ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਭਾਈ ਰਾਮ ਸਿੰਘ ਖ਼ੁਦ ’ਚ ਹੀ ਕਲਾ ਦੇ ਉੱਤਮ ਨਮੂਨੇ ਵਜੋਂ ਸਿਰਫ਼ ਪੰਜਾਬ ’ਚ ਹੀ ਨਹੀਂ, ਬਲਕਿ ਪੂਰੇ
ਏਸ਼ੀਆ ’ਚ ਜਾਣੇ-ਪਹਿਚਾਣੇ ਜਾਂਦੇ ਹਨ।ਉਨ੍ਹਾਂ ਨੇ ਆਪਣੀ ਕਲਾ-ਕੌਸ਼ਲਤਾ ਨਾਲ ਆਪਣੀ ਸੂਝ-ਬੂਝ ਅਤੇ ਹੁਨਰ ਦਾ ਪ੍ਰਗਟਾਵਾ ਕੀਤਾ।ਇਹ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸੰਪਰਦਾਇ ਕਾਰ ਸੇਵਾ ਭੂਰੀ ਵਾਲੇ ਤੋਂ ਸੰਤ ਬਾਬਾ ਸੁਖਵਿੰਦਰ ਸਿੰਘ ਦੀ ਮੌਜ਼ੂਦਗੀ ’ਚ ਪੰਜਾਬੀ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਸੱਚਲ ਪਬਲੀਕੇਸ਼ਨ ਵੱਲੋਂ ਕਰਵਾਏ ਗਏ ਸੈਮੀਨਾਰ ਮੌਕੇ ਪ੍ਰਵੇਜ਼ ਵੰਡਲ ਅਤੇ ਸਾਜ਼ਿਦਾ ਵੰਡਲ ਦੀ ਪੁਸਤਕ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਨੂੰ ਲੋਕ-ਅਰਪਿਤ ਕਰਨ ਸਮੇਂ ਕੀਤਾ।ਕਾਲਜ ਪਿ੍ਰੰਸੀਪਲ ਡਾ. ਆਤਮ ਸਿੰਘ ਰੰਧਾਵਾ ਸ: ਛੀਨਾ, ਬਾਬਾ ਸੁਖਵਿੰਦਰ ਸਿੰਘ, ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਮਜੀਤ ਸਿੰਘ ਚਾਹਲ ਅਤੇ ਹੋਰਨਾਂ ਸ਼ਖ਼ਸ਼ੀਅਤਾਂ ਨੂੰ ਪੁਸਤਕਾਂ ਦੇ ਸੈਟ ਦੇ ਸਵਾਗਤ ਕੀਤਾ।
ਸ. ਛੀਨਾ ਨੇ ਭਾਈ ਰਾਮ ਸਿੰਘ ਦੇ ਜੀਵਨ ਅਤੇ ਵਿਅਕਤੀਤਵ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਲਾ ਕਿਰਤ ਦੇ ਮੁਕਾਬਲੇ ਅੱਜ ਦੇ ਸਮੇਂ ’ਚ ਕੋਈ ਸਾਨੀ ਹੈ।ਉਹ ਇੱਕ ਉੱਚੀ-ਸੁੱਚੀ ਅਤੇ ਕਲਾ ਨੂੰ ਸਮਰਪਿਤ ਰੂਹ ਸਨ, ਜਿਨ੍ਹਾਂ ਨੂੰ ਇਸ ਹੁਨਰ ਦੀ ਦਾਤ ਪ੍ਰਮਾਤਮਾ ਦੀ ਮੇਹਰ ਦੁਆਰਾ ਪ੍ਰਾਪਤ ਹੋਈ।ਉਨ੍ਹਾਂ ਕਿਹਾ ਕਿ ਲਾਹੌਰ ਦੇ ਮਿਉਂ ਕਾਲਜ ਆਫ਼ ਆਰਟ ’ਚ ਬਤੌਰ ਵਾਈਸ ਪ੍ਰਿੰਸੀਪਲ ਵਜੋਂ ਕੰਮ ਕਰਦਿਆਂ ਉਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਇਸ ਦੀ ਬਿਹਰਤੀ ਲਈ ਕਲਾ-ਕਿਰਤ ਕਰਦਿਆਂ ਬਿਤਾਇਆ।