ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਅਤੇ ਸੈਸ਼ਨ ਡਵੀਜ਼ਨ ਅੰਮ੍ਰਿਤਸਰ ਦੇ ਪ੍ਰਸ਼ਾਸਕੀ ਜੱਜ ਮਾਣਯੋਗ
ਜਸਟਿਸ ਰੋਹਿਤ ਕਪੂਰ ਵੱਲੋਂ ਅੰਮ੍ਰਿਤਸਰ ਅਤੇ ਬਾਬਾ ਬਕਾਲਾ ਸਾਹਿਬ ਦੀਆਂ ਅਦਾਲਤਾਂ ਦਾ ਸਾਲਾਨਾ ਨਿਰੀਖਣ ਕੀਤਾ ਗਿਆ।ਜ਼ਿਲ੍ਹਾ ਤੇ ਸੈਸ਼ਨਜ ਜੱਜ ਮੈਡਮ ਜਤਿੰਦਰ ਕੌਰ, ਵਧੀਕ ਜ਼ਿਲ੍ਹਾ ਤੇ ਸੈਸ਼ਨਜ ਜੱਜ ਬਲਜਿੰਦਰ ਸਿੰਘ, ਸੀ.ਜੀ.ਐਮ ਮੈਡਮ ਸੁਪਰੀਤ ਕੌਰ, ਏ.ਸੀ.ਜੀ.ਐਮ ਮੈਡਮ ਪਰਮਿੰਦਰ ਕੌਰ ਬੈਂਸ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਸ੍ਰੀ ਅਮਰਦੀਪ ਸਿੰਘ ਬੈਂਸ ਵੀ ਹਾਜ਼ਰ ਸਨ।
ਨਿਰੀਖਣ ਦੌਰਾਨ ਮਾਣਯੋਗ ਜਸਟਿਸ ਰੋਹਿਤ ਕਪੂਰ ਨੇ ਅਦਾਲਤਾਂ ਦੀ ਕਾਰਗੁਜ਼ਾਰੀ, ਨਿਆਂਇਕ ਢਾਂਚੇ, ਕੇਸ ਮੈਨੇਜਮੈਂਟ ਪ੍ਰਣਾਲੀ ਅਤੇ ਸਮੁੱਚੀਆਂ ਪ੍ਰਸ਼ਾਸਕੀ ਵਿਵਸਥਾਵਾਂ ਦੀ ਸਮੀਖਿਆ ਕੀਤੀ।ਉਨ੍ਹਾਂ ਨੇ ਨਿਆਂਇਕ ਅਧਿਕਾਰੀਆਂ ਅਤੇ ਅਦਾਲਤੀ ਸਟਾਫ ਨਾਲ ਮੁਲਾਕਾਤ ਕਰਦੇ ਹੋਏ ਕੇਸਾਂ ਦੇ ਸਮੇਂ-ਸਿਰ ਨਿਪਟਾਰੇ, ਨਿਆਂਇਕ ਕੰਮ ਦੀ ਉੱਚ ਮਿਆਰ ਬਣਾਈ ਰੱਖਣ ਅਤੇ ਲੋਕਾਂ ਨੂੰ ਪ੍ਰਭਾਵਸ਼ਾਲੀ ਨਿਆਂ ਪ੍ਰਦਾਨ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਮਾਣਯੋਗ ਜਸਟਿਸ ਰੋਹਿਤ ਕਪੂਰ ਨੇ ਜਿਲ੍ਹਾ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਅਦਾਲਤਾਂ ਦੇ ਕੰਮਕਾਜ਼ ਅਤੇ ਕਾਨੂੰਨੀ ਭਾਈਚਾਰੇ ਨਾਲ ਸਬੰਧਿਤ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਮੁਕੱਦਮੇਬਾਜ਼ਾਂ ਅਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਕਾਨੂੰਨ ਅਨੁਸਾਰ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਯੋਗ ਕਦਮ ਚੁੱਕੇ ਜਾਣਗੇ।
ਮਾਣਯੋਗ ਜਸਟਿਸ ਰੋਹਿਤ ਕਪੂਰ ਨੇ 14.03.2026 ਨੂੰ ਹੋਣ ਵਾਲੀ ਰਾਸ਼ਟਰੀ ਲੋਕ ਅਦਾਲਤ ਦੀਆਂ ਤਿਆਰੀਆਂ ਦੀ ਸਮੀਖਿਆ ਵੀ ਕੀਤੀ ਅਤੇ ਨਿਆਂਇਕ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਆਪਸੀ ਸਹਿਮਤੀ ਰਾਹੀਂ ਕਰਵਾਇਆ ਜਾਵੇ ਤਾਂ ਜੋ ਮੁਕੱਦਮੇਬਾਜ਼ਾਂ ਨੂੰ ਲਾਭ ਮਿਲ ਸਕੇ।
ਮਾਣਯੋਗ ਜਸਟਿਸ ਰੋਹਿਤ ਕਪੂਰ ਨੇ ਬਾਬਾ ਬਕਾਲਾ ਸਾਹਿਬ ਵਿਖੇ ਈ-ਮੁਲਾਕਾਤ ਸਹੂਲਤ ਦਾ ਉਦਘਾਟਨ ਵੀ ਕੀਤਾ।ਇਸ ਸਹੂਲਤ ਰਾਹੀਂ ਕੈਦੀ ਆਪਣੇ ਵਕੀਲਾਂ ਨਾਲ ਡਿਜ਼ੀਟਲ ਪਲੇਟਫਾਰਮ ਰਾਹੀਂ ਸੰਪਰਕ ਕਰ ਸਕਣਗੇ।ਇਹ ਸਹੂਲਤ ਕੈਦੀਆਂ ਅਤੇ ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀਆਂ ਵਿਚਕਾਰ ਸੰਚਾਰ ਨੂੰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਅਤੇ ਨਿਆਂ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਹੈ।ਨਿਆਂਇਕ ਅਧਿਕਾਰੀ ਅਤੇ ਸਥਾਨਕ ਬਾਰ ਦੇ ਮੈਂਬਰ ਮੌਜ਼ੂਦ ਸਨ ਅਤੇ ਉਨ੍ਹਾਂ ਨੇ ਡਿਜ਼ੀਟਲ ਪਹੁੰਚ ਨੂੰ ਵਧਾਉਣ ਅਤੇ ਕਾਨੂੰਨੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਕੀਤੇ ਗਏ ਇਸ ਉਪਰਾਲੇ ਦੀ ਸਰਾਹਨਾ ਕੀਤੀ।
ਇਸ ਤੋਂ ਪਹਿਲਾਂ ਜਸਟਿਸ ਰੋਹਿਤ ਕਪੂਰ ਦਾ ਅੰਮ੍ਰਿਤਸਰ ਵਿਖੇ ਪਹੁੰਚਣ `ਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਜਨਾਬ ਸੋਹੇਲ ਕਾਸਿਮ ਮੀਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media