ਅੰਮ੍ਰਿਤਸਰ, 5 ਫ਼ਰਵਰੀ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮਿ੍ਰਤਸਰ ਵਲੋਂ ਪਿਛਲੀਂ ਦਿਨੀਂ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਕੇ ਅਲਵਿਦਾ ਕਹਿ ਗਏ ਪ੍ਰਸਿੱਧ ਨਾਟਕਕਾਰ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਫਾਊਂਡਰ ਮੈਂਬਰ ਜਤਿੰਦਰ ਬਰਾੜ ਅਤੇ ਪ੍ਰਸਿੱਧ ਚਿੱਤਰਕਾਰ ਬਲਦੇਵ ਗੰਭੀਰ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ, ਜਿਸ ਵਿੱਚ ਪਹੁੰਚੇ ਵੱਖ-ਵੱਖ ਖੇਤਰਾਂ ਦੇ ਕਲਾਕਾਰਾਂ ਨੇ ਉਨ੍ਹਾਂ ਨੂੰ ਦਿਲੀ ਸ਼ਰਧਾਂਜਲੀ ਅਰਪਿਤ ਕੀਤੀ।ਆਰੰਭ ਵਿੱਚ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਆਪਣੀ ਜ਼ਿੰਦਗੀ ਦੇ ਲੰਮੇ ਸਫ਼ਰ ਅਤੇ ਜਤਿੰਦਰ ਸਿੰਘ ਬਰਾੜ ਤੇ ਡਾ. ਬਲਦੇਵ ਗੰਭੀਰ ਨਾਲ ਹੋਈਆਂ ਮੁਲਾਕਾਤਾਂ ਨਾਟ ਖੇਤਰ ਦੇ ਕਾਰਜ਼ਾਂ ਤੇ ਜਾਤੀ ਸਬੰਧਾਂ ਦਾ ਭਾਵੁਕ ਸ਼ਬਦਾਂ ਨਾਲ ਜ਼ਿਕਰ ਕੀਤਾ ਤੇ ਉਨ੍ਹਾਂ ਦੀ ਯਾਦ ਵਿੱਚ ਵਿਰਸਾ ਵਿਹਾਰ ਵਿਖੇ ਜਤਿੰਦਰ ਬਰਾੜ ਦੇ ਲਿਖੇ ਨਾਟਕਾਂ ਦਾ ਨਾਟ ਉਤਸਵ ਕਰਵਾਉਣ ਅਤੇ ਇਸੇ ਤਰ੍ਹਾਂ ਬਲਦੇਵ ਗੰਭੀਰ ਦੀ ਯਾਦ ਵਿੱਚ ਪੇਂਟਿੰਗ ਮੁਕਾਬਲੇ ਕਰਵਾਉਣ ਦਾ ਵੀ ਐਲਾਨ ਕੀਤਾ।ਸ਼੍ਰੋਮਣੀ ਅਦਾਕਾਰ ਸ੍ਰੀਮਤੀ ਜਤਿੰਦਰ ਕੌਰ ਪਿਛਲੀ ਅੱਧੀ ਸਦੀ ਦੌਰਾਨ ਕੀਤੇ ਨਾਟਕਾਂ ਫ਼ਿਲਮਾਂ ਤੇ ਹੋਰ ਅਦਾਕਾਰੀਆਂ ਦਾ ਜ਼ਿਕਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਡਾ. ਕੁਲਬੀਰ ਸਿੰਘ ਸੂਰੀ ਨੇ ਕਿਹਾ ਕਿ ਜਤਿੰਦਰ ਬਰਾੜ ਨੂੰ ਵਿਦੇਸ਼ ਹੋਣ ਕਾਰਨ ਆਖ਼ਰੀ ਸਮੇਂ ਨਾ ਮਿਲ ਸਕਣ ਦਾ ਸਦਾ ਅਫ਼ਸੋਸ ਰਹੇਗਾ।