਤੀ ਸੀ ਅਤੇ ਅੱਜ ਸਾਰੀ ਦੁਨੀਆਂ ਦੇ ਸਾਹਮਣੇ ਹੈ ਕਿ ਭਗਤ ਪੂਰਨ ਸਿੰਘ ਜੀ ਦੀ ਇਹ ਫ਼ਿਕਰ ਸੱਚ ਸਾਬਤ ਹੋ ਰਹੀ ਹੈ।
ਰੈਲੀ ਵਿੱਚ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁੱਟਰ ਕਲਾਂ, ਭਗਤ ਪੂਰਨ ਸਿੰਘ ਸਕੂਲ ਫ਼ਾਰ ਦ ਡੈਫ਼, ਭਗਤ ਪੂਰਨ ਸਿੰਘ ਸਪੈਸ਼ਲ ਐਜੂਕੇਸ਼ਨ ਸਕੂਲ, ਭਗਤ ਪੂਰਨ ਸਿੰਘ ਇੰਸਟੀਚਿਊਟ ਫ਼ਾਰ ਸਪੈਸ਼ਲ ਨੀਡਜ਼, ਸਿਟੀਜ਼ਨ ਫੋਰਮ ਵਿੱਦਿਆ ਮੰਦਰ ਆਦਿ ਸਕੂਲਾਂ ਦੇ ਵਿਦਿਆਰਥੀਆਂ ਨੇ ਪਾਣੀ ਨੂੰ ਬਚਾਉਣ ਹਿੱਤ ਨਾਅਰਿਆਂ ਦੇ ਰੂਪ ਵਿੱਚ ਜਨ-ਜਨ ਤੱਕ ਆਪਣੀ ਆਵਾਜ਼ ਮਾਟੋਆਂ, ਤਖ਼ਤੀਆਂ ਤੇ ਨਾਅਰੇ ਲਿਖ ਕੇ ਪੋਸਟਰਾਂ ਦੇ ਰੂਪ ਵਿੱਚ ਲੋਕਾਂ ਤੱਕ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ।
ਰੈਲੀ ਦੀ ਸਮਾਪਤੀ ਭਾਈ ਗੁਰਦਾਸ ਹਾਲ ਵਿਖੇ ਹੋਈ, ਹਾਲ ਵਿੱਚ ਵਾਤਾਵਰਨ ਤੇ ਕੰਮ ਕਰ ਰਹੀਆਂ ਸ਼ਖ਼ਸ਼ੀਅਤਾਂ ਜਸਕੀਰਤ ਸਿੰਘ, ਕਰਨਲ ਜਸਜੀਤ ਸਿੰਘ ਗਿੱਲ, ਅਮੀਜੋਤ ਮਾਨ, ਕੁਲਵੰਤ ਸਿੰਘ ਅਣਖੀ ਆਦਿ ਨੇ ਕਿਹਾ ਕਿ ਮੌਜ਼ੂਦਾ ਸਰਕਾਰਾਂ ਦੀ ਮਿਲੀਭੁਗਤ ਨਾਲ ਹੀ ਕਈ ਫੈਕਟਰੀਆਂ ਵਾਲੇ ਧਰਤੀ ਹੇਠਾਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਸੁੱਟ ਰਹੇ ਹਨ।
ਪ੍ਰੋਗਰਾਮ ਵਿੱਚ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਵਿਧਾਇਕ, ਮੁਖਤਾਰ ਸਿੰਘ ਗੁਰਾਇਆ, ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਬੀਬੀ ਪ੍ਰੀਤਇੰਦਰ ਕੌਰ, ਯੋਗੇਸ਼ ਸੂਰੀ, ਪਰਮਿੰਦਰਜੀਤ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ, ਤਜਿੰਦਰਭਾਨ ਸਿੰਘ ਬੇਦੀ, ਡਾ. ਸ਼ਿਆਮ ਸੁੰਦਰ ਦੀਪਤੀ, ਸਮਾਜ ਸੇਵੀ ਪਵਨ ਸ਼ਰਮਾ, ਸਾਬਕਾ ਪੁਲਿਸ ਇੰਸਪੈਕਟਰ ਰਾਜਵਿੰਦਰ ਕੌਰ, ਉੱਘੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਗੁਰਨਾਇਬ ਸਿੰਘ, ਮਾਸਟਰ ਅਜੀਤ ਸਿੰਘ, ਬੀਬੀ ਬਲਜੀਤ ਕੌਰ, ਡਾ. ਅਸ਼ੋਕ ਉੱਪਲ, ਤਿਲਕ ਰਾਜ, ਹਰਪਾਲ ਸਿੰਘ ਸੰਧੂ ਵੱਖ-ਵੱਖ ਸਕੂਲਾਂ ਦੇ ਪ੍ਰਿਸੀਪਲ ਤੇ ਸਮੂਹ ਸਟਾਫ਼, ਗੁਲਸ਼ਨ ਰੰਜਨ, ਇਕਬਾਲ ਸਿੰਘ, ਵੱਖ-ਵੱਖ ਵਾਰਡਾਂ ਤੇ ਵਿਭਾਗਾਂ ਦੇ ਇੰਚਾਰਜ਼ ਆਦਿ ਹਾਜ਼ਰ ਸਨ।ਭਾਈ ਗੁਰਦਾਸ ਹਾਲ ਵਿਖੇ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਕੁਦਰਤੀ ਸੋਮਿਆਂ ਦੀ ਸੰਭਾਲ ਪ੍ਰਤੀ ਹਲੂਣਾ ਦੇਣ ਵਾਲੇ ਨਾਟਕ, ਗੀਤ ਆਦਿ ਪੇਸ਼ ਕਰਕੇ ਦਰਸ਼ਕਾਂ ਨੂੰ ਵਾਹ-ਵਾਹ ਕਹਿਣ ਲਈ ਮਜ਼ਬੂਰ ਕਰ ਦਿੱਤਾ।ਆਈਆਂ ਸਖ਼ਸ਼ੀਅਤਾਂ ਨੂੰ ਪਿੰਗਲਵਾੜਾ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ।
ਸ਼ਹਿਰ ਦੇ ਵੱਖ-ਵੱਖ ਰਾਹਾਂ ‘ਤੇ ਟਰੈਫ਼ਿਕ ਨੂੰ ਕੰਟਰੋਲ ਕਰਨ ਵਿੱਚ ਜਿਥੇ ਸਾਬਕਾ ਇੰਸਪੈਕਟਰ ਰਾਜਵਿੰਦਰ ਕੌਰ ਨੇ ਸੇਵਾ ਬਾਖ਼ੂਬੀ ਨਿਭਾਈ ਉਥੇ ਹੀ ਪੁਲਿਸ ਵਿਭਾਗ ਨੇ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਆਪਣਾ ਯੋਗਦਾਨ ਪਾਇਆ।ਸਟੇਜ ਸੰਚਾਲਨ ਮਾਸਟਰ ਰਾਜਬੀਰ ਸਿੰਘ ਨੇ ਕੀਤਾ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media