Saturday, February 14, 2026

ਖ਼ਾਲਸਾ ਕਾਲਜ ਵਿਖੇ ਪੰਜਾਬ ਦਰਿਆਈ ਜਲ ਵਿਵਾਦ ਦੱਖਣੀ ਏਸ਼ੀਆਂ ’ਤੇ ਭਾਸ਼ਣ ਕਰਵਾਇਆ

ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਵਿਖੇ ‘ਪੰਜਾਬ ਦਰਿਆਈ ਜਲ ਵਿਵਾਦ ਦੱਖਣੀ ਏਸ਼ੀਆ’ ’ਤੇ ਭਾਸ਼ਣ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਉੱਘੇ ਰਾਜਨੀਤਿਕ ਵਿਦਵਾਨ ਡਾ. ਕੁਲਦੀਪ ਸਿੰਘ ਨੇ ਕਿਹਾ ਕਿ 1955 ’ਚ ਭਾਰਤ-ਪਾਕਿਸਤਾਨ ਵਿਚਕਾਰ ਹੋਇਆ ਸਿੰਧੂ ਜਲ ਸਮਝੱਤਾ ਪੰਜਾਬ ਅਤੇ ਹਰਿਆਣਾ ਦਰਮਿਆਨ ਅੰਤਰ-ਰਾਜੀ ਜਲ ਵਿਵਾਦ ਦਾ ਮੂਲ ਕਾਰਨ ਬਣ ਗਿਆ ਸੀ ਅਤੇ ਅੱਜ ਜਦੋਂ ਦਰਿਆਈ ਜਲ ਵਿਵਾਦ ’ਤੇ ਚਰਚਾ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵੰਡ ਉਪਰੰਤ ਪੰਜਾਬ ਅਤੇ ਹਰਿਆਣਾ ਇਕਜੁੱਟ ਸੀ, ਜਦੋਂਕਿ ਬਾਅਦ ’ਚ ਰਾਜਾਂ ਦੇ ਅਲੱਗ ਹੋਣ ਨਾਲ ਇਸ ਵਿਵਾਦ ਨੇ ਭਿਆਨਕ ਅਤੇ ਵੱਡਾ ਰੂਪ ਧਾਰਨ ਕਰ ਲਿਆ।
ਡਾ. ਕੁਲਦੀਪ ਸਿੰਘ ਨੇ ਰੂਟਲੇਜ ਪ੍ਰਕਾਸ਼ਨ ਦੁਆਰਾ ਲਿਖੀ ਉਕਤ ਆਪਣੀ ਨਵੀਂ ਕਿਤਾਬ ’ਤੇ ਭਾਸ਼ਣ ਦਿੰਦਿਆਂ ਕਿਹਾ ਕਿ ਸਤਲੁਜ, ਬਿਆਸ ਅਤੇ ਰਾਵੀ ਦੇ ਪੂਰੇ ਪਾਣੀਆਂ ’ਤੇ ਆਪਣਾ ਦਾਅਵਾ ਕਰਨ ਲਈ ਭਾਰਤ ਨੂੰ ਇਹ ਸਾਬਤ ਕਰਨਾ ਪਿਆ ਕਿ ਉਸ ਕੋਲ ਕੋਈ ਵਾਧੂ ਪਾਣੀ ਨਹੀਂ ਹੈ।ਇਸ ਲਈ ਉਸ ਸਮੇਂ ਕੁੱਲ 15.8 ਐਮ.ਏ.ਐਫ ਪਾਣੀ ’ਚੋਂ 8 ਐਮ.ਏ.ਐਫ਼ ਪਾਣੀ ਰਾਜਸਥਾਨ ਨੂੰ ਅਨੁਪਾਤਕ ਤੌਰ ’ਤੇ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹਰੀ ਕ੍ਰਾਂਤੀ ਦੇ ਆਉਣ ਅਤੇ ਪੰਜਾਬ ਅਤੇ ਹਰਿਆਣਾ ਦੀ ਜ਼ਰੂਰਤ ਵਧਣ ਤੋਂ ਬਾਅਦ ਦੋਵਾਂ ਰਾਜਾਂ ਵਿਚਕਾਰ ਬੇਅੰਤ ਪਾਣੀ ਵਿਵਾਦ ਸ਼ੁਰੂ ਹੋ ਗਿਆ।ਇਸ ਮਸਲੇ ਦੇ ਹੱਲ ਲਈ ਜ਼ਿੰਮੇਵਾਰੀ ਨਾਲ ਕੋਸ਼ਿਸ਼ਾਂ ਕਰਨ ਦੀ ਬਜ਼ਾਏ ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਨੇ ਵੋਟਾਂ ਦੀ ਰਾਜਨੀਤੀ ਨੂੰ ਤਰਜ਼ੀਹ ਦਿੱਤੀ ਅਤੇ ਰਾਜਸਥਾਨ ਦੇ ਹਿੱਸੇ ਨੂੰ ਮੁੜ ਵਿਚਾਰ ’ਚ ਲਿਆਂਦਾ ਹੀ ਨਹੀਂ ਗਿਆ।ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਸਮੂਹ ਬੁਲਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੱਭਿਆਚਾਰਕ ਪੱਖੋਂ ਵੀ ਪਾਣੀ, ਜ਼ਮੀਨ ਵਾਂਗ ਸੂਬੇ ਦੇ ਕਿਸਾਨਾਂ ਲਈ ਇਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਹ ਗੰਭੀਰ ਚਰਚਾਵਾਂ ਦੀ ਮੰਗ ਕਰਦਾ ਹੈ।
ਰਾਜਨੀਤੀ ਸ਼ਾਸਤਰ ਦੇ ਮੁਖੀ ਅਤੇ ਡੀਨ ਵਿਦਿਆਰਥੀ ਭਲਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਸਤਨਾਮ ਸਿੰਘ ਦਿਓਲ ਨੇ ਕਿਹਾ ਕਿ ਇਹ ਕਿਤਾਬ ਇੱਕ ਮਹੱਤਵਪੂਰਨ ਨਿਸ਼ਾਨ ਹੈ।ਵਿਭਾਗ ਮੁਖੀ ਡਾ. ਦਵਿੰਦਰ ਸਿੰਘ ਨੇ ਆਏ ਬੁਲਾਰਿਆਂ ਅਤੇ ਵਿਸ਼ੇ ਸਬੰਧੀ ਜਾਣ-ਪਛਾਣ ਕਰਵਾਈ।ਜਦਕਿ ਪ੍ਰੋਫੈਸਰ ਜਸਪ੍ਰੀਤ ਕੌਰ, ਡੀਨ ਆਰਟਸ ਐਂਡ ਹਿਊਮੈਨਿਟੀਜ਼ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਮੌਕੇ ਡਾ. ਸੁਖਜੀਤ ਸਿੰਘ, ਡਾ. ਗੁਰਵੇਲ ਸਿੰਘ ਮੱਲ੍ਹੀ, ਡਾ. ਹਰਬਿਲਾਸ ਸਿੰਘ, ਡਾ. ਦਵਿੰਦਰ ਕੌਰ, ਡਾ. ਬਲਜੀਤ ਸਿੰਘ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਮੌਜ਼ੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਰਿਸ਼ੀ ਬੋਧ ਉਤਸਵ ਅਤੇ ਮਹਾਂਸ਼ਿਵਰਾਤਰੀ ਸ਼ਰਧਾ ਨਾਲ ਮਨਾਈ

ਅੰਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਮਹਾਂਸ਼ਿਵਰਾਤਰੀ ਅਤੇ ਰਿਸ਼ੀ …