ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ) ਸਬੰਧੀ ਬੀਤੇ ਦਿਨੀਂ ਦਿੱਲੀ ਵਿਖੇ ਹੋਏ ਅੰਤਰਰਾਸ਼ਟਰੀ ਸੰਮੇਲਨ ਮੌਕੇ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਕੇ ਅੰਤਰਰਾਸ਼ਟਰੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਅਤੇ ਸਿੱਖ ਧਰਮ ਨਾਲ ਸਬੰਧਤ ਮਾਮਲਿਆਂ ਨੂੰ ਉਭਾਰਿਆ।ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਏ.ਆਈ ਤਕਨੀਕ ਨਾਲ ਧਾਰਮਿਕ ਖੇਤਰ ਵਿੱਚਲੀ ਸਮੱਗਰੀ ਦੇ ਦੁਰਉਪਯੋਗ ਨੂੰ ਰੋਕਣ ਲਈ ਸੁਰੱਖਿਆ ਉਪਾਅ ਲਾਗੂ ਕਰਨ ਲਈ ਆਖਿਆ।
ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ ਨੇ ਦੱਸਿਆ ਕਿ 16 ਤੋਂ 20 ਫ਼ਰਵਰੀ ਤੱਕ ਹੋਏ ਇਸ ਸੰਮੇਲਨ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਿਸਟਮ ਐਡਮਿਨਿਸਟਰੇਟਰ ਕਰਮਵੀਰ ਸਿੰਘ ਦੀ ਅਗਵਾਈ ਹੇਠ ਨੁਮਾਦਿੰਦੇ ਸ਼ਾਮਲ ਹੋਏ ਸਨ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਜਿਥੇ ਏ.ਆਈ ਤਕਨੀਕ ਨਾਲ ਸਿੱਖ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਯਤਨਸ਼ੀਲ ਹੈ, ਉਥੇ ਹੀ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਡਾਟਾ ਬੈਂਕ ਤਿਆਰ ਕਰਨ ਲਈ ਵੀ ਕਾਰਜਸ਼ੀਲ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਇਸ ਕਾਨਫ਼ਰੰਸ ਦੌਰਾਨ ਪ੍ਰਮੁੱਖ ਕੰਪਨੀਆਂ ਜਿਨ੍ਹਾਂ ਵਿੱਚ ਗੂਗਲ, ਮੈਟਾ ਤੇ ਓਪਨ ਏ.ਆਈ ਆਦਿ ਸ਼ਾਮਲ ਹਨ ਦੇ ਅਧਿਕਾਰੀਆਂ ਨਾਲ ਰਾਬਤਾ ਕਰਦਿਆਂ ਆਪਣੇ ਸਿਸਟਮ ਵਿੱਚ ਅਜਿਹੇ ਕੀਵਰਡ ਸ਼ਾਮਲ ਕਰਨ ਲਈ ਆਖਿਆ, ਜਿਨ੍ਹਾਂ ਜ਼ਰੀਏ ਧਰਮ ਦੇ ਵਿਰੁੱਧ ਕਿਸੇ ਵੀ ਗਤੀਵਿਧੀ ਨੂੰ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪੰਜਾਬੀ ਅਤੇ ਗੁਰਮੁੱਖੀ ਭਾਸ਼ਾ ਨਾਲ ਸਬੰਧਤ ਪ੍ਰਮਾਣਿਕ ਡਾਟਾ ਨੂੰ ਸ਼ਾਮਲ ਕਰਨ ਅਤੇ ਪਵਿੱਤਰ ਚਿੰਨਾਂ ‘ਤੇ ਧਾਰਮਿਕ ਪਛਾਣ ਦੇ ਦੁਰਉਪਯੋਗ ਨੂੰ ਰੋਕਣ ਲਈ ਤਕਨੀਕੀ ਸੁਰੱਖਿਆ ਉਪਾਅ ਲਾਗੂ ਕਰਨ ਲਈ ਵੀ ਆਪਣੀ ਗੱਲ ਰੱਖੀ ਹੈ।
ਸ. ਵਕਤਾ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਦੇ ਅਧਿਕਾਰੀਆਂ ਨੇ ਸ਼੍ਰੋਮਣੀ ਕਮੇਟੀ ਦੇ ਪੱਖ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਹਰ ਸੰਭਵ ਹੱਲ ਲਈ ਯਤਨਸ਼ੀਲ ਰਹਿਣ ਦਾ ਭਰੋਸਾ ਦਿੱਤਾ ਹੈ।ਆਧੁਨਿਕ ਤਕਨਾਲੋਜੀ ਦੇ ਇਸ ਯੁੱਗ ਵਿਚ ਧਾਰਮਿਕ ਅਜ਼ਾਦੀ, ਮਰਯਾਦਾ ਅਤੇ ਸੰਵੇਦਨਸ਼ੀਲਤਾ ਦੀ ਰੱਖਿਆ ਕਰਨਾ ਸਾਰਿਆਂ ਦੀ ਸਾਂਝੀ ਜ਼ੁੰਮੇਵਾਰੀ ਹੈ।ਸ਼੍ਰੋਮਣੀ ਕਮੇਟੀ ਇਸ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਹੈ ਅਤੇ ਲੋੜ ਅਨੁਸਾਰ ਸਮੇਂ-ਸਮੇਂ ’ਤੇ ਇਸ ਖੇਤਰ ਵਿੱਚ ਮਾਹਿਰਾਂ ਦੀ ਸਲਾਹ ਅਨੁਸਾਰ ਯਤਨ ਜਾਰੀ ਰਹਿਣਗੇ।ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਸੰਸਥਾਵਾਂ, ਅਦਾਰਿਆਂ ਅਤੇ ਨਿੱਜੀ ਤੌਰ ’ਤੇ ਕਾਰਜ਼ ਕਰਦੇ ਲੋਕਾਂ ਨਾਲ ਰਾਬਤਾ ਕਰਕੇ ਇਸ ਆਧੁਨਿਕ ਤਕਨੀਕ ਦੇ ਸਦਉਪਯੋਗ ਨੂੰ ਯਕੀਨੀ ਬਨਾਉਣ ਲਈ ਯਤਨ ਵੀ ਕੀਤੇ ਜਾਣਗੇ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media