ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਮਾਝਾ ਵਿਰਾਸਤ ਟਰੱਸਟ (ਰਜਿ:) ਵਲੋਂ ਕਰਵਾਏ ਗਏ ਸ਼ਾਇਰ ਤੇ ਟਰੱਸਟ ਦੇ ਪ੍ਰਧਾਨ ਐਸ.ਪ੍ਰਸ਼ੋਤਮ ਦੀ ਵਿਸਾਖੀ ਨੂੰ
ਸਮਰਪਿਤ ‘ਕਦੋਂ ਪਰਤਣਗੇ ਦਿਨ?’ ਆਡੀਓ ਸੰਗੀਤਕ ਨਜ਼ਮ, ਪੋਸਟਰ ਰਲੀਜ਼ ਕਰਨ ਅਤੇ ਸਨਮਾਨ ਸਮਾਰੋਹ ‘ਚ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜੋ ਹਾਸ਼ਮ ਸ਼ਾਹ ਯਾਦਗਾਰੀ ਟਰੱਸਟ ਦੇ ਮੌਜ਼ੂਦਾ ਚੇਅਰਮੈਨ ਵੀ ਹਨ, ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।‘ਕਦੋਂ ਪਰਤਣਗੇ ਦਿਨ?’ ਧਾਲੀਵਾਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਵਿਸ਼ਵੀਕਰਨ ਅਤੇ ਸ਼ੋਸ਼ਲ ਮੀਡੀਆ ਦੀਆਂ ਨਾਂਹ ਪੱਖੀ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਪਣਾਈ ਗਈ ਸਭਿਆਚਾਰਕ ਨੀਤੀ ਨੂੰ ਦ੍ਰਿੜ ਰਾਜਸੀ ਇੱਛਾ ਸ਼ਕਤੀ ਨਾਲ ਲਾਗੂ ਕਰਕੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਵਿਕਾਸ ਲਈ ਉਚੇਚੇ ਕਦਮ ਚੁੱਕੇ ਗਏ ਹਨ ਅਤੇ ਸਾਹਿਤ ਤੇ ਕਲਾ ਸਭਿਆਚਾਰ ਨੂੰ ਦੂਜੇ ਰਾਜਾਂ ‘ਚ ਪੇਸ਼ ਕਰਨ ਲਈ ਪੰਜਾਬੀ ਸਾਹਿਤਕਾਰਾਂ, ਕਲਾਕਾਰਾਂ, ਗਾਇਕਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਨਗਦ ਪੁਰਸਕਾਰਾਂ ਸਮੇਤ ਪੰਜਾਬ ਸਰਕਾਰ ਦੇ ਪੰਜਾਬੀ ਸਭਿਆਚਾਰ ਕਲਾਵਾਂ, ਸਾਹਿਤ ਭਾਸ਼ਾ, ਤੇ ਸੰਗੀਤ ਸੰਸਥਾਵਾਂ ਦੇ ਸਨਮਾਨ ਸਾਹਿਤ ਅਹੁੱਦਿਆਂ ਤੇ ਨਿਵਾਜ਼ਿਆ ਗਿਆ ਹੈ।
ਨਵੀਂ ਪੀੜੀ ਨੂੰ ਆਪਣੀਆਂ ਵਿਰਾਸਤੀ ਜੜ੍ਹਾਂ ਨਾਲ ਜੋੜਣ ਲਈ ਵਿਰਾਸਤੀ ਤੇ ਇਤਿਹਾਸਕ ਸਥਾਨਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।ਧਾਲੀਵਾਲ ਨੇ ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ ਤੇ ਸ਼ਾਇਰ ਐਸ.ਪ੍ਰਸ਼ੋਤਮ ਦੀ ਰਚਿਤ ਰਲੀਜ਼ ਕੀਤੀ ਗਈ ‘ਕਦੋਂ ਪਰਤਣਗੇ ਦਿਨ?’ ਨਜ਼ਮ ਅਤੇ ਰੰਗੀਨ ਪੋਸਟਰ ਦਾ ਵਿਸ਼ੇਸ਼ ਤੌਰ ‘ਤੇ ਜਿਕਰ ਕਰਦਿਆਂ ਨਜ਼ਮ ਵਿੱਚ ਪ੍ਰਦੂਸ਼ਿਤ ਵਿਸ਼ਵੀਕਰਨ ਦੇ ਮੱਦੇਨਜ਼ਰ ਮਰ ਰਹੀਆਂ /ਸੁੱਕ ਰਹੀਆਂ ਝੀਲਾਂ, ਟੋਭੇ, ਨਦੀਆਂ, ਨਾਲੇ ਦੀ ਪੁਨਰ ਸੁਰਜੀਤੀ ਦੀ ਬਜ਼ਾਏ ਹੋਂਦ ਖਤਮ ਕਰਨ ਲਈ ਇਨ੍ਹਾਂ ਸੁੱਕੀਆਂ ਝੀਲਾਂ/ ਦਰਿਆਵਾਂ ‘ਚ ਉਸਾਰੇ ਜਾ ਰਹੇ ਰੰਗੀਨ ਮਿਜ਼ਾਜ ਹੋਟਲਾਂ/ ਰੈਸਟੋਰੈਂਟਾਂ, ਸਿਆਸੀ ਲੋਭ ਦੇ ਕਾਰਣ ਭਾਰਤੀ ਸਭਿਆਚਾਰ ‘ਚ ਉਭਰ ਰਹੀ ਫਿਰਕਾਪ੍ਰਸਤੀ ਅਤੇ ਵਿਸਾਖੀ ਮੌਕੇ ਲੱਗਦੀਆਂ ਰਾਜਸੀ ਸਟੇਜ਼ਾਂ ਤੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਮਾਜਿਕ ਵੰਡ ਦੇ ਖਾਤਮੇ ਲਈ ਉਠਾਈ ਗਈ ਭਾਈਚਾਰਕ ਸਾਂਝਾਂ ਦੀ ਬਹਾਲੀ ਦੀ ਅਵਾਜ਼ ਨੂੰ ਉੱਚਾ ਕਰਨ ਦੀ ਬਜ਼ਾਏ ਰਾਜਸੀ ਪਾਰਟੀਆਂ ਵਲੋਂ ਇੱਕ ਦੂਜੇ ਦੇ ਸਿਆਸੀ ਚੀਰਹਰਨ ਲਈ ਮਿਹਣੋ ਮਿਹਣੀ ਹੋਣ ਵਿਸਾਖੀ ਵਾਲੇ ਨੱਚਦੇ ਟੱਪਦੇ ਰੰਗਲੇ ਦਿਨ ਦੀ ਉਮੀਦ ਪ੍ਰਗਟਾਏ ਜਾਣ ਆਦਿ ਬਿਰਤਾਂਤ ਨੂੰ ਸ਼ਾਇਰਾਨਾ /ਕਾਵਿ ਛੂਹਾਂ ਦੇਣ ਲਈ ਭਰਵੀਂ ਪ੍ਰਸੰਸਾ ਕੀਤੀ ਅਤੇ ਨਜ਼ਮ ਨੂੰ ਸਮੇਂ ਦੀ ਹਾਣੀ ਕਰਾਰ ਦਿੱਤਾ।ਟਰੱਸਟ ਵਲੋਂ ਧਾਲੀਵਾਲ ਨੂੰ ਰੰਗਲੇ ਪੰਜਾਬ ਦੇ ਐਵਾਰਡ ਨਾਲ ਪੰਜਾਬੀ ਅੱਖਰਾਂ ਦੇ ਅੰਕਿਤ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਸ਼ਾਇਰ ਤੇ ਪ੍ਰਧਾਨ ਅੱਸ.ਪ੍ਰਸ਼ੋਤਮ, ਸ਼ਹਿਰੀ ਪ੍ਰਧਾਨ ਅਮਿਤ ਔਲ, ਦੇਸ਼ ਭਗਤ ਬਾਪੂ ਉਜਾਗਰ ਸਿੰਘ ਖਤਰਾਏ ਕਲਾਂ ਸਭਿਆਚਾਰਕ ਮੂਵਮੈਂਟ ਦੇ ਮੁਖੀ ਦਿਲਬਾਗ ਸਿੰਘ ਖਤਰਾਏ ਕਲਾਂ, ਹਰਜੀਤ ਸਿੰਘ ਸਰਕਾਰੀਆ, ਪੰਕਜ ਸਿੰਘ ਅਜਨਾਲਾ, ਨਜ਼ਮ ਦੇ ਸੰਗੀਤਕ ਪੇਸ਼ਕਾਰ ਤੇ ਗਾਇਕ ਸੁਰਿੰਦਰ ਅਜਨਾਲਵੀ, ਗਾਇਕ ਦਰਪਿੰਦਰਾ, ਡਾ: ਇੰਦਰਜੀਤ ਸਿੰਘ ਮਹਿਲਾਂਵਾਲਾ, ਕਾਬਲ ਸਿੰਘ ਛੀਨਾ ਆਦਿ ਟਰੱਸਟ ਦੇ ਅਹੁੱਦੇਦਾਰਾਂ ਤੋਂ ਇਲਾਵਾ ਕਲਾ ਪ੍ਰੇਮੀ ਵੱਡੀ ਗਿਣਤੀ ‘ਚ ਮੌਜ਼ੂਦ ਸਨ।
Check Also
ਗੁਰਦੁਆਰਾ ਪ੍ਰਿੰਟਿੰਗ ਪ੍ਰੈਸ ਦੇ ਨਵੀਨੀਕਰਨ ਮਗਰੋਂ ਐਡਵੋਕੇਟ ਧਾਮੀ ਵੱਲੋਂ ਉਦਘਾਟਨ
ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਗੁਰਦੁਆਰਾ …
Punjab Post Daily Online Newspaper & Print Media