ਡਾ. ਰਿਤੂ ਸ਼ਰਮਾ, ਨਾਟਕਕਾਰ ਜਗਦੀਸ਼ ਸਚੇਦਵਾ, ਚਿੱਤਰਕਾਰ ਕੁਲਵੰਤ ਸਿੰਘ, ਜਸਵੰਤ ਸਿੰਘ ਜੱਸ, ਬ੍ਰਿਜੇਸ਼ ਜੋਲੀ ਅਤੇ ਲੇਖਿਕਾ ਅਰਤਿੰਦਰ ਸੰਧੂ ਨੇ ਖ਼ੂਬਸੂਰਤ ਸ਼ਬਦਾਂ ਨਾਲ ਉਨ੍ਹਾਂ ਨਾ ਬਿਤਾਏ ਪਲ੍ਹਾਂ ਦਾ ਜ਼ਿਕਰ ਕੀਤਾ।ਵਿਰਸਾ ਵਿਹਾਰ ਦੇ ਵਿੱਤ ਸਕੱਤਰ ਭੁਪਿੰਦਰ ਸਿੰਘ ਸੰਧੂ ਨੇ ਅੰਮ੍ਰਿਤਸਰ ਦੇ ਵੱਖ-ਵੱਖ ਖੇਤਰਾਂ ਦੀਆਂ ਹਸਤੀਆਂ ਦਾ ਜ਼ਿਕਰ ਕਰਦਿਆਂ ਅੰਮ੍ਰਿਤਸਰ ਦੇ ਲੋਕਾਂ ਦਾ ਮਾਰਗ ਦਰਸ਼ਨ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਬੁੱਤ ਤਰਾਸ਼ ਨਰਿੰਦਰ ਸਿੰਘ, ਟੀ. ਐਸ ਰਾਜਾ, ਗਾਇਕ ਹਰਿੰਦਰ ਸੋਹਲ, ਇਕਬਾਲ ਕੌਰ ਸੌਂਧ, ਬਲਵਿੰਦਰ ਭਾਰਤੀ, ਅਦਾਕਾਰ ਗੁਰਤੇਜ ਮਾਨ, ਸੁਮੀਤ ਸਿੰਘ, ਧਰਮਿੰਦਰ ਸ਼ਰਮਾ, ਰਾਜ ਖੁਸ਼ਵੰਤ ਸਿੰਘ ਸੰਧੂ, ਅਮਰਪਾਲ, ਯਸ਼ਪਾਲ ਝਬਾਲ, ਡਾ. ਬਿਕਰਮ ਸਿੰਘ, ਵਿਕਾਸ ਸੋਨੂੰ, ਜਸਵਿੰਦਰ ਕੌਰ, ਗੁਰਸੇਵਕ ਸਿੰਘ ਨਾਗੀ, ਸਤਨਾਮ ਸਿੰਘ, ਮਰਕਸਪਾਲ ਗੁਮਟਾਲਾ ਆਦਿ ਸਮੇਤ ਨਾਟ ਪ੍ਰੇਮੀ ਤੇ ਕਲਾਕਾਰ ਹਾਜ਼ਰ ਸਨ।
Check Also
ਨਗਰ ਨਿਗਮ ਵਲੋਂ ਕੋਰਟ ਰੋਡ ਅਤੇ ਰੇਲਵੇ ਲਿੰਕ ਰੋਡ ’ਤੇ ਨਜਾਇਜ਼ ਕਬਜਿਆਂ ਖਿਲਾਫ਼ ਮੁਹਿੰਮ
ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ) – ਸੁਚੱਜੀ ਟ੍ਰੈਫਿਕ ਵਿਵਸਥਾ, ਲੋਕ ਸੁਰੱਖਿਆ ਅਤੇ ਸੜਕਾਂ ਨੂੰ ਕਬਜ਼ਾ-ਮੁਕਤ …
Punjab Post Daily Online Newspaper & Print Media