Tuesday, March 10, 2026

ਛੀਨਾ ਨੇ ਖ਼ਾਲਸਾ ਕਾਲਜ ਵੈਟਰਨਰੀ ਦੀ ਪੁਸਤਕ ਅਤੇ ਵਿਦਿਆਰਥੀ ਮੈਗਜ਼ੀਨ ਕੀਤੀ ਲੋਕ ਅਰਪਿਤ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਨਵੇਂ ਆਏ ਵਿਦਿਆਰਥੀਆਂ ਲਈ ‘ਏ ਹੈਂਡ ਬੁੱਕ ਫਾਰ ਨਿਊ-ਵੈਟਸ’ ਨਾਮਕ ਪੁਸਤਕ ਅਤੇ ‘ਵੈਟਸ ਵਿਜ਼ਨ’ ਮੈਗਜ਼ੀਨ ਲੋਕ ਅਰਪਿਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਰੋਹ ਮੌਕੇ ਕਾਲਜ ਦੇ ਮੂਲ ਸਿਧਾਂਤਾਂ ਨੂੰ ਦਰਸਾਉਂਦਾ (ਕੇ.ਸੀ.ਵੀ.ਏ.ਐਸ) ਦੇ ‘ਨੋਲਜ਼ (ਜਾਣਕਾਰੀ), ਕਮਿਟਮੈਂਟ (ਵਚਨਬੱਧਤਾ), ਵੈਟਰਨਰੀ ਐਕਸੀਲੈਂਸ (ਵੈਟਰਨਰੀ ਮੁਹਾਰਤ), ਐਨੀਮਲ ਵੈਲਫ਼ੇਅਰ (ਪਸ਼ੂ ਭਲਾਈ), ਸਰਵਿਸ ਟੂ ਸੋਸਾਇਟੀ (ਸਮਾਜ ਭਲਾਈ ਦੇ ਕਾਰਜ)’ ਨੂੰ ਵੀ ਜਾਰੀ ਕੀਤਾ ਗਿਆ।
ਛੀਨਾ ਨੇ ਕੌਂਸਲ ਦੇ ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਰਾਜਬੀਰ ਸਿੰਘ, ਪਰਮਜੀਤ ਸਿੰਘ ਬੱਲ ਤੋਂ ਇਲਾਵਾ ਹੋਰ ਫੈਕਲਟੀ ਮੈਂਬਰਾਂ ਦੀ ਮੌਜ਼ੂਦਗੀ ’ਚ ਪ੍ਰਿੰ: ਡਾ. ਵਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਕਿਤਾਬ ਦੀ ਤਿਆਰੀ ਅਤੇ ਵਿਦਿਆਰਥੀ ਮੈਗਜ਼ੀਨ ਵਰਗੀਆਂ ਅਕਾਦਮਿਕ ਪਹਿਲ ਸਬੰਧੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਕਾਲਜ ਵੈਟਰਨਰੀ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ, ਜਿਸ ਨਾਲ ਇਹ ਸਮਾਗਮ ਸੰਸਥਾ ਲਈ ਇਕ ਯਾਦਗਾਰ ਅਕਾਦਮਿਕ ਮੀਲ ਪੱਥਰ ਸਥਾਪਿਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੁਸਤਕ ਕਾਲਜ ਦੇ ਅਧਿਆਪਕਾਂ ਵਲੋਂ ਸਾਂਝੇ ਤੌਰ ’ਤੇ ਲਿਖੀ ਗਈ ਪਹਿਲੀ ਕਿਤਾਬ ਹੈ।ਜਿਸ ’ਚ ਵੈਟਰਨਰੀ ਅਤੇ ਪਸ਼ੂ ਪਾਲਣ ਵਿਗਿਆਨ ਦੇ ਵੱਖ-ਵੱਖ ਪੱਖਾਂ ਨਾਲ ਸਬੰਧਿਤ ਲੈਕਚਰਾਂ ਅਤੇ ਵਰਕਸ਼ਾਪਾਂ ਦਾ ਸੰਕਲਨ ਕੀਤਾ ਗਿਆ ਹੈ।ਖਾਸ ਕਰਕੇ ਨਵੇਂ ਵੈਟਰਨਰੀ ਗ੍ਰੈਜੂਏਟਾਂ ਲਈ ਤਿਆਰ ਕੀਤੀ ਗਈ ਇਹ ਹੈਂਡਬੁੱਕ ਵੈਟਰਨਰੀ ਐਨਾਟਮੀ ਤੋਂ ਲੈ ਕੇ ਵੈਟਰਨਰੀ ਕਲੀਨਿਕਲ ਕੰਪਲੈਕਸ (ਵੀ.ਸੀ.ਸੀ) ਤੱਕ ਦੇ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਦੀ ਹੈ।
ਡਾ. ਵਰਮਾ ਨੇ ਸ: ਛੀਨਾ ਤੇ ਆਏ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮੈਗਜ਼ੀਨ ‘ਵੈਟਸ ਵਿਜ਼ਨ’ ਦਾ ਪਹਿਲਾ ਅੰਕ ਵੀ ਜਾਰੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਹ ਮੈਗਜ਼ੀਨ ਵਿਦਿਆਰਥੀਆਂ ਦੀ ਰਚਨਾਤਮਕ ਅਤੇ ਅਕਾਦਮਿਕ ਯਤਨਾਂ ਦਾ ਨਤੀਜਾ ਹੈ ਅਤੇ ਇਸ ਨੂੰ ਡਿਜ਼ਿਟਲ ਪਲੇਟਫਾਰਮ ’ਤੇ ਈ-ਮੈਗਜ਼ੀਨ ਦੇ ਰੂਪ ’ਚ ਛੀਨਾ ਵੱਲੋਂ ਲੋਕ ਅਰਪਿਤ ਕੀਤਾ ਗਿਆ ਹੈ ਅਤੇ ਇਸ ਨੂੰ ਕਾਲਜ ਦੀ ਵੈਬਸਾਈਟ ‘ਵੈਟਸ ਵਿਜ਼ਨ-ਸਟੂਡੈਂਟ ਕੋਰਨਰ’ ’ਤੇ ਵੇਖਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਦੇ ਮਾਲਕ ਵਿਗਿਆਨਕ ਢੰਗ ਨਾਲ ਕੁੱਤੇ, ਬਿੱਲੀਆਂ, ਪੰਛੀਆਂ ਆਦਿ ਦੀ ਦੇਖਭਾਲ ਅਤੇ ਪ੍ਰਵਿਰਸ਼ ਸਬੰਧੀ ਟ੍ਰੇਨਿੰਗ ਲਈ ਹਸਪਤਾਲ ਆ ਕੇ ਜਾਂ ਫਿਰ ਫੋਨ ਨੰਬਰ 0183-2994595 ’ਤੇ ਸੰਪਰਕ ਕਰ ਸਕਦੇ ਹਨ।

Check Also

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਵਿੱਚ ਡਾ. ਸਰਬਜੀਤ ਸਿੰਘ ਨੂੰ ਹਮਾਇਤ ਦੇਣ ਦੀ ਅਪੀਲ

ਅੰਮ੍ਰਿਤਸਰ, 10 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ 15 ਮਾਰਚ ਨੂੰ …