ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ ਮੁਹਿੰਮ ਭਾਰੀ ਜਨਭਾਗੀਦਾਰੀ ਨਾਲ
ਸਫਲਤਾਪੂਰਵਕ ਸੰਪਨ ਹੋਈ।ਮੁਹਿੰਮ ਦਾ ਮਕਸਦ ਸਫਾਈ ਅਤੇ ਵਾਤਾਵਰਣ ਸੰਭਾਲ ਬਾਰੇ ਜਾਗਰੂਕਤਾ ਫੈਲਾਉਣਾ ਸੀ, ਜਿਸ ਵਿੱਚ ਕਈ ਐਨਜੀਓਜ਼, ਸੰਸਥਾਵਾਂ ਅਤੇ ਨਾਗਰਿਕਾਂ ਨੇ ਸਰਗਰਮ ਭਾਗ ਲਿਆ।
ਇਹ ਮੁਹਿੰਮ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਰਹਿਨੁਮਾਈ ਹੇਠ ਕਰਵਾਈ ਗਈ, ਜਿਸ ਵਿੱਚ ਇਕੋ ਸੇਵਾ ਸੋਸਾਇਟੀ ਅਤੇ ਸਵੱਛ ਪੰਜਾਬ ਸੋਸਾਇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।ਸਮਾਪਤੀ ਰੈਲੀ ਹੈਰੀਟੇਜ਼ ਸਟਰੀਟ, ਟਾਊਨ ਹਾਲ ਵਿਖੇ ਕਰਵਾਈ ਗਈ, ਜਿਸ ਵਿੱਚ ਹਰਿਆਵਲ ਪੰਜਾਬ, ਸਕੂਲੀ ਬੱਚੇ, ਕੌਂਸਲਰ ਅਤੇ ਸਥਾਨਕ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਰੈਲੀ ਨੂੰ ਸਹਾਇਕ ਕਮਿਸ਼ਨਰ ਦਲਜੀਤ ਸਿੰਘ ਅਤੇ ਐਮ.ਓ.ਐਚ ਡਾ. ਯੋਗੇਸ਼ ਅਰੋੜਾ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਈਕੋ ਸੇਵਾ ਸੋਸਾਇਟੀ ਦੀ ਮਿਸਿਜ਼ ਨਿਧੀ ਸਿਧਵਾਨੀ ਅਤੇ ਮਿਸਿਜ਼ ਰਿਧੀ ਖੰਨਾ ਅਤੇ ਸਵੱਛ ਪੰਜਾਬ ਦੇ ਸਿਮਰਜੀਤ ਸਿੰਘ ਅਤੇ ਦਲਜੀਤ ਸਿੰਘ ਕੋਹਲੀ ਸਮੇਤ ਕਈ ਪ੍ਰਮੁੱਖ ਹਸਤੀਆਂ ਮੌਜ਼ੂਦ ਸਨ।
ਰੈਲੀ ਟਾਊਨ ਹਾਲ ਤੋਂ ਸ਼ੁਰੂ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਦੇ ਕੋਲ ਧਰਮ ਸਿੰਘ ਮਾਰਕੀਟ ਤੱਕ ਗਈ, ਜਿੱਥੇ ਭਾਗੀਦਾਰਾਂ ਨੇ ਸਫਾਈ ਅਤੇ ਨਾਗਰਿਕ ਜਿੰਮੇਵਾਰੀ ਬਾਰੇ ਨਾਅਰੇ ਲਗਾਏ।
ਮੇਅਰ ਜਤਿੰਦਰ ਸਿੰਘ ਭਾਟੀਆ ਨੇ ਸਾਰੇ ਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ।ਕੌਂਸਲਰ ਜਰਨੈਲ ਸਿੰਘ ਢੋਟ ਅਤੇ ਮਨਦੀਪ ਸਿੰਘ ਆਹੂਜਾ ਤੋਂ ਇਲਾਵਾ ਸਹਾਇਕ ਕਮਿਸ਼ਨਰ ਵਿਸ਼ਾਲ ਵਧਵਾਨ, ਰਾਜਿੰਦਰ ਸ਼ਰਮਾ, ਐਮ.ਓ.ਐਚ ਡਾ. ਯੋਗੇਸ਼ ਅਰੋੜਾ, ਡਾ. ਰਾਮਾ ਅਤੇ ਸੀ.ਐਸ.ਓ ਸਰਬਜੀਤ ਸਿੰਘ ਵੀ ਸ਼ਾਮਲ ਸਨ।
ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਨੁੱਕੜ ਨਾਟਕ ਖਾਸ ਆਕਰਸ਼ਣ ਦਾ ਕੇਂਦਰ ਰਿਹਾ, ਜਿਸ ਵਿੱਚ ਸਫਾਈ ਅਤੇ ਕਚਰਾ ਪ੍ਰਬੰਧਨ ਦੀ ਮਹੱਤਤਾ ਨੂੰ ਦਰਸਾਇਆ ਗਿਆ।ਮੇਅਰ ਨੇ ਬੱਚਿਆਂ ਨੂੰ ਸ਼ੀਲਡਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ “ਸਫਾਈ ਦੂਤ” ਬਣ ਕੇ ਸਮਾਜ ਵਿੱਚ ਜਾਗਰੂਕਤਾ ਫੈਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਹਰ ਰੋਜ਼ ਲੱਖਾਂ ਸ਼ਰਧਾਲੂ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਲਈ ਆਉਂਦੇ ਹਨ, ਇਸ ਲਈ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਬਹੁਤ ਜਰੂਰੀ ਹੈ।ਉਨ੍ਹਾਂ ਵਿਸ਼ਵਾਸ ਜਤਾਇਆ ਕਿ ਲੋਕਾਂ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿੱਚ ਸ਼ਾਮਲ ਹੋ ਸਕਦਾ ਹੈ।
ਵਿਸ਼ਵ ਧਰਤੀ ਦਿਵਸ ਮੌਕੇ ‘ਤੇ ਮੇਅਰ ਨੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ-ਮਿੱਤਰ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕੀਤੀ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media