Monday, April 13, 2026

ਅਗਾਮੀ ਬਰਸਾਤੀ ਸੀਜ਼ਨ ਦੌਰਾਨ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਆਗਾਮੀ ਬਰਸਾਤੀ ਸੀਜ਼ਨ ਦੌਰਾਨ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਪ੍ਰਬੰਧ ਨੂੰ ਲੈ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਿਹੜੇ ਖੇਤਰਾਂ ਵਿੱਚ ਪਿਛਲੇ ਸਾਲ ਹੜ੍ਹ ਆਏ ਸਨ, ਉਨ੍ਹਾਂ ਖੇਤਰਾਂ ਦੀ ਵਿਸ਼ੇਸ਼ ਮੈਪਿੰਗ ਕੀਤੀ ਜਾਵੇ ਅਤੇ ਹੜ੍ਹ ਰੋਕੂ ਪ੍ਰਬੰਧਾਂ ਨੂੰ ਸਮਾਂ ਰਹਿੰਦਿਆਂ ਪੂਰਾ ਕੀਤਾ ਜਾਵੇ।ਉਨ੍ਹਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਪਿੱਛਲੇ ਸਾਲ ਜਿਥੇ ਧੁੱਸੀ ਦੇ ਬੰਨਾਂ ਨੂੰ ਨੁਕਸਾਨ ਪਹੁੰਚਿਆ ਸੀ, ਉਥੇ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਬੰਨ੍ਹਾਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾਵੇ।ਜ਼ਿਲ੍ਹੇ ਵਿੱਚ ਸਾਰੇ ਨਾਲਿਆਂ ਨੂੰ ਵੀ ਸਮਾਂ ਰਹਿੰਦੇ ਮੁਕੰਮਲ ਕੀਤਾ ਜਾਵੇ।ਦਰਿਆਵਾਂ ਵਿੱਚ ਜਿਥੇ ਡੀ-ਸਿਲਟਿੰਗ ਦੀ ਲੋੜ ਹੈ ਉਸ ਨੂੰ ਵੀ ਤੁਰੰਤ ਮੁਕੰਮਲ ਕੀਤਾ ਜਾਵੇ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮਾਲ ਅਧਿਕਾਰੀ ਨੂੰ ਕਿਹਾ ਕਿ ਜਿਹੜੇ ਖੇਤਰ ਹੜ੍ਹ ਪ੍ਰਭਾਵਿਤ ਹੋਏ ਸਨ, ਉਨ੍ਹਾਂ ਸਾਰੇ ਪਿੰਡਾਂ ਦੇ ਵਸਨੀਕਾਂ ਨਾਲ ਸੰਪਰਕ ਸਥਾਪਿਤ ਕਰਨ ਲਈ ਵਿਸ਼ੇਸ਼ ਪਲਾਨ ਤਿਆਰ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚੋਂ ਲੰਘਦੀਆਂ ਪ੍ਰਮੁੱਖ ਤੇ ਲਿੰਕ ਸੜਕਾਂ `ਤੇ ਬਣੇ ਹੋਏ ਪੁਲਾਂ ਤੇ ਪੁਲੀਆਂ ਦੀ ਸਫਾਈ ਵੀ ਯਕੀਨੀ ਬਣਾਈ ਜਾਵੇ।ਜ਼ਿਲ੍ਹੇ ਵਿੱਚੋਂ ਲੰਘਦੀਆਂ ਸਾਰੀਆਂ ਡਰੇਨਾਂ, ਚੋਆਂ ਆਦਿ ਦੀ ਸਫਾਈ ਦੇ ਕੰਮ ਨੂੰ ਪਹਿਲ ਦੇ ਆਧਾਰ `ਤੇ ਮੁਕੰਮਲ ਕਰਵਾਇਆ ਜਾਵੇ।
ਉਹਨਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰੀ ਖੇਤਰਾਂ ਦੀਆਂ ਸਟਰੋਮ ਡਰੇਨਾਂ ਨੂੰ ਸਾਫ ਕੀਤਾ ਜਾਵੇ ਅਤੇ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਹੱਦਾਂ ਵਿੱਚੋਂ ਲੰਘਦੇ ਨਿਕਾਸੀ ਨਾਲਿਆਂ ਨੂੰ ਵੀ ਸਾਫ਼ ਕੀਤਾ ਜਾਵੇ।ਸਾਰੇ ਪੰਪਿੰਗ ਸੈਟਾਂ ਨੂੰ ਵੀ ਚਾਲੂ ਹਾਲਤ ਵਿੱਚ ਤਿਆਰ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਲੋੜੀਂਦਾ ਸਮਾਨ, ਕਿਸ਼ਤੀਆਂ, ਚੱਪੂ, ਲਾਈਫ ਜੈਕਟਾਂ, ਟੈਂਟ, ਬਾਂਸ, ਪੌਲੀਥੀਨ ਸ਼ੀਟਾਂ, ਤਰਪਾਲਾਂ ਅਤੇ ਸਰਚ ਲਾਈਟਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ।ਉਨ੍ਹਾਂ ਨੇ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਮੌਕੇ ਖਾਣ ਪੀਣ ਦੇ ਸਮਾਨ ਦਾ ਪ੍ਰਬੰਧ ਕਰਨ ਲਈ ਕਿਹਾ।ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਤੋਂ ਪਹਿਲਾਂ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਹੜ੍ਹ ਆਉਣ ਦੀ ਸਥਿਤੀ ਵਿੱਚ ਪ੍ਰਭਾਵਿਤ ਵਿਅਕਤੀਆਂ ਨੂੰ ਠਹਿਰਾਉਣ ਲਈ ਢੁੱਕਵੀਆਂ ਸਰਕਾਰੀ ਬਿਲਡਿੰਗਾਂ ਦੀ ਅਗੇਤੇ ਹੀ ਪਛਾਣ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ।

Check Also

ਸਿਹਤ ਵਿਭਾਗ ਵਲੋਂ ਫੇਫੜਿਆਂ ਦੀਆਂ ਬੀਮਾਰੀਆਂ ਸਬੰਧੀ ਜਾਗਰੂਕਤਾ ਪੋਸਟਰ ਰਿਲੀਜ਼

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਸਤਿੰਦਰਜੀਤ …