ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਜਾਰੀ ਯਤਨਾਂ ਦੇ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਪੰਜਾਬ ਰਾਜ ਵਪਾਰ ਕਮਿਸ਼ਨ ਦੇ ਮੈਂਬਰ ਸ਼ੀਤਲ ਜੁਨੇਜਾ, ਵਪਾਰ ਕਮਿਸ਼ਨ ਦੇ ਜ਼ਿਲ੍ਹਾ ਤੇ ਹਲਕਾ ਪੱਧਰ ਦੇ ਨੁਮਾਇੰਦਿਆਂ, ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਪਾਰੀ ਵਰਗ ਨਾਲ ਸਬੰਧਿਤ ਸ਼ਿਕਾਇਤਾਂ ਅਤੇ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ `ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸਮਾਂਬੱਧ ਹੱਲ ਕਰਨ ਲਈ ਇੱਕ ਪੋਰਟਲ ਬਣਾਇਆ ਗਿਆ ਹੈ ਅਤੇ ਵਪਾਰੀ ਆਪਣੀਆਂ ਸ਼ਿਕਾਇਤਾਂ ਇਸ ਪੋਰਟਲ ਉਪਰ ਦਰਜ਼ ਕਰਵਾ ਸਕਦੇ ਹਨ।ਕਿਹਾ ਕਿ ਪੋਰਟਲ ਉਪਰ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ 196 ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਵਿਚੋਂ 153 ਨੂੰ ਹੱਲ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਜ਼ਾਰਾਂ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਬਜ਼ਾਰਾਂ ਵਿੱਚ ਪਬਲਿਕ ਟਾਇਲਟ, ਸਫ਼ਾਈ ਵਿਵਸਥਾ ਵੱਲ ਵੀ ਧਿਆਨ ਦੇਣ ਦੇ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵੀ ਯਕੀਨੀ ਬਣਾਇਆ ਜਾਵੇ।ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਹੋਰ ਵੀ ਮੁੱਦੇ ਉਠਾਏ ਗਏ ਜਿਨ੍ਹਾਂ ਦੇ ਜਲਦ ਹੱਲ ਦਾ ਭਰੋਸਾ ਡਿਪਟੀ ਕਮਿਸ਼ਨਰ ਵੱਲੋਂ ਦਿੱਤਾ ਗਿਆ।
ਪੰਜਾਬ ਰਾਜ ਵਪਾਰ ਕਮਿਸ਼ਨ ਦੇ ਮੈਂਬਰ ਸ਼ੀਤਲ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਵਪਾਰ-ਅਨੁਕੂਲ ਮਾਹੌਲ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਪਾਰੀਆਂ ਦੇ ਮੁੱਦਿਆਂ ਦੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਟ੍ਰੇਡਰਜ਼ ਕਮਿਸ਼ਨ ਦਾ ਗਠਨ ਕਰਕੇ ਹਲਕਾ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਤਿੰਨ-ਪੱਧਰੀ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ।
ਵਧੀਕ ਕਮਿਸ਼ਨਰ (ਜਨਰਲ) ਰੋਹਿਤ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਪਰਮਜੀਤ ਕੌਰ, ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਜੈ ਇੰਦਰ ਸਿੰਘ, ਐਸ.ਡੀ.ਐਮ ਅੰਮ੍ਰਿਤਸਰ-1 ਸ੍ਰੀਮਤੀ ਅਲਕਾ ਕਾਲੀਆ, ਐਸ.ਡੀ.ਐਮ ਰਜਨੀਸ਼ ਅਰੋੜਾ, ਐਸ.ਡੀ.ਐਮ ਅਸ਼ੋਕ ਕੁਮਾਰ, ਐਸ.ਡੀ.ਐਮ ਜਸ਼ਨਪ੍ਰੀਤ ਸਿੰਘ, ਐਸ.ਡੀ.ਐਮ ਖੁਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media