ਅੰਮ੍ਰਿਤਸਰ, 24 ਮਾਰਚ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ, ਭਾਸ਼ਾ ਵਿਭਾਗ, ਪੰਜਾਬ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਸਵ: ਜਤਿੰਦਰ ਬਰਾੜ ਦੀ ਯਾਦ ਵਿੱਚ 21 ਤੋਂ 30 ਮਾਰਚ ਤੱਕ ਚੱਲਣ ਵਾਲੇ 26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਚੌਥੇ ਦਿਨ ਸ਼ਬਦੀਸ਼ ਦੁਆਰਾ ਲਿਖਿਆ ਤੇ ਅਨੀਤਾ ਸ਼ਬਦੀਸ਼ ਦਾ ਨਿਰਦੇਸ਼ਿਤ ਕੀਤਾ ਗਦਰੀ ਗੁਲਾਬ ਕੌਰ ਦੀ ਜੀਵਨੀ ’ਤੇ ਅਧਾਰਿਤ ਪੰਜਾਬੀ ਨਾਟਕ ‘ਖਿੜਦੇ ਰਹਿਣ ਗੁਲਾਬ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਗ਼ਦਰ ਪਾਰਟੀ ਦੀ ਅਹਿਮ ਭੂਮਿਕਾ ਹੈ, ਜਿਸ ਦੀ ਸਥਾਪਨਾ ਅਮਰੀਕਾ ’ਚ ਹੋਈ ਸੀ, ਭਾਰਤ ਸਮੇਤ ਬਾਕੀ ਮੁਲਕਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਪ੍ਰਭਾਵਿਤ ਕੀਤਾ ਸੀ।ਇਹ ਸਾਡੇ ਸਿਆਸੀ ਇਤਿਹਾਸ ਦੀ ਪਹਿਲੀ ਪਾਰਟੀ, ਜਿਸ ਨੇ ਧਰਮ-ਨਿਰਪੱਖਤਾ ਨੂੰ ਅਪਣਾਇਆ ਸੀ ਤੇ ਜਿਸ ਨੇ ਮੁਕੰਮਲ ਆਜ਼ਾਦੀ ਦੀ ਮੰਗ ਕੀਤੀ ਸੀ।ਇਨ੍ਹਾਂ ਆਦਰਸ਼ਾਂ ਤੇ ਸਿਧਾਂਤਾਂ ਦੇ ਪ੍ਰਚਾਰ ਲਈ ‘ਗ਼ਦਰ’ ਨਾਂ ਦਾ ਮੈਗਜ਼ੀਨ ਜਾਰੀ ਕੀਤਾ ਗਿਆ ਸੀ, ਜੋ ਫਿਲਪਾਈਨ ਦੇ ਮਨੀਲਾ ਵਿੱਚ ਵੀ ਜਾਂਦਾ ਸੀ। ਇੱਥੋਂ ਦੇ ਗੁਰੂ-ਘਰ ਵਿੱਚ ਹੀ ਬੀਬੀ ਗੁਲਾਬ ਕੌਰ ਆਪਣੇ ਪਤੀ ਮਾਨ ਸਿੰਘ ਸਮੇਤ ਪਾਰਟੀ ਨਾਲ ਜੁੜੀ ਸੀ ਅਤੇ ਉਸ ਵਲੋਂ ਨਾਂਹ ਕਰਨ ਦੇ ਬਾਵਜ਼ੂਦ ਇਕੱਲੀ ਹੀ ਗ਼ਦਰੀ ਵੀਰਾਂ ਨਾਲ ਦੇਸ਼ ਆ ਗਈ।ਇਸ ਮਹਾਨ ਔਰਤ ਦੇ ਯੋਗਦਾਨ ਨੂੰ ਹੀ ‘ਖਿੜਦੇ ਰਹਿਣ ਗੁਲਾਬ’ ਨਾਟਕ ਪੇਸ਼ ਕਰਦਾ ਹੈ, ਜੋ ਉਸ ਦੇ ਦਿਹਾਂਤ ਦੇ ਸੌ ਸਾਲ ਬੀਤਣ ’ਤੇ ਤਿਆਰ ਕੀਤਾ ਗਿਆ ਹੈ।ਉਹ ਭਾਰਤ ਤੋਂ ਮਨੀਲਾ ਕਿਵੇਂ ਜਾਂਦੀ ਹੈ; ਵਾਪਸ ਕਿਵੇਂ ਪਰਤਦੀ ਹੈ, ਕਿਵੇਂ ਗ਼ਦਰ ਲਹਿਰ ਦੇ ਸੰਘਰਸ਼ ਵਿਚ ਸ਼ਮੂਲੀਅਤ ਕਰਦੀ ਹੈ, ਗੁਪਤ ਢੰਗ ਦੀਆਂ ਕਾਰਵਾਈਆਂ ਵਿੱਚ ਕਿਸ-ਕਿਸ ਨੂੰ ਝੂਠਾ ਪਤੀ ਬਣਾ ਕੇ ਅੰਗਰੇਜ਼ ਸਰਕਾਰ ਦੇ ਜਾਸੂਸਾਂ ਤੋਂ ਬਚ ਕੇ ਨਿਕਲਦੀ ਹੈ, ਇਹ ਸਾਰਾ ਕੁੱਝ ਨਾਟਕ ਵਿਚ ਕਲਾਤਮਕ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।ਇਸ ਨਾਟਕ ਦੀ ਸਕ੍ਰਿਪਟ ਵਿੱਚ ਗ਼ਦਰੀ ਗੁਲਾਬ ਕੌਰ ਦਿਹਾਂਤ ਤੋਂ 100 ਸਾਲਾਂ ਬਾਅਦ ਵਾਪਸ ਪਰਤਦੀ ਹੈ; ਇਸ ਆਜ਼ਾਦ ਦੇਸ਼ ਦੇ ਹਾਲਾਤ ਨੂੰ ਵੇਖਦੀ ਹੈ, ਆਪਣੀਆਂ ਮਨੀਲਾ ਤੇ ਭਾਰਤ ਵਿੱਚਲੀਆਂ ਸਰਗਰਮੀਆਂ ਜੇਲ੍ਹ ਯਾਤਰਾ ਤੋਂ ਮੌਤ ਤੱਕ ਦੀ ਸਾਰੀ ਗਾਥਾ ਬਿਆਨ ਕਰਦੀ ਹੈ।ਇਸ ਸਾਰੀ ਗਾਥਾ ਵਿੱਚ ਇਤਿਹਾਸ ਹੀ ਨਹੀਂ, ਸਾਡੇ ਵਰਤਮਾਨ ਦੀਆਂ ਕਈ ਪਰਤਾਂ ਵੀ ਸਾਹਮਣੇ ਆਉਂਦੀਆਂ ਹਨ।ਦੇਸ਼ ਲਈ ਕੁਰਬਾਨ ਹੋਣ ਵਾਲੇ ਕੀ ਸੋਚਦੇ ਹਨ ਅੰਗਰੇਜ਼ ਸਰਕਾਰ ਬੂਟ-ਚੱਟ ਗ਼ਦਾਰ ਕਿਵੇਂ ਸਾਜ਼ਿਸ਼ਾਂ ਰਚਦੇ ਹਨ।ਗ਼ਦਰ ਲਹਿਰ ਦੇ ਫੇਲ੍ਹ ਹੋਣ ਤੋਂ ਬਾਅਦ, ਕੈਂਸਰ ਦੀ ਨਾ-ਮੁਰਾਦ ਬਿਮਾਰੀ ਤੋਂ ਪੀੜਤ ਔਰਤ ਨਾਲ ਜ਼ੋਰਾਵਰ ਲੋਕ ਕੀ ਵਿਹਾਰ ਕਰਦੇ ਹਨ।ਇਹ ਸਾਰਾ ਕੁੱਝ ਦਰਸ਼ਕ ਸਾਹਮਣੇ ਕਈ ਸਵਾਲ ਛੱਡ ਕੇ ਜਾਂਦਾ ਹੈ ਅਤੇ ਗ਼ੁਲਾਮ ਤੇ ਆਜ਼ਾਦ ਦੇਸ਼ ਦੇ ਹਾਕਮਾਂ ਦਾ ਰੁਖ਼ ਵੀ ਜ਼ਾਹਰ ਹੋ ਜਾਂਦਾ ਹੈ।
ਇਸ ਮੌਕੇ ਜਰਮਨਜੀਤ ਸਿੰਘ, ਵਿਸ਼ਾਲ ਬਿਆਸ, ਤਰਲੋਚਨ ਸਿੰਘ ਤਰਨ ਤਾਰਨ, ਰਜੀਵ ਰੰਧਾਵਾ, ਜਸਵਿੰਦਰ ਢਿਲੋਂ ਪੱਟੀ, ਹਰਿੰਦਰ ਰਿਆੜ, ਰਮੇਸ਼ ਯਾਦਵ, ਡਾ. ਕਰਮਜੀਤ ਸਿੰਘ ਗਿੱਲ, ਕਿਰਪਾਲ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਡਾ. ਹਰਿਭਜਨ ਸਿੰਘ ਭਾਟੀਆ, ਅਮਰਜੀਤ ਬਾਈ, ਸੁਮੀਤ ਸਿੰਘ, ਭੁਪਿੰਦਰ ਸਿੰਘ ਸੰਧੂ ਆਦਿ ਸਮੇਤ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵਨਿਊ ਵਿਖੇ …
Punjab Post Daily Online Newspaper & Print Media