ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਕੀਤੀ
ਗਈ ਪਹਿਲ ਕਦਮੀ ਦੇ ਚਲਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਪਹਿਲੇ ਪੜਾਅ ਵਿੱਚ ਜਿਲ੍ਹੇ ਦੀਆਂ 41 ਸੜਕਾਂ ਵੱਖ-ਵੱਖ ਅਧਿਕਾਰੀਆਂ ਨੂੰ ਨਜ਼ਰਸਾਨੀ ਲਈ ਅਲਾਟ ਕਰ ਦਿੱਤੀਆਂ ਹਨ।ਇਸ ਸੜਕ ਸੁੰਦਰੀਕਰਨ ਮੁਹਿੰਮ ਤਹਿਤ ਪਲੇਠੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹਰੇਕ ਅਲਾਟ ਕੀਤੀ ਗਈ ਸੜਕ ‘ਤੇ ਰੋਜ਼ਾਨਾ ਖ਼ੁਦ ਜਾਣ, ਨਾ ਕਿ ਆਪਣੇ ਕਿਸੇ ਹੋਰ ਜੂਨੀਅਰ ਅਧਿਕਾਰੀ ਨੂੰ ਭੇਜਣ।ਉਹਨਾਂ ਕਿਹਾ ਕਿ ਸੜਕਾਂ ਉਤੇ ਖੱਡੇ, ਸੀਵਰੇਜ਼ ਦੇ ਢੱਕਣ, ਪਲਾਂਟੇਸ਼ਨ ਦਾ ਕੰਮ, ਸਟਰੀਟ ਲਾਈਟਾਂ, ਰੋਡ ਮਾਰਕਿੰਗ ਜਾਂ ਉਥੇ ਕਿਸੇ ਵੀ ਤਰ੍ਹਾਂ ਦਾ ਕੋਈ ਨਜਾਇਜ਼ ਕਬਜ਼ਾ, ਸੜਕ ਉਤੇ ਖਿਲਰਿਆ ਇਮਾਰਤ ਉਸਾਰੀ ਦਾ ਸਮਾਨ ਜਿਵੇਂ ਕਿ ਰੇਤਾ, ਬਜ਼ਰੀ ਆਦਿ ਦੇ ਕੰਮ ਨੋਟ ਕਰਕੇ ਰੋਜ਼ਾਨਾ ਗੂਗਲ ਸ਼ੀਟ ਉਤੇ ਭਰਨ। ਉਹਨਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਨੇ ਆਪਣੇ ਕੋਲੋਂ ਜਾਂ ਆਪਣੇ ਵਿਭਾਗ ਵਿਚੋਂ ਕੋਈ ਪੈਸਾ ਨਹੀਂ ਲਗਾਉਣਾ ਸਿਰਫ ਨਜ਼ਰਸਾਨੀ ਕਰਨੀ ਹੈ ਤਾਂ ਜੋ ਉਸ ਸੜਕ ਨਾਲ ਸਬੰਧਤ ਜਿੰਮੇਵਾਰ ਵਿਭਾਗ ਜਿਵੇਂ ਕਿ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਕਾਰਪੋਰੇਸ਼ਨ, ਅੰਮ੍ਰਿਤਸਰ ਵਿਕਾਸ ਅਥੋਰਟੀ ਜਾਂ ਜਿਸ ਵੀ ਵਿਭਾਗ ਦੀ ਉਹ ਸੜਕ ਹੈ, ਉਹ ਉਸ ਸੜਕ ਦਾ ਕੰਮ ਪੂਰਾ ਕਰ ਸਕੇ।
ਉਹਨਾਂ ਸੰਬੰਧਿਤ ਵਿਭਾਗ ਜਿਨਾਂ ਦੀਆਂ ਸੜਕਾਂ ਹਨ, ਨੂੰ ਵੀ ਹਦਾਇਤ ਕੀਤੀ ਕਿ ਉਹ ਉਕਤ 41 ਸੜਕਾਂ ਦੇ ਨੋਡਲ ਅਧਿਕਾਰੀ ਨਿਯੁੱਕਤ ਕਰਨ ਤਾਂ ਜੋ ਸਬੰਧਤ ਅਧਿਕਾਰੀ ਕਿਸੇ ਵੀ ਲੋੜ ਜਾਂ ਸਹਾਇਤਾ ਲਈ ਉਸ ਨੋਡਲ ਅਧਿਕਾਰੀ ਨਾਲ ਸੰਪਰਕ ਕਰ ਸਕੇ।ਉਹਨਾਂ ਕਿਹਾ ਕਿ ਅਸੀਂ ਪਹਿਲੇ ਪੜਾਅ ਵਿੱਚ ਸ਼ਹਿਰਾਂ ਤੇ ਕਸਬਿਆਂ ਦੀਆਂ ਮੁੱਖ ਸੜਕਾਂ ਹੀ ਸੁੰਦਰੀਕਰਨ ਲਈ ਲਈਆਂ ਹਨ।ਦੂਸਰੇ ਪੜਾਅ ਵਿੱਚ ਹੋਰ ਸੜਕਾਂ ਸ਼ਾਮਲ ਕੀਤੀਆਂ ਜਾਣਗੀਆਂ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤ ਦਾ ਸੀਜ਼ਨ ਚੱਲ ਰਿਹਾ ਹੈ, ਸੋ ਪਹਿਲ ਦੇ ਅਧਾਰ ‘ਤੇ ਸੜਕਾਂ ਵਿੱਚ ਪਏ ਟੋਏ ਅਤੇ ਸੜਕਾਂ ਦੇ ਕਿਨਾਰੇ ਪਲਾਂਟੇਸ਼ਨ ਕਰਵਾਉਣ ਦਾ ਕੰਮ ਵੇਖਣ, ਜਿਥੇ ਵੀ ਲੋੜ ਹੈ ਇਸ ਕੰਮ ਨੂੰ ਪੂਰਾ ਕੀਤਾ ਜਾਵੇ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਸਹਾਇਕ ਕਮਿਸ਼ਨਰ ਮੈਡਮ ਪਿਯੁਸ਼, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸੁਰਿੰਦਰ ਸਿੰਘ, ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਜੈਵੀਰ ਸਿੰਘ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ ਰਵਿੰਦਰ ਸਿੰਘ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਅਧਿਕਾਰੀ ਸ੍ਰੀਮਤੀ ਅਨਾਇਤ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media