ਅੰਮ੍ਰਿਤਸਰ, 17 ਫਰਵਰੀ (ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਲਾਲ ਸਿੰਘ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਸਭਾ ਦੇ
ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਜਾਰੀ ਮੀਡੀਆ ਬਿਆਨ ਵਿੱਚ ਕਿਹਾ ਹੈ ਕਿ ਲਾਲ ਸਿੰਘ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ।
20 ਅਪ੍ਰੈਲ 1940 ਨੂੰ ਦਸੂਹਾ (ਜਿਲ੍ਹਾ ਹੁਸਿਆਰਪੁਰ) ਵਿਖੇ ਜਨਮੇ ਲਾਲ ਸਿੰਘ ਨੇ ਆਪਣੀ ਸਾਹਿਤ ਰਚਨਾ ਅਤੇ ਕਹਾਣੀਆਂ ਰਾਹੀਂ ਪੰਜਾਬੀ ਸਾਹਿਤ ਨੂੰ ਸਮਰੱਥ ਬਣਾਇਆ ਅਤੇ ਸਮਾਜਕ ਸਚਾਈਆਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ।ਉਨ੍ਹਾਂ ਨੇ ਸਮਾਜਿਕ ਹਕੀਕਤਾਂ, ਆਮ ਮਨੁੱਖ ਦੇ ਦੁੱਖ-ਦਰਦ ਅਤੇ ਜੀਵਨ ਸੰਘਰਸ਼ ਨੂੰ ਸੰਵੇਦਨਸ਼ੀਲ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਪੇਸ਼ ਕੀਤਾ।
ੱ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਮਾਰਖੋਰੋ (1984), ਬਲੌਰ (1986), ਧੁੱਪ-ਛਾਂ (1990), ਕਾਲੀ ਮਿੱਟੀ (1996), ਚੋਣਵੀਂ ਪੰਜਾਬੀ ਕਹਾਣੀ (1996), ਅੱਧੇ ਅਧੂਰੇ (2003), ਸਰਦੇ ਪੁੱਜਦੇ, ਗੜ੍ਹੀ ਬਖ਼ਸ਼ਾ ਸਿੰਘ (2010) ਅਤੇ ਸੰਸਾਰ (2017) ਪੰਜਾਬੀ ਕਹਾਣੀ ਸਾਹਿਤ ਦੀ ਮਹੱਤਵਪੂਰਨ ਵਿਰਾਸਤ ਹਨ।
ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨਾਲ ਲੰਬੇ ਸਮੇਂ ਤੱਕ ਸਰਗਰਮ ਤੌਰ ’ਤੇ ਜੁੜ ਕੇ ਮੀਤ ਪ੍ਰਧਾਨ ਸਮੇਤ ਕਈ ਅਹੁੱਦਿਆਂ ’ਤੇ ਆਪਣੀਆਂ ਜਿੰਮੇਵਾਰੀਆਂ ਨਿਭਾਉਂਦੇ ਰਹੇ।ਲਾਲ ਸਿੰਘ ਦਾ ਅੰਤਿਮ ਸੰਸਕਾਰ 19 ਫਰਵਰੀ ਨੂੰ ਬਾਅਦ ਦੁਪਹਿਰ 1-00 ਵਜੇ ਸ਼ਮਸ਼ਾਨਘਾਟ ਪਿੰਡ ਕਹਿਰਵਾਲੀ ਨੇੜੇ ਡਰਾਈਵਿੰਗ ਸਕੂਲ (ਦਸੂਹਾ) ਵਿਖੇ ਕੀਤਾ ਜਾਵੇਗਾ ਅਤੇ ਉਨ੍ਹਾਂ ਨਮਿਤ ਭੋਗ 23 ਫਰਵਰੀ ਨੂੰ ਪਾਇਆ ਜਾਵੇਗਾ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ ਸਮੁੱਚੀ ਕਾਰਜਕਾਰਨੀ ਨੇ ਵਿੱਛੜੇ ਸਾਹਿਤਕਾਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media