ਇਸ ਤੋਂ ਇਲਾਵਾ ਲਾਹੌਰ ਸ਼ਹਿਰ ਦੀਆਂ ਇਮਾਰਤਾਂ ਇਮਾਰਤਸਾਜ਼ੀ ਅਤੇ ਇਨ੍ਹਾਂ ਦੀ ਨਿਕਾਸੀ ਉਨ੍ਹਾਂ ਦੀ ਕਲਾ ਦਾ ਉੱਤਮ ਨਮੂਨਾ ਕਹੇ ਜਾ ਸਕਦੇ ਹਨ।ਛੀਨਾ ਨੇ ਕਿਹਾ ਕਿ ਭਾਈ ਰਾਮ ਸਿੰਘ ਦੁਆਰਾ ਬਣਾਏ ਨਕਸ਼ੇ ਅਨੁਸਾਰ ਬਣੀ ਖਾਲਸਾ ਕਾਲਜ ਦੀ ਇਮਾਰਤ ਸਿੱਖ, ਮੁਗਲ ਅਤੇ ਹਿੰਦੂ ਕਲਾਕਾਰੀ ਦਾ ਉੱਤਮ ਨਮੂਨਾ ਹੈ।ਕਾਲਜ ਇਸ ਸਮਾਗਮ ’ਚ ਭਾਈ ਰਾਮ ਸਿੰਘ ਦੇ ਨਕਸ਼ੇ ਅਨੁਸਾਰ ਬਣਾਈ ਇਮਾਰਤ ’ਚ ਉਨ੍ਹਾਂ ਦੇ ਜੀਵਨ ਨੂੰ ਪੇਸ਼ ਕਰਦੀ ਪੁਸਤਕ ਦਾ ਲੋਕ ਅਰਪਨ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਦਾ ਉਨ੍ਹਾਂ ਨੂੰ ਸੱਚੀ ਸਰਧਾਜਲੀ ਹੈ।
ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਭਾਈ ਰਾਮ ਸਿੰਘ ਜੀ ਦੇ ਦਰਸ਼ਨ ਅਤੇ ਫ਼ਲਸਫੇ ਦੀ ਵਿਲੱਖਣਤਾ ਕਾਰਨ ਉਹ ਅੱਜ ਵੀ ਯਾਦ ਕੀਤੇ ਜਾਂਦੇ ਹਨ। ਭਾਈ ਰਾਮ ਸਿੰਘ ਜੀ ਨੇ ਆਪਣੇ ਅਠਵੰਜਾਂ ਸਾਲਾਂ ਦੇ ਜੀਵਨ ਕਾਲ ਵਿੱਚ ਇਮਾਰਤਸਾਜੀ ਦੇ ਨਵੇਲਕੇ ਨਮੂਨੇ ਘੜਨ ਕਰਕੇ ਪੂਰੀ ਦੁਨੀਆਂ ਵਿੱਚ ਆਪਣਾ ਲੋਹਾ ਮਨਵਾਇਆ ਹੈ। ਖਾਲਸਾ ਕਾਲਜ ਦੀ ਇਸ ਇਮਾਰਤ ਵਿੱਚ ਉਹਨਾਂ ਦੀ ਕਲਾਕਾਰੀ ਦੇ ਕਈ ਪੱਖ ਉੱਭਰ ਕੇ ਸਾਹਮਣੇ ਆਉਂਦੇ ਹਨ, ਜਿੰਨ੍ਹਾ ਦੀ ਆਪਣੀ ਵੱਖਰੀ ਪਛਾਣ ਅਤੇ ਵਿਸ਼ੇਸ਼ ਮਹੱਤਤਾ ਹੈ।ਮੁਗਲ, ਹਿੰਦੂ ਅਤੇ ਪੱਛਮੀ ਕਲਾਕਾਰੀ ਦੇ ਸੁਮੇਲ ਤੋਂ ਬਣੀ ਇਹ ਇਮਾਰਤ ਦੁਨੀਆਂ ਭਰ ਵਿੱਚ ਆਪਣੀ ਦਿੱਖ ਕਾਰਨ ਖਿੱਚ ਦਾ ਕਾਰਨ ਬਣਦੀ ਹੈ।ਭਾਈ ਰਾਮ ਸਿੰਘ ਦੁਆਰਾ ਬਣਾਈਆਂ ਇਮਾਰਤਾਂ ਸਾਡੀ ਵਿਰਾਸਤ ਦਾ ਕੇਂਦਰੀ ਧੁਰਾ ਹਨ।ਉਹਨਾਂ ਨੇ ਸੱਚਰ ਪਬਲੀਕੇਸ਼ਨ ਦੁਆਰਾ ਪ੍ਰਕਾਸ਼ਿਤ ਪੁਸਤਕ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ ਦਾ ਲੋਕ ਅਰਪਣ ਕਰਦਿਆਂ ਇਸ ਦੇ ਲੇਖਕਾਂ ਅਤੇ ਪ੍ਰਕਾਸ਼ਕ ਨੂੰ ਵਧਾਈ ਦਿੱਤੀ।
ਇਸ ਮੌਕੇ ਡਾ. ਚਾਹਲ ਨੇ ਕਿਹਾ ਕਿ ਪੰਜਾਬ ਵਿੱਚ ਭਾਈ ਰਾਮ ਸਿੰਘ ਜੀ ਦੇ ਜੀਵਨ ਨੂੰ ਪੇਸ਼ ਕਰਦੀ ਇਸ ਪੁਸਤਕ ਦੀ ਪ੍ਰਕਾਸ਼ਨਾ ਉਹਨਾਂ ਦੇ ਮੁੜ ਆਪਣੇ ਘਰ ਵਾਪਿਸ ਆਉਣ ਦਾ ਸ਼ੁਭ ਸ਼ਗਨ ਹੈ।ਇਸ ਪੁਸਤਕ ਰਾਹੀਂ ਅਸੀਂ ਭਾਈ ਰਾਮ ਸਿੰਘ ਜੀ ਦੇ ਜੀਵਨ ਸੰਬੰਧੀ ਹੋਰ ਬਹੁਤ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਸਫ਼ਲ ਹੋਵਾਂਗੇ ਜਿਹੜੀਆਂ ਅਜੇ ਤੱਕ ਸਡੀ ਪਹੁੰਚ ਤੋਂ ਬਾਹਰ ਹਨ।ਭਾਈ ਰਾਮ ਸਿੰਘ ਦੇ ਨਕਸ਼ੇ ਦੁਆਰਾ ਤਿਆਰ ਕੀਤੀ ਗਈ ਖਾਲਸਾ ਕਾਲਜ ਦੀ ਇਮਾਰਤ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਕਾਲਜ ਦੀ ਮੈਨਜਮੈਂਟ ਨੇ ਜਿਸ ਤਰ੍ਹਾਂ ਇਸ ਦੀ ਅਸਲ ਹਾਲਤ ਨੂੰ ਕਾਇਮ ਰੱਖਿਆ ਹੈ ਆਪਣੇ ਆਪ ਵਿੱਚ ਇੱਕ ਸਲਾਘਾਯੋਗ ਕਦਮ ਹੈ।ਭਾਈ ਰਾਮ ਸਿੰਘ ਜੀ ਆਪਣੀ ਯੋਗਤਾ ਦੇ ਕਰਨ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਇੰਗਲੈਂਡ ਵਰਗੇ ਮੁਲਕ ਵਿੱਚ ਵੀ ਆਪਣੇ ਹੁਨਰ ਕਰਕੇ ਵਿਸ਼ੇਸ਼ ਪਛਾਣ ਦੇ ਧਾਰਨੀ ਹਨ।ਮਹਾਰਾਣੀ ਵਿਕਟੋਰੀਆ ਦੁਆਰਾ ਉਹਨਾਂ ਦਾ ਬਣਵਾਈਆ ਗਿਆ ਪੋਰਟਰੇਟ ਇਸ ਗੱਲ ਦੀ ਗਵਾਹੀ ਭਰਦਾ ਹੈ।
ਪ੍ਰਿੰ: ਡਾ. ਰੰਧਾਵਾ ਨੇ ਭਾਈ ਰਾਮ ਸਿੰਘ ਜੀ ਦੀ ਕਲਕਾਰੀ ਦੁਆਰਾ ਤਿਆਰ ਕੀਤੇ ਨਕਸ਼ੇ ਦੁਆਰਾ ਬਣੀ, ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਦੀ ਕਲਾ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਸਾਰੇ ਵਿਸ਼ਵ ਵਿੱਚ ਆਕਰਸ਼ਣ ਦਾ ਕਾਰਨ ਬਣਦੀ ਹੈ।ਭਾਈ ਰਾਮ ਸਿੰਘ ਜੀ ਦੇ ਜੀਵਨ ਨੂੰ ਪੇਸ਼ ਕਰਦੀ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਉਹਨਾਂ ਨੇ ਇਸ ਦੇ ਪਬਲੀਕੇਸ਼ਨ ਅਤੇ ਲੇਖਕਾਂ ਨੂੰ ਵਧਾਈ ਦਿੱਤੀ।ਅੰਤ ’ਚ ਪ੍ਰਸਿੱਧ ਆਰਟਿਸਟ ਸੰਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਅਧਿਐਨ ਦੇ ਮੁਖੀ ਡਾ. ਪਰਮਿੰਦਰ ਸਿੰਘ ਦੁਆਰਾ ਬਾਖੂਬੀ ਕੀਤਾ ਗਿਆ।ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media