Thursday, August 20, 2026

ਖ਼ਾਲਸਾ ਕਾਲਜ ਐਜ਼ੂਕੇੇਸ਼ਨ ਰਣਜੀਤ ਐਵੀਨਿਊ ਵਿਖੇ ਰਾਸ਼ਟਰੀ ਸਿੱਖਿਆ ਨੀਤੀ ’ਤੇ ਸੈਮੀਨਾਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵਨਿਊ ਵਿਖੇ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਐਨ.ਈ.ਪੀ-2020 ਰਾਹੀਂ ਰਾਸ਼ਟਰੀ ਸਿੱਖਿਆ ਦੀ ਭਾਵਨਾ ਨੂੰ ਸ਼ਾਮਿਲ ਕਰਨਾ’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡੀ.ਆਈ.ਈ.ਟੀ), ਵੇਰਕਾ ਪ੍ਰਿੰਸੀਪਲ ਸੁਖਦੇਵ ਸਿੰਘ ਵੱਲੋਂ ਸਾਂਝੇ ਤੌਰ ’ਤੇ ਐਸ.ਸੀ.ਈ.ਆਰ.ਟੀ ਦੀ ਡਾਇਰੈਕਟਰ ਸ੍ਰੀਮਤੀ ਕਿਰਨ ਸ਼ਰਮਾ ਦੀ ਯੋਗ ਅਗਵਾਈ ਹੇਠ ਉਲੀਕਿਆ ਗਿਆ।
ਪ੍ਰਿੰ: ਡਾ. ਮਨਦੀਪ ਕੌਰ ਨੇ ਦੱਸਿਆ ਕਿ ਇਹ ਸੈਮੀਨਾਰ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਦ੍ਰਿਸ਼ਟੀਕੋਣ ਅਤੇ ਲਾਗੂ ਕਰਨ ਦੀਆਂ ਰਣਨੀਤੀਆਂ ’ਤੇ ਚਰਚਾ ਕਰਨ ’ਤੇ ਕੇਂਦ੍ਰਿਤ ਸੀ।ਉਨ੍ਹਾਂ ਕਿਹਾ ਕਿ ਸੈਮੀਨਾਰ ਦੇ ਪਹਿਲੇ ਪੜਾਅ ’ਚ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਫੈਕਲਟੀ ਮੁਖੀ ਅਤੇ ਡੀਨ ਪ੍ਰੋ. ਦੀਪਾ ਸਿਕੰਦ ਕੌਟਸ ਨੇ ਸ਼ਿਰਕਤ ਕਰਦਿਆਂ ਉਦਘਾਟਨੀ ਭਾਸ਼ਣ ਦਿੰਦਿਆਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਪੇਸ਼ ਕੀਤੇ ਗਏ ਪਰਿਵਰਤਨਸ਼ੀਲ ਸੁਧਾਰਾਂ ’ਤੇ ਚਾਨਣਾ ਪਾਇਆ।
ਮੁੱਖ ਭਾਸ਼ਣ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਵਦੀਪ ਕੌਰ ਗਿੱਲ ਵੱਲੋਂ ਦਿੱਤਾ ਗਿਆ, ਜਿਨ੍ਹਾਂ ਨੇ ਸਕੂਲ ਪੱਧਰ ’ਤੇ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਹਾਰਕ ਪਹੁੰਚਾਂ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਐਨ.ਈ.ਪੀ-2020 ਦੇ ਵੱਖ-ਵੱਖ ਪਹਿਲੂਆਂ ’ਤੇ ਕੇਂਦ੍ਰਿਤ ਚਾਰ ਤਕਨੀਕੀ ਸੈਸ਼ਨਾਂ ’ਚ ਕਰੀਬ 100 ਤੋਂ ਵਧੇਰੇ ਖੋਜ਼ ਪੱਤਰ ਆਫ਼ਲਾਈਨ ਅਤੇ ਆਨਲਾਈਨ ਢੰਗਾਂ ’ਚ ਪੇਸ਼ ਕੀਤੇ ਗਏ, ਜਿਸ ’ਚ ਪਾਠਕ੍ਰਮ ਸੁਧਾਰ, ਡਿਜ਼ੀਟਲ ਏਕੀਕਰਨ, ਸਮਾਵੇਸ਼ੀ ਸਿੱਖਿਆ ਅਤੇ ਅਧਿਆਪਕ ਸਸ਼ਕਤੀਕਰਨ ਸ਼ਾਮਿਲ ਹਨ।
ਪ੍ਰਿੰ: ਡਾ. ਮਨਦੀਪ ਕੌਰ ਨੇ ਕਿਹਾ ਕਿ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਰੀਜ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ, ਅਜਮੇਰ ਤੋਂ ਐਸੋਸੀਏਟ ਪ੍ਰੋਫੈਸਰ ਡਾ. ਅੰਮ੍ਰਿਤਾ ਕਾਤਿਆਨੀ ਨੇ ਕੀਤੀ।ਉਨ੍ਹਾਂ ਨੇ ਖੋਜ਼ ਪੇਪਰਾਂ ਦੀ ਅਕਾਦਮਿਕ ਗੰਭੀਰਤਾ ਦੀ ਸ਼ਲਾਘਾ ਕਰਦਿਆਂ ਸਿੱਖਿਆ ਸੁਧਾਰਾਂ ’ਤੇ ਨਿਰੰਤਰ ਸੰਵਾਦ ਜਾਰੀ ਰੱਖਣ ਦੀ ਪ੍ਰੇਰਣਾ ਦਿੱਤੀ। ਇਸ ਸਮਾਗਮ ’ਚ ਡੀ.ਈ.ਓ, ਡਿਪਟੀ ਡੀ.ਈ.ਓ, ਅੰਮ੍ਰਿਤਸਰ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …