ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ) – ਅਮਰੀਕਾ ਨਿਵਾਸੀ ਡਾ. ਦਲਵੀਰ ਸਿੰਘ ਪੰਨੂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ
ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀ ਪੁਸਤਕ ‘ਗੁਰਮੁਖੀ ਅਦਬ ਦਾ ਖ਼ਜ਼ਾਨਾ’ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ’ਚ ਭੇਟ ਕੀਤੀ।ਇਸ ਪੁਸਤਕ ਵਿੱਚ ਡਾ. ਦਲਵੀਰ ਸਿੰਘ ਪੰਨੂ ਵੱਲੋਂ ਪਾਕਿਸਤਾਨ ਸਥਿਤ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਵਿਖੇ ਸਿੱਖ ਇਤਿਹਾਸ ਨਾਲ ਸਬੰਧਤ ਕੀਮਤੀ ਖ਼ਜ਼ਾਨੇ ਬਾਰੇ ਭਰਪੂਰ ਜਾਣਕਾਰੀ ਦਰਜ਼ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡਾ. ਦਲਵੀਰ ਸਿੰਘ ਪੰਨੂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਰਜ਼ ਸਿੱਖ ਇਤਿਹਾਸ ਦੇ ਖੋਜਾਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ।ਉਨ੍ਹਾਂ ਡਾ. ਪੰਨੂ ਵਲੋਂ ਪਬਲਿਕ ਲਾਇਬ੍ਰੇਰੀ ਲਾਹੌਰ ਵਿਖੇ ਪੰਜਾਬ ਸਾਹਿਤ ਲਈ ਇਕ ਵੱਖਰਾ ਹਾਲ ਤਿਆਰ ਕਰਵਾ ਕੇ ਸਿੱਖ ਇਤਿਹਾਸ ਦੇ ਕੀਮਤੀ ਖ਼ਜ਼ਾਨੇ ਨੂੰ ਸੰਭਾਲਣ ਦਾ ਉਪਰਾਲਾ ਕਰਨ ਦੇ ਨਾਲ-ਨਾਲ ਇਸ ਦਾ ਡਾਟਾਬੇਸ ਤਿਆਰ ਕਰਕੇ ਇਸ ਖ਼ਜ਼ਾਨੇ ਦੀ ਜਾਣਕਾਰੀ ਸੰਗਤਾਂ ਤੱਕ ਪਹੁੰਚਾਉਣ ਦੇ ਯਤਨ ਦੀ ਸ਼ਲਾਘਾ ਕੀਤੀ।ਐਡਵੋਕੇਟ ਧਾਮੀ ਨੇ ਕਿਹਾ ਕਿ ਇਨ੍ਹਾਂ ਦੀ ਖੋਜ ਅਨੁਸਾਰ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਵਿਖੇ ਸਿੱਖ ਸਾਕਿਆਂ ਦੀ ਜਾਣਕਾਰੀ ਬਿਆਨ ਕਰਦੀਆਂ ਉਹ ਅਖ਼ਬਾਰਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਜ਼ਿਕਰ ਹੈ ਕਿ ਸਾਡੇ ਪੁਰਖਿਆਂ ਨੇ ਮਹੰਤਾਂ ਪਾਸੋਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਲੈਣ ਲਈ ਆਪਣੀਆਂ ਜਾਇਦਾਦਾਂ ਤੱਕ ਵੇਚ ਦਿੱਤੀਆਂ ਸਨ, ਜੋ ਸਿੱਖਾਂ ਦਾ ਗੁਰੂ ਅਤੇ ਗੁਰੂ ਘਰਾਂ ਪ੍ਰਤੀ ਸਮਰਪਣ ਸੀ। ਡਾ. ਪੰਨੂ ਦੇ ਯਤਨ ਨਵੇਂ ਸਿੱਖ ਸਕਾਲਰਾਂ ਲਈ ਪ੍ਰੇਰਨਾ ਹਨ।
ਡਾ. ਦਲਵੀਰ ਸਿੰਘ ਪੰਨੂ ਨੇ ਕਿਹਾ ਕਿ ਦੁਨੀਆਂ ਦੀਆਂ ਚੌਣਵੀਆਂ ਲਾਇਬ੍ਰੇਰੀਆਂ ਵੇਖਣ ਦੌਰਾਨ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਵਿਖੇ ਸਿੱਖ ਇਤਿਹਾਸ ਨਾਲ ਸਬੰਧਤ ਕੀਮਤੀ ਖ਼ਜ਼ਾਨੇ ਦੀ ਜਾਣਕਾਰੀ ਮਿਲੀ, ਜਿਸ ਨੂੰ ਉਨ੍ਹਾਂ ਨੇ ਸੰਗਤਾਂ ਅਤੇ ਖੋਜਾਰਥੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਡਾ. ਚੇਤਨ ਸਿੰਘ, ਓ.ਐਸ.ਡੀ ਸਤਬੀਰ ਸਿੰਘ, ਸਕੱਤਰ ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਭਾਈ ਸਤਪਾਲ ਸਿੰਘ ਕੋਹਲੀ ਯੂ.ਐਸ.ਏ, ਸਾਬਕਾ ਸਕੱਤਰ ਵਰਿਆਮ ਸਿੰਘ ਤੇ ਜਗਜੀਤ ਸਿੰਘ ਜੱਗੀ, ਮੈਨੇਜਰ ਜਸਪਾਲ ਸਿੰਘ ਢੱਡੇ, ਵਧੀਕ ਮੈਨੇਜਰ. ਗੁਰਵਿੰਦਰ ਸਿੰਘ ਦੇਵੀਦਾਸਪੁਰ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਜਤਿੰਦਰ ਸਿੰਘ ਅਤੇ ਹੋਰ ਮੌਜ਼ੂਦ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media