Sunday, July 5, 2026

ਯੂਨੀਵਰਸਿਟੀ ਵਿਖੇ ਪ੍ਰਸਿੱਧ ਕਹਾਣੀਕਾਰ ਨਵਤੇਜ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ-ਰੋਜ਼ਾ ਗੋਸ਼ਟੀ ਭਾਗ-ਦੂਜਾ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਦੁਪਹਿਰ ਦੀ ਚਾਹ ਤੋਂ ਬਾਅਦ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਖ਼ਾਲਿਦ ਹੁਸੈਨ ਨੇ ਕੀਤੀ।ਪ੍ਰਵੀਨ ਕੁਮਾਰ, ਕੁਲਦੀਪ ਸਿੰਘ ਅਤੇ ਮੇਘਾ ਸਲਵਾਨ ਵਲੋਂ ਨਵਤੇਜ ਸਿੰਘ ਦੀਆਂ ਰਚਨਾਵਾਂ ‘ਤੇ ਖੋਜ-ਪੱਤਰ ਪੜ੍ਹੇ ਗਏ।ਡਾ. ਪ੍ਰਵੀਨ ਕੁਮਾਰ ਨੇ ਨਵਤੇਜ ਦੀਆਂ ਕਹਾਣੀਆਂ ਦਾ ਦਾਰਸ਼ਨਿਕ ਪਰਿਪੇਖ ਉਜਾਗਰ ਕਰਦਿਆਂ ਕਿਹਾ ਕਿ ਉਹ ਵਿਗਿਆਨਕ ਰਵਈਏ ਦੇ ਨਾਲ-ਨਾਲ ਪਿਆਰ ਦੇ ਫ਼ਲਸਫੇ ਨੂੰ ਵੀ ਬਰਾਬਰ ਦੀ ਸ਼ਿੱਦਤ ਨਾਲ ਪ੍ਰਸਤੁਤ ਕੀਤਾ।ਡਾ. ਕੁਲਦੀਪ ਸਿੰਘ ਨੇ ਆਪਣੇ ਪਰਚੇ ਵਿੱਚ ਨਵਤੇਜ ਸਿੰਘ ਦੀ ਕਹਾਣੀ ਵਿਚਲੇ ਮੇਟਾਫਰਾਂ ਦਾ ਦੀਰਘ ਅਧਿਐਨ ਪੇਸ਼ ਕੀਤਾ।ਉਹਨਾਂ ਕਿਹਾ ਕਿ ਉਹਨਾਂ ਦੀਆਂ ਕਿਰਤਾਂ ਸ਼ੋਸ਼ਕ ਅਤੇ ਸ਼ੋਸ਼ਿਤ ਵਰਗ ਦੇ ਬਿਰਤਾਂਤਾਂ ਨੂੰ ‘ਬਾਸਮਤੀ ਦੀ ਮਹਿਕ’ ਅਤੇ ‘ਸ਼ਰਾਬ ਦੀ ਹਵਾੜ’ ਦੇ ਚਿੰਨ੍ਹਾਂ ਰਾਹੀਂ ਅੰਕਿਤ ਕੀਤਾ ਹੈ।ਡਾ. ਮੇਘਾ ਸਲਵਾਨ ਨੇ ਕਿਹਾ ਕਿ ਨਵਤੇਜ ਸਿੰਘ ਪੰਜਾਬੀ ਕਹਾਣੀ ਦੀ ਨੁਹਾਰ ਨੂੰ ਨਵੀਨ ਤੇ ਉਚੀ ਦਿਸ਼ਾ ਪ੍ਰਦਾਨ ਕਰਦਾ ਹੈ।ਉਹ ਨਿੱਕੀ ਕਹਾਣੀ ਦੇ ਵੱਡੇ ਕਹਾਣੀਕਾਰ ਹਨ ਜੋ ਪੁਰਾਣੀਆਂ ਰੂੜੀਵਾਦੀ ਪਰੰਪਰਾਵਾਂ, ਅੰਧ-ਵਿਸ਼ਵਾਸਾਂ ਅਤੇ ਧਾਰਮਿਕ ਕੱਟੜਤਾ ਉਤੇ ਤਿੱਖਾ ਵਾਰ ਕਰਦੇ ਹਨ।ਖ਼ਾਲਿਦ ਹੁਸੈਨ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਨਵਤੇਜ ਦੀਆਂ ਦੇਸ਼-ਵੰਡ ਨਾਲ ਸੰਬਧਿਤ ਰਚਨਾਵਾਂ ਨਾ ਸਿਰਫ ਸਰਹੱਦਾਂ ਖਿੱਚੇ ਜਾਣ ਦੇ ਦੁਖਾਂਤ ਨੂੰ ਬਿਆਨ ਕਰਦੀਆਂ ਹਨ ਸਗੋਂ ਸਾਂਝੇ ਸੂਫ਼ੀ-ਭਗਤੀ ਸੱਭਿਆਚਾਰ ਅਤੇ ਸਦੀਆਂ ਪੁਰਾਣੇ ਭਾਈਚਾਰਕ ਸਾਂਝ ਨੂੰ ਗੰਭੀਰ ਸੱਟ ਮਾਰਨ ਦੀ ਸਾਜਿਸ਼ ਨੂੰ ਵੀ ਬੇਨਕਾਬ ਕਰਦੀਆਂ ਹਨ।ਇਸ ਸੈਸ਼ਨ ਦਾ ਸੰਚਾਲਨ ਅਸਿਸਟੈਂਟ ਪ੍ਰੋਫ਼ੈਸਰ ਸਿਮਰਨਜੀਤ ਸਿੰਘ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।
ਦੁਪਹਿਰ ਦੇ ਖਾਣੇ ਤੋਂ ਬਾਅਦ ਦੂਜਾ ਸੈਸ਼ਨ ਸ਼ੁਰੂ ਹੋਇਆ ਜਿਸ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਨੇ ਕੀਤੀ। ਇਸ ਸੈਸ਼ਨ ਵਿੱਚ ਬਲਜੀਤ ਕੌਰ, ਰਾਜਵਿੰਦਰ ਕੌਰ ਅਤੇ ਅਮਰਜੀਤ ਸਿੰਘ ਨੇ ਖੋਜ-ਪੱਤਰ ਪੇਸ਼ ਕੀਤੇ।ਡਾ. ਅਮਰਜੀਤ ਸਿੰਘ ਨੇ ਆਪਣੇ ਪਰਚੇ ਵਿੱਚ ਕਿਹਾ ਕਿ ਨਵਤੇਜ ਮਨੁੱਖੀ ਇਤਿਹਾਸ ਵਿਚ ਪਈ ਹੋਈ ਪਾਸ਼ਵਿਕਤਾ ਨੂੰ ਆਪਣੇ ਬਿਆਨ ਦੀ ਅਦਬੀਅਤ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦਾ ਹੈ।ਉਸ ਦੀਆਂ ਕਹਾਣੀਆਂ ਵਿੱਚ ਮੁਹੱਬਤ ਦੀ ਚੇਸ਼ਟਾ ਆਪਣੇ ਪ੍ਰਤੀਨਿਧ ਰੂਪ ਵਿੱਚ ਉਜਾਗਰ ਹੁੰਦੀ ਹੈ।ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਨਵਤੇਜ ਸਿੰਘ ਨੇ ਆਪਣੀ ਵਾਰਤਕ ਰਚਨਾ ਵਿੱਚ ਜਿਸ ਮਾਨਵੀ ਸੰਵੇਦਨਾ ਦੀ ਗੱਲ ਕੀਤੀ ਉਹ ਅਜੋਕੇ ਮਸ਼ੀਨੀ ਯੁੱਗ ਵਿੱਚ ਮਨੁੱਖ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਲਈ ਬੇਹੱਦ ਜਰੂਰੀ ਹੈ।ਡਾ. ਬਲਜੀਤ ਕੌਰ ਨੇ ਕਿਹਾ ਕਿ ਨਵਤੇਜ ਦੀਆਂ ਕਹਾਣੀਆਂ ਦਾ ਕੇਂਦਰੀ ਧੁਰਾ `ਲੁੱਟਣ ਵਾਲੇ` ਸਰਮਾਏਦਾਰ ਅਤੇ `ਲੁੱਟੇ ਜਾਣ ਵਾਲੇ` ਮਜ਼ਦੂਰ/ਕਿਸਾਨ ਵਿਚਕਾਰ ਚੱਲ ਰਹੀ ਜਮਾਤੀ ਜੰਗ ਰਿਹਾ ਹੈ।
ਅੰਤ ‘ਚ ਡਾ. ਜਸਵਿੰਦਰ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅਜਿਹੀਆਂ ਗੋਸ਼ਟੀਆਂ ਸਾਹਿਤਕ ਸੰਵਾਦ ਨੂੰ ਜਿਉਂਦਾ ਰੱਖਣ ਲਈ ਬਹੁਤ ਜਰੂਰੀ ਹਨ।ਸਾਹਿਤ ਅਕਾਦੇਮੀ ਅਤੇ ਯੂਨੀਵਰਸਿਟੀ ਦੇ ਇਸ ਸਾਂਝੇ ਉਪਰਾਲੇ ਨੇ ਖੋਜਾਰਥੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ।ਇਸ ਸੈਸ਼ਨ ਦਾ ਸੰਚਾਲਨ ਅਸਿਸਟੈਂਟ ਪ੍ਰੋਫ਼ੈਸਰ ਡਾ. ਕੰਵਲਦੀਪ ਕੌਰ ਨੇ ਕੀਤਾ।
ਇਸ ਮੌਕੇ ਇਸ ਸਮਾਗਮ ਵਿਚ ਡਾ. ਹਰਿੰਦਰ ਕੌਰ ਸੋਹਲ, ਡਾ. ਅਕਾਲ ਅੰਮ੍ਰਿਤ ਕੌਰ, ਡਾ. ਸੁਨੀਲ ਕੁਮਾਰ (ਮੁਖੀ ਹਿੰਦੀ ਵਿਭਾਗ), ਡਾ. ਹਸਨ ਰੇਹਾਨ, ਡਾ. ਵਿਸ਼ਾਲ ਭਾਰਦਵਾਜ, ਪ੍ਰਵੀਨ ਪੁਰੀ (ਡਾਇਰੈਕਟਰ ਲੋਕ ਸੰਪਰਕ ਵਿਭਾਗ), ਡਾ. ਅਮਰਜੀਤ ਸਿੰਘ, ਡਾ. ਰਾਜਕੁਮਾਰ, ਹਰਦੀਪ ਸਿੰਘ ਦੀਪ, ਦੀਪ ਦਵਿੰਦਰ, ਡਾ. ਕੁਲਦੀਪ ਸਿੰਘ, ਡਾ. ਗੁਰਉਪਦੇਸ਼ ਸਿੰਘ, ਡਾ. ਭਾਰਤਬੀਰ ਕੌਰ ਸੰਧੂ, ਡਾ. ਰਾਜੇਸ਼ ਕੁਮਾਰ, ਡਾ. ਰਵਿੰਦਰ ਸਾਹਨੀ, ਡਾ. ਹੀਰਾ ਸਿੰਘ, ਸ੍ਰੀਮਤੀ ਅਰਤਿੰਦਰ ਸੰਧੂ, ਡਾ. ਕੰਵਲਜੀਤ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਜਸਪਾਲ ਸਿੰਘ, ਡਾ. ਸੁਖਪ੍ਰੀਤ ਕੌਰ, ਡਾ. ਅੰਜੂ ਬਾਲਾ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਵਿਦਿਆਰਥੀ ਅਤੇ ਖੋਜਾਰਥੀ ਸਮੇਤ ਪੰਜਾਬੀ ਸਾਹਿਤ ਜਗਤ ਦੇ ਵਿਦਵਾਨ ਅਤੇ ਮਾਹਿਰ ਇਸ ਸਮਾਗਮ ਵਿੱਚ ਸ਼ਾਮਲ ਹੋਏ।

Check Also

ਵਪਾਰੀਆਂ ਦੀਆਂ ਨਾਗਰਿਕ ਸਮੱਸਿਆਵਾਂ ਦੇ ਨਿਪਟਾਰੇ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀ ਮੀਟਿੰਗ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵਪਾਰੀਆਂ ਨੂੰ ਦਰਪੇਸ਼ …