ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਅੱਜ ਮੋਹਾਲੀ ਵਿੱਚ ਉਨ੍ਹਾਂ ਦੇ ਗ੍ਰਹਿ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ।ਪੰਚਨਦ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਨੂੰ ਲੋਕ ਅਰਪਣ ਕਰਨ ਦੀ ਰਸਮ ਲੇਖਕ ਦੇ ਪਿਤਾ ਸਰਦਾਰ ਗੁਰਨਾਮ ਸਿੰਘ ਚਾਓਮਾਜਰਾ ਅਤੇ ਮਾਤਾ ਕ੍ਰਿਪਾਲ ਕੌਰ ਵੱਲੋਂ ਅਦਾ ਕੀਤੀ ਗਈ।ਜ਼ਿਕਰਯੋਗ ਹੈ ਕਿ ਸਵੈਚ ਇਸ ਤੋਂ ਪਹਿਲਾਂ ਕਾਵਿ ਸੰਗ੍ਰਹਿ “ਇਬਾਦਤਗਾਹ” ਅਤੇ ਵਾਰਤਕ ਪੁਸਤਕ “ਰਤੇ ਇਸਕ ਖੁਦਾਇ” ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਚੁੱਕਿਆ ਹੈ।
ਇਥੇ ਮਿਲੀ ਈਮੇਲ ਵਿੱਚ ਲੇਖਕ ਦੇ ਪਿਤਾ ਸਰਦਾਰ ਗੁਰਨਾਮ ਸਿੰਘ ਚਾਓਮਾਜਰਾ ਅਤੇ ਮਾਤਾ ਕ੍ਰਿਪਾਲ ਕੌਰ ਨੇ ਆਖਿਆ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਟੱਬਰ ਵਿੱਚ ਕੋਈ ਸਾਹਿਤਕ ਵਿਰਾਸਤ ਨਾ ਹੋਣ ਦੇ ਬਾਵਜ਼ੂਦ ਵੀ ਸਵੈਚ ਪੰਜਾਬੀ ਸਾਹਿਤ ਅਤੇ ਸ਼ਬਦ ਸਭਿਆਚਾਰ ਨਾਲ ਜੁੜਿਆ ਹੋਇਆ ਹੈ।ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਸਵੈਚ ਨੇ ਦੱਸਿਆ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਵਾਬਸਤਾ ਵਿਸ਼ੇ ਜਿਵੇਂ ਗੁੱਸਾ, ਸਬਰ, ਮੁਹੱਬਤ, ਦੋਸਤੀ, ਭਰੋਸਾ, ਈਰਖਾ ਆਦਿ ਨਾਲ ਸਬੰਧਤ ਕੁੱਲ 21 ਨਿਬੰਧ ਇਸ ਕਿਤਾਬ ਵਿੱਚ ਸ਼ਾਮਲ ਕੀਤੇ ਗਏ ਹਨ।ਸਵੈਚ ਮੁਤਾਬਿਕ ਇਹ ਕਿਤਾਬ ਕਿਸੇ ਕਿਸਮ ਦਾ ਕੋਈ ਉਪਦੇਸ਼ ਨਹੀਂ ਹੈ ਅਤੇ ਨਾ ਹੀ ਕਿਸੇ ਅੰਤਿਮ ਸੱਚ ਦਾ ਦਾਅਵਾ ਕਰਦੀ ਹੈ ਸਗੋਂ ਇਸ ਕਿਤਾਬ ਵਿੱਚਲਾ ਹਰ ਨਿਬੰਧ ਇੱਕ ਅਜਿਹਾ ਦਰਪਣ ਹੈ, ਜਿਸ ਵਿੱਚੋਂ ਪਾਠਕ ਖੁਦ ਨਾਲ ਰੂਬਰੂ ਹੋ ਸਕੇਗਾ।ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿਚ ਜ਼ਿੰਦਗੀ ਦੇ ਜਿਹੜੇ ਅਣਮੁੱਲੇ ਸਬਕਾਂ ਦੀ ਬਾਤ ਪਾਈ ਗਈ ਹੈ, ਉਹ ਮੁੱਢਲੇ ਤੌਰ ਤੇ ਉਸ ਨੂੰ ਆਪਣੇ ਮਾਤਾ ਪਿਤਾ ਕੋਲੋਂ ਹੀ ਮਿਲੇ ਹਨ, ਜਿਸ ਕਾਰਨ ਉਸ ਵੱਲੋਂ ਇਹ ਕਿਤਾਬ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਕੀਤੀ ਗਈ ਹੈ।
ਸਵੈਚ ਨੇ ਇਸ ਕਿਤਾਬ ਲਈ ਵਡਮੁੱਲਾ ਸਹਿਯੋਗ ਦੇਣ ਵਾਸਤੇ ਆਪਣੇ ਸਾਹਿਤਕ ਰਾਹ ਦਸੇਰੇ ਪ੍ਰੋਫੈਸਰ ਜਸਵੀਰ ਸਿੰਘ ਸ਼ਾਇਰ, ਪੰਚਨਦ ਪ੍ਰਕਾਸ਼ਨ ਦੇ ਸਰਪ੍ਰਸਤ ਜੁਗਲ ਕਿਸ਼ੋਰ ਪੰਗੋਤਰਾ ਅਤੇ ਸਮਾਜ ਸੇਵੀ ਹਰਮਿੰਦਰ ਸਿੰਘ ਦਾ ਧੰਨਵਾਦ ਕੀਤਾ।ਇਸ ਮੌਕੇ ਲੇਖਕ ਦੀ ਪਤਨੀ ਗੁਰਸਿਮਰਤ ਕੌਰ ਅਤੇ ਭੈਣ ਸੁਖਦੀਪ ਕੌਰ ਵੀ ਹਾਜ਼ਰ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media