Saturday, April 25, 2026

ਰਾਜਪਾਲ ਕਟਾਰੀਆ ਨੇ ਉਚ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਇਕਜੁੱਟਤਾ ਦਾ ਦਿੱਤਾ ਸੱਦਾ

ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਉੱਚ ਸਿੱਖਿਆ ਸੰਸਥਾਵਾਂ ਨੂੰ ਨਵੀਆਂ ਤਕਨੀਕਾਂ, ਬਦਲਦੀਆਂ ਆਰਥਿਕ ਸਥਿਤੀਆਂ ਅਤੇ ਉਭਰਦੀਆਂ ਸਮਾਜਿਕ ਚੁਣੌਤੀਆਂ ਦੇ ਹੱਲ ਲਈ ਸਾਂਝੇ ਤੌਰ ’ਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਨਵੀਆਂ ਤਬਦੀਲੀਆਂ ਅਪਣਾਉਦਿਆਂ ਅਦਾਰਿਆਂ ਨੂੰ ਆਪਣੀਆਂ ਕਦਰਾਂ-ਕੀਮਤਾਂ ਅਤੇ ਵਿੱਦਿਆ ਦੇ ਬੁਨਿਆਦੀ ਟੀਚੇ ਨਹੀਂ ਭੁਲਣੇ ਚਾਹੀਦੇ।ਇਹ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਵਿਖੇ ਅੱਜ ਸ੍ਰੀ ਕਟਾਰੀਆ ਨੇ ‘ਉਚ ਸਿੱਖਿਆ ਨੀਤੀ: ਨੈਵੀਗੇਟਿੰਗ ਗਲੋਬਲ ਚੁਣੌਤੀਆਂ ਅਤੇ ਰਾਸ਼ਟਰੀ ਤਰਜੀਹਾਂ’ ਵਿਸ਼ੇ ’ਤੇ ਕਰਵਾਈ ਗਈ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਸ਼ਵ ਪੱਧਰ ’ਤੇ ਉਭਰ ਰਹੇ ਬਦਲਾਅ ਸਬੰਧੀ ਤਿਆਰ-ਬਰ-ਤਿਆਰ ਰਹਿਣ ਲਈ ਹੋਕਾ ਦਿੰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਉਚ ਸਿੱਖਿਆ ਨੂੰ ਸਮਾਵੇਸ਼ੀ ਵਿਕਾਸ, ਸਮਾਜਿਕ ਸਮਾਨਤਾ ਅਤੇ ਰੁਜ਼ਗਾਰ ਪੈਦਾ ਕਰਨ ਨੂੰ ਉਤਸ਼ਾਹਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਯੂਨੀਵਰਸਿਟੀ ਵੱਲੋਂ ਪ੍ਰੋਗਰਾਮ ਭਾਰਤ ਅਤੇ ਦੁਨੀਆਂ ਭਰ ’ਚ ਉਚ ਸਿੱਖਿਆ ਦੇ ਵਿਕਸਿਤ ਹੋ ਰਹੇ ਨਵੇਂ ਕੀਰਤੀਮਾਨ ਨੂੰ ਗਹੁ ਨਾਲ ਤੱਕਣ ਲਈ ਉਘੇ ਵਿਦਵਾਨਾਂ, ਸਿੱਖਿਆ ਸ਼ਾਸਤਰੀਆਂ, ਨੀਤੀ ਨਿਰਮਾਤਾਵਾਂ ਨਾਲ ਗੱਲਬਾਤ ਕਰਨ ਸਬੰਧੀ ਉਲੀਕਿਆ ਗਿਆ ਸੀ।ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਰਾਜਪਾਲ ਨੇ ਇਤਿਹਾਸਕ ਖਾਲਸਾ ਕਾਲਜ ਅਤੇ ਖ਼ਾਲਸਾ ’ਵਰਸਿਟੀ ਕੈਂਪਸ’ ਦੀ ਵਿਰਾਸਤੀ ਇਮਾਰਤ ਦਾ ਦੌਰਾ ਕੀਤਾ ਅਤੇ ਸਿੱਖ ਇਤਿਹਾਸ ਖੋਜ ਕੇਂਦਰ ’ਚ ਲੰਬਾ ਸਮਾਂ ਬਿਤਾਇਆ, ਜਿੱਥੇ ਉਨ੍ਹਾਂ ਨੇ ਖੋਜ਼ ਅਧਾਰਿਤ ਅਤੇ ਸਿੱਖ ਵਿਰਸੇ ਨਾਲ ਸਬੰਧਿਤ ਕਿਤਾਬਾਂ ਅਤੇ ਮਿਊਜ਼ਿਮ ’ਚ ਸ਼ੁਸ਼ੋਭਿਤ ਖਰੜਿਆਂ ਨੂੰ ਵੇਖਿਆ।ਉਨ੍ਹਾਂ ਨੇ ਖ਼ਾਲਸਾ ਯੂਨੀਵਰਸਿਟੀ ਦੇ ਵਿਜ਼ਟਰ ਵਜੋਂ ’ਵਰਸਿਟੀ ਦੇ ਪ੍ਰੋ-ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ, ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਯੂ.ਜੀ.ਸੀ ਵੱਲੋਂ ਸੰਯੁਕਤ ਸਕੱਤਰ ਡਾ. ਅਮੋਲ ਐਮ.ਅੰਧਾਰੇ ਨਾਲ ਯੂਨੀਵਰਸਿਟੀ ਦੇ ਪ੍ਰਸ਼ਾਸ਼ਨਿਕ ਅਤੇ ਅਕਾਦਮਿਕ ਕਾਰਵਾਈਆਂ ਸਬੰਧੀ ਜਾਣਕਾਰੀਆਂ ਹਾਸਲ ਕੀਤੀ।
ਸ੍ਰੀ ਕਟਾਰੀਆ ਨੇ ਆਪਣੇ ਭਾਸ਼ਣ ਦੌਰਾਨ ਖਾਲਸਾ ਯੂਨੀਵਰਸਿਟੀ ਪ੍ਰਬੰਧਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਸੋਸਾਇਟੀ ਜੋ ਕਿ 1890 ਤੋਂ ਸਿੱਖਿਆ ਪ੍ਰਦਾਨ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ।ਪ੍ਰੋਫੈਸ਼ਨਲ ਕਾਲਜਿਜ਼, ਯੂਨੀਵਰਸਿਟੀ ਅਤੇ ਸਕੂਲ ਚਲਾ ਕੇ ਸਮਾਜ ਸੇਵਾ ਨੂੰ ਸਮਰਪਿਤ ਹੈ।ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿ ੱਖਿਆ ਨੀਤੀ-2020 ਅਨੁਸਾਰ ਸਿੱਖਿਆ ਨੀਤੀ ’ਚ ਰਾਸ਼ਟਰੀ ਪੱਧਰ ’ਤੇ ਵੱਡੇ ਬਦਲਾਅ ਹੋ ਰਹੇ ਹਨ, ਜਿਸ ਨੂੰ ਅਪਣਾ ਕੇ ਉਚ ਸਿੱਖਿਆ ਸੰਸਥਾਵਾਂ ਬਹੁ-ਅਨੁਸ਼