Monday, February 2, 2026

ਨਹੀਂ ਰਹੇ ਮਸ਼ਹੂਰ ਅਦਾਕਾਰ ਸੁਰੇਸ਼ ਪੰਡਿਤ

ਰੰਗ ਕਰਮੀਆਂ, ਕਲਾਕਾਰਾਂ ਅਤੇ ਸਾਹਿਤਕਾਰਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਅੰਮ੍ਰਿਤਸਰ, 6 ਜੁਲਾਈ (ਦੀਪ ਦਵਿੰਦਰ ਸਿੰਘ) – ਕਲਾ ਦੇ ਖੇਤਰ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅੰਮ੍ਰਿਤਸਰ ਸ਼ਹਿਰ ਦੇ ਨਾਮਵਰ ਬਜ਼ੁਰਗ ਰੰਗਕਰਮੀ, ਨਾਟ ਨਿਰਦੇਸ਼ਕ ਅਤੇ ਅਦਾਕਾਰ ਸੁਰੇਸ਼ ਪੰਡਿਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਉਹਨਾਂ ਦੀ ਸਿਹਤ ਪਿਛਲੇ ਕੁੱਝ ਮਹੀਨਿਆਂ ਤੋਂ ਢਿੱਲੀ ਚੱਲ ਰਹੀ ਸੀ।ਉਹਨਾਂ ਦਾ ਅੰਤਿਮ ਸੰਸਕਾਰ ਸੇਜ਼ਲ ਅੱਖਾਂ ਨਾਲ ਲੇਖਕਾਂ, ਕਲਾਕਾਰਾਂ ਅਤੇ ਰੰਗਕਰਮੀਆਂ ਦੀ ਹਾਜ਼ਰੀ ਵਿੱਚ ਸਥਾਨਕ ਦੁਰਗਿਆਣਾ ਮੰਦਿਰ ਨੇੜਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।ਚਿਖਾ ਨੂੰ ਅਗਨੀ ਉਹਨਾਂ ਦੇ ਬੇਟੇ ਵਿਭੂ ਪੰਡਿਤ ਵਲੋਂ ਵਿਖਾਈ ਗਈ।
ਕੇਵਲ ਧਾਲੀਵਾਲ, ਦੀਪ ਦੇਵਿੰਦਰ ਸਿੰਘ ਅਤੇ ਡਾ. ਜਗਦੀਸ਼ ਸਚਦੇਵਾ ਨੇ ਦੱਸਿਆ ਕਿ 1945 ਨੂੰ ਜਨਮੇ ਸੁਰੇਸ਼ ਪੰਡਿਤ ਹੁਰਾਂ ਅਨੇਕਾਂ ਨਾਟਕਾਂ ਤੇ ਫਿਲਮਾਂ ਵਿੱਚ ਯਾਦਗਾਰੀ ਰੋਲ ਨਿਭਾਏ।ਸੰਤਾਲੀ ਦੀ ਵੰਡ ‘ਤੇ ਅਧਾਰਿਤ ਫਿਲਮ ਲਹੌਰੀਏ ਵਿੱਚ ਉਨ੍ਹਾਂ ਵਲੋਂ ਨਿਭਾਏ ਬਜ਼ੁਰਗ ਮੁਸਲਿਮ ਕਿਰਦਾਰ ਨੇ ਬੰਦੇ ਅੰਦਰਲੇ ਹੇਰਵੇ ਨੂੰ ਨਵੇਂ ਅਰਥ ਬਖਸ਼ੇ।ਉਹਨਾ ਛੇ ਦਹਾਕੇ ਪਹਿਲਾਂ ਭਾਅ ਜੀ ਗੁਰਸ਼ਰਨ ਸਿੰਘ ਕੋਲੋਂ ਅੰਮ੍ਰਿਤਸਰ ਦੇ ਵਿਰਾਸਤੀ ਓਪਨ ਏਅਰ ਥਿਏਟਰ ਵਿੱਚ ਰੰਗ ਮੰਚ ਦੀ ਸ਼ੁਰੂਆਤ ਕੀਤੀ ਅਤੇ “ਕਣਕ ਦੀ ਬੱਲੀ, ਲੋਹਾ ਕੁੱਟ, ਧੂਣੀ ਦੀ ਅੱਗ, ਅਰਸ਼ ਫਰਸ਼, ਮੌਤ, ਉਪਰਲੀ ਮੰਜ਼ਿਲ, ਜਿਨ ਸੱਚ ਪੱਲੇ ਹੋਏ, ਉਦਾਸ ਲੋਕ ਅਤੇ ਕੱਚਾ ਘੜਾ” ਵਰਗੇ ਅਨੇਕਾਂ ਨਾਟਕਾਂ ਵਿੱਚ ਆਪਣੇ ਯਾਦਗਾਰੀ ਕਿਰਦਾਰ ਨਿਭਾਅ ਕੇ ਉਮਰ ਭਰ ਕਲਾ ਨਾਲ ਜੁੜੇ ਰਹੇ।
ਅੰਤਿਮ ਸੰਸਕਾਰ ਮੌਕੇ ਰੰਗ ਮੰਚ ਅਭਨੇਤਰੀ ਜਤਿੰਦਰ ਕੌਰ, ਫਿਲਮੀ ਕਲਾਕਾਰ ਅਤੇ ਰੰਗ ਕਰਮੀ ਹਰਦੀਪ ਗਿੱਲ, ਮਨਮੋਹਨ ਸਿੰਘ ਢਿੱਲੋਂ, ਏ.ਐਸ ਚਮਕ, ਨਰਿੰਦਰ ਸਾਂਘੀ, ਅਮਰਪਾਲ, ਅੰਗਰੇਜ ਸਿੰਘ ਵਿਰਦੀ, ਯੁਗੇਸ਼ ਕਪੂਰ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰ ਵਾਸੀ ਹਾਜ਼ਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …