Sunday, July 5, 2026

ਖ਼ਾਲਸਾ ਯੂਨੀਵਰਸਿਟੀ ਵੱਲੋਂ ‘ਪੰਜਾਬੀ ਭਾਸ਼ਾ ਅਤੇ ਕੰਪਿਊਟਰ’ ਵਿਸ਼ੇ ’ਤੇ 7 ਰੋਜ਼ਾ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੰਜਾਬੀ ਵਿਭਾਗ ਵਲੋਂ ‘ਪੰਜਾਬੀ ਭਾਸ਼ਾ ਅਤੇ ਕੰਪਿਊਟਰ’ ਵਿਸ਼ੇ ’ਤੇ 7 ਰੋਜ਼ਾ ਵਰਕਸ਼ਾਪ ਕਰਵਾਈ ਗਈ।ਜਿਸ ਦੌਰਾਨ ’ਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ’ਵਰਸਿਟੀ ਦੇ ਭਾਸ਼ਾਵਾਂ ਡੀਨ ਡਾ. ਰਮਿੰਦਰ ਕੌਰ ਅਤੇ ਕਾਲਜ ਦੇ ਪੰਜਾਬੀ ਵਿਭਾਗ ਮੁਖੀ ਪ੍ਰੋ: ਰਵਿੰਦਰ ਕੌਰ ਵਲੋਂ ਪ੍ਰਮੁੱਖ ਬੁਲਾਰੇ ਵਜੋਂ ਪੁੱਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਸਿਸਟੈਂਟ ਪ੍ਰੋਫ਼ੈਸਰ ਡਾ. ਸੀ.ਪੀ ਕੰਬੋਜ ਦਾ ਪੌਦਾ ਭੇਂਟ ਕਰਕੇ ਸਵਾਗਤ ਕੀਤਾ ਗਿਆ।
ਵਰਕਸ਼ਾਪ ਦੌਰਾਨ ਡਾ. ਸੁਰਿੰਦਰ ਕੌਰ ਵੱਲੋਂ ਡਾ. ਕੰਬੋਜ ਦਾ ਸਵਾਗਤ ਕਰਨ ਉਪਰੰਤ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਵੱਲ ਰੁਚਿਤ ਹੋਣ ਦੀ ਪ੍ਰੇਰਣਾ ਦਿੱਤੀ।ਉਨ੍ਹਾਂ ਵਿਭਾਗ ਵਲੋਂ ਅਜਿਹੇ ਅਕਾਦਮਿਕ ਪ੍ਰੋਗਰਾਮ ਕਰਵਾਉਣ ਲਈ ਸ਼ਲਾਘਾ ਵੀ ਕੀਤੀ।ਡਾ. ਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਏ.ਆਈ ਦੀ ਵਿਹਾਰਕ ਵਰਤੋਂ ਰਾਹੀਂ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੇ ਰਹਿਣ ਦੀ ਗੱਲ ਆਖੀ।
7 ਦਿਨਾਂ ਤੱਕ ਚੱਲੀ ਵਰਕਸ਼ਾਪ ਦੌਰਾਨ ਡਾ. ਕੰਬੋਜ ਵਲੋਂ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਫੌਂਟਸ, ਟਾਈਪਿੰਗ, ਵੱਖ-ਵੱਖ ਸਾਫ਼ਟਵੇਅਰਾਂ ਦੀ ਵਰਤੋਂ ਕਰਨ ਅਤੇ ਡਿਜ਼ੀਟਲ ਤਕਨੀਕਾਂ ਨੂੰ ਮਾਂ ਬੋਲੀ ਪੰਜਾਬੀ ’ਚ ਸਮਝਣ ਅਤੇ ਵਰਤਣ ਦੀ ਸਿਧਾਂਤਕ ਅਤੇ ਵਿਹਾਰਕ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਉਕਤ ਦਿਨਾਂ ਦੌਰਾਨ ਡਾ. ਕੰਬੋਜ ਨੇ ਮਸ਼ੀਨੀ ਬੁੱਧੀ (ਏ.ਆਈ) ਦੀ ਪਰਿਭਾਸ਼ਾ ਵੱਖ-ਵੱਖ ਖੇਤਰਾਂ ’ਚ ਪਏ ਪ੍ਰਭਾਵਾਂ ਅਤੇ ਇਸ ਦੇ ਲਾਭਾਂ ਦੇ ਨਾਲ-ਨਾਲ ਖ਼ਤਰਿਆਂ ਬਾਰੇ ਸੁਚੇਤ ਕੀਤਾ।ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਅਧਿਐਨ-ਅਧਿਆਪਨ ਨਾਲ ਜੁੜੀਆਂ ਵੱਖ-ਵੱਖ ਵੈਬਸਾਈਟਾਂ ਅਤੇ ਐਪਸ ਦੀ ਵਰਤੋਂ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਡਾ. ਕੰਬੋਜ ਨੇ ਵਰਕਸ਼ਾਪ ਦੌਰਾਨ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਕੰਪਿਊਟਰ ਤੇ ਆਧੁਨਿਕ ਤਕਨਾਲੋਜੀ ਨਾਲ ਜੁੜੇ ਗਿਆਨ ਨੂੰ ਲੋਕਾਂ ਤੱਕ ਸੌਖੇ ਤੇ ਸਮਝਣ ਯੋਗ ਢੰਗ ਨਾਲ ਪਹੁੰਚਾਏ ਜਾਣ ਦੇ ਉਦੇਸ਼ ਤੋਂ ਜਾਣੂ ਕਰਵਾਇਆ।ਪ੍ਰੋਗਰਾਮ ਦੇ ਅਖ਼ੀਰਲੇ ਦਿਨ ਪ੍ਰੋ: ਰਵਿੰਦਰ ਕੌਰ ਵਲੋਂ ਡਾ. ਕੰਬੋਜ ਦਾ ਧੰਨਵਾਦ ਕੀਤਾ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …