ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਨੇ ਸ਼਼ਹਿਰ ਦੀ ਸਫਾਈ ਪ੍ਰਬੰਧਾਂ ਦੀ ਸਮੀਖਿਆ ਲਈ ਇੱਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਸਿਹਤ ਅਧਿਕਾਰੀ ਡਾ. ਕਿਰਨ ਕੁਮਾਰ, ਡਾ. ਯੋਗੇਸ਼ ਅਰੋੜਾ, ਡਾ. ਰਮਾ, ਸੀ.ਐਸ.ਓ ਮਲਕੀਅਤ ਸਿੰਘ, ਸੀ.ਐਸ.ਆਈ ਅਤੇ ਕੂੜਾ ਚੁੱਕਣ ਵਾਲੀ ਕੰਪਨੀ ਆਰ.ਆਰ.ਆਰ ਦੇ ਪ੍ਰਤੀਨਿਧੀ, ਜਿਨ੍ਹਾਂ ਵਿੱਚ ਰਾਜੀਵ ਅਰੋੜਾ ਸਮੇਤ ਹੋਰ ਅਧਿਕਾਰੀ ਹਾਜ਼ਰ ਰਹੇ।
ਮੀਟਿੰਗ ਦੌਰਾਨ ਮੇਅਰ ਭਾਟੀਆ ਨੇ ਸ਼ਹਿਰ ਵਿੱਚ ਸਫਾਈ ਦੇ ਉਚ ਮਿਆਰ ਬਰਕਰਾਰ ਰੱਖਣ ’ਤੇ ਖਾਸ ਜ਼ੋਰ ਦਿੱਤਾ, ਵਿਸ਼ੇਸ਼ ਤੌਰ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ।ਉਨ੍ਹਾਂ ਕੂੜਾ ਚੁੱਕਣ ਵਾਲੀ ਕੰਪਨੀ ਨੂੰ ਹਫ਼ਤੇ ਦੇ ਸੱਤੇ ਦਿਨ ਕੂੜਾ ਚੁੱਕਣ ਦੇ ਨਿਰਦੇਸ਼ ਦਿੱਤੇ।ਸ਼ੁਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਵੱਡੀ ਗਿਣਤੀ ਦੇ ਮੱਦੇਨਜ਼ਰ ਕੰਪਨੀ ਨੂੰ ਆਪਣੀ ਪੂਰੀ ਮਸ਼ੀਨਰੀ ਅਤੇ ਮਨੁੱਖੀ ਬਲ ਤੈਨਾਤ ਕਰਨ ਲਈ ਕਿਹਾ ਗਿਆ।
ਮੇਅਰ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਸਫਾਈ ਅਤੇ ਕੂੜਾ ਚੁੱਕਣਾ ਨਗਰ ਨਿਗਮ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਤਰਜ਼ੀਹ ਹੈ, ਜਿਸ ਲਈ ਆਰ.ਆਰ.ਆਰ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ।ਉਨ੍ਹਾਂ ਕੰਪਨੀ ਅਧਿਕਾਰੀਆਂ ਨੂੰ ਸ਼ਹਿਰ ਦੇ ਹਰ ਖੇਤਰ ਵਿੱਚ 100 ਫੀਸਦੀ ਘਰ-ਘਰ ਕੂੜਾ ਇਕੱਠਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਸਮਝੌਤੇ ਅਨੁਸਾਰ ਮੇਅਰ ਨੇ ਹੁਕਮ ਦਿੱਤਾ ਕਿ ਸਾਰੇ ਭਵਨਾਂ ’ਤੇ ਕਿਊਆਰ ਕੋਡ ਲਗਾਏ ਜਾਣ, ਤਾਂ ਜੋ ਕੂੜਾ ਨਾ ਚੁੱਕੇ ਜਾਣ ਦੀ ਸਥਿਤੀ ਵਿੱਚ ਨਾਗਰਿਕ ਸ਼ਿਕਾਇਤ ਦਰਜ਼ ਕਰਵਾ ਸਕਣ।ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਕਰਮਚਾਰੀਆਂ ਨੂੰ ਯੂਜ਼ਰ ਚਾਰਜ਼ ਵਸੂਲੀ ਲਈ ਪੀ.ਓ.ਐਸ ਮਸ਼ੀਨਾਂ ਦਿੱਤੀਆਂ ਗਈਆਂ ਹਨ ਅਤੇ ਭੁਗਤਾਨ ਮਗਰੋਂ ਨਾਗਰਿਕਾਂ ਨੂੰ ਤੁਰੰਤ ਰਸੀਦ ਦੇਣਾ ਲਾਜ਼ਮੀ ਹੈ।
ਮੇਅਰ ਨੇ ਕਿਹਾ ਕਿ ਅੰਮ੍ਰਿਤਸਰ ਇੱਕ ਪ੍ਰਮੁੱਖ ਧਾਰਮਿਕ ਅਤੇ ਸੈਲਾਨੀ ਸ਼ਹਿਰ ਹੈ, ਜਿੱਥੇ ਹਰ ਰੋਜ਼ ਲੱਖਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ ਅਤੇ ਦੁਰਗਿਆਨਾ ਮੰਦਰ ਵਿੱਚ ਮੱਥਾ ਟੇਕਣ ਆਉਂਦੇ ਹਨ, ਜਿਸ ਕਾਰਨ ਭੀੜ ਵਧ ਜਾਂਦੀ ਹੈ।ਇਸ ਲਈ ਇਨ੍ਹਾਂ ਦਿਨਾਂ ਵਿਸ਼ੇਸ਼ ਤੌਰ ’ਤੇ ਕੂੜਾ ਚੁੱਕਣ ਦੀ ਵਿਵਸਥਾ ਕੀਤੀ ਜਾਵੇ ਅਤੇ ਕੰਪਨੀ ਦੇ ਸਾਰੇ ਵਾਹਨ ਹਫ਼ਤੇ ਦੇ ਸੱਤੇ ਦਿਨ ਚਲਾਏ ਜਾਣ।ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਸਾਫ਼ ਅਤੇ ਕੂੜਾ ਰਹਿਤ ਰੱਖਣ ਲਈ ਵਾਧੂ ਵਾਹਨ ਅਤੇ ਕਰਮਚਾਰੀ ਤੈਨਾਤ ਕੀਤੇ ਜਾਣ।
ਮੇਅਰ ਨੇ ਝੱਬਾਲ ਰੋਡ ਡੰਪ ਸਾਈਟ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ, ਜਿੱਥੇ ਲਗਭਗ 80,000 ਟਨ ਪੁਰਾਣਾ ਕੂੜਾ ਪਿਆ ਹੋਇਆ ਹੈ।ਉਨ੍ਹਾਂ ਇਸ ਕੂੜੇ ਦੀ ਵਿਗਿਆਨਕ ਪ੍ਰਕਿਰਿਆ ਲਈ ਉਚਿਤ ਮਸ਼ੀਨਰੀ ਲਗਾਉਣ ਅਤੇ ਉਪਲੱਬਧ ਖਾਲੀ ਜ਼ਮੀਨ ਦੀ ਪੂਰੀ ਵਰਤੋਂ ਕਰਨ ਦੇ ਨਿਰਦੇਸ਼਼ ਦਿੱਤੇ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media