ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਕਾਦਮਿਕ ਉਤਮਤਾ ਅਤੇ ਉਦਯੋਗ-ਕੇਂਦਰਿਤ ਸਿੱਖਿਆ ਨੂੰ ਹੋਰ
ਮਜ਼ਬੂਤ ਕਰਨ ਲਈ ਅਮਨਦੀਪ ਹਸਪਤਾਲ ਨਾਲ ਇੱਕ ਮਹੱਤਵਪੂਰਨ ਸਮਝੌਤਾ (ਐਮ.ਓ.ਯੂ) ਕੀਤਾ ਗਿਆ ਹੈ।ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਇਸ ਪਹਿਲ ਦਾ ਮਕਸਦ ਕਲਾਸਰੂਮ ਸਿੱਖਿਆ ਅਤੇ ਅਸਲ ਮੈਡੀਕਲ ਅਭਿਆਸ ਵਿੱਚਲਾ ਫਾਸਲਾ ਘਟਾਉਣਾ ਹੈ।ਇਸ ਸਮਝੌਤੇ ਤਹਿਤ ਫਿਜਿਓਥੈਰੇਪੀ ਵਿਭਾਗ ਦੇ ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਇੰਟਰਨਸ਼ਿਪ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਰਾਹੀਂ ਤਜ਼ਰਬਾ ਪ੍ਰਾਪਤ ਹੋਵੇਗਾ, ਜਿਸ ਨਾਲ ਉਹਨਾਂ ਦੀ ਵਿਹਾਰਕ ਸਮਝ ਅਤੇ ਕੁਸ਼ਲਤਾ ਵਿੱਚ ਵਾਧਾ ਹੋਵੇਗਾ।
ਇਸ ਐਮ.ਓ.ਯੂ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਪ੍ਰੋ. ਕੇ.ਐਸ ਚਾਹਲ ਅਤੇ ਅਮਨਦੀਪ ਹਸਪਤਾਲ ਦੇ ਸੀ.ਈ.ਓ ਗੌਰਵ ਖੁਰਾਨਾ ਵੱਲੋਂ ਦਸਤਖਤ ਕੀਤੇ ਗਏ।ਡੀਨ ਅਕਾਦਮਿਕ ਮਾਮਲੇ ਪ੍ਰੋ. ਐਚ.ਐਸ ਸੈਣੀ, ਡਾ. ਨਵਦੀਪ ਸਿੰਘ ਸੋਢੀ, ਕੋਆਰਡੀਨੇਟਰ ਯੂਨੀਵਰਸਿਟੀ ਲਿੰਕੇਜ਼ ਪ੍ਰੋਗਰਾਮ ਸਮੇਤ ਯੂਨੀਵਰਸਿਟੀ ਅਤੇ ਹਸਪਤਾਲ ਦੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ।
ਪ੍ਰੋ. ਚਾਹਲ ਨੇ ਕਿਹਾ ਕਿ ਅਜਿਹੀਆਂ ਸਾਂਝਾਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਦੇ ਨਾਲ ਉਹਨਾਂ ਦੀ ਰੁਜ਼ਗਾਰ ਯੋਗਤਾ ਵਿੱਚ ਵੀ ਵਾਧਾ ਕਰਦੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਰਾਹੀਂ ਸਾਂਝੀ ਖੋਜ, ਕੇਸ ਅਧਾਰਿਤ ਅਧਿਐਨ, ਕਲੀਨਿਕਲ ਸਟੱਡੀ ਅਤੇ ਸਿਹਤ ਜਾਗਰੂਕਤਾ ਨਾਲ ਸੰਬੰਧਿਤ ਸਮਾਜਿਕ ਸੇਵਾ ਕਾਰਜਕ੍ਰਮਾਂ ਨੂੰ ਵੀ ਵਾਧਾ ਮਿਲੇਗਾ।ਮਾਹਿਰਾਂ ਦੇ ਅਨੁਸਾਰ ਅਕਾਦਮਿਕ ਅਤੇ ਸਿਹਤ ਸੇਵਾਵਾਂ ਵਿਚਕਾਰ ਇਹ ਸਾਂਝ ਵਿਦਿਆਰਥੀਆਂ ਦੇ ਵਿਕਾਸ ਦੇ ਨਾਲ-ਨਾਲ ਮਰੀਜ਼ਾਂ ਦੀ ਦੇਖਭਾਲ ਵਿੱਚ ਵੀ ਸੁਧਾਰ ਲਿਆਵੇਗੀ।
ਪ੍ਰੋ. ਸੋਢੀ ਨੇ ਦੱਸਿਆ ਕਿ ਇਹ ਸਮਝੌਤਾ ਸ਼ੁਰੂਆਤੀ ਤੌਰ ‘ਤੇ ਪੰਜ ਸਾਲ ਲਈ ਲਾਗੂ ਰਹੇਗਾ, ਜਿਸ ਨੂੰ ਦੋਵਾਂ ਪੱਖਾਂ ਦੀ ਸਹਿਮਤੀ ਨਾਲ ਵਧਾਇਆ ਜਾ ਸਕਦਾ ਹੈ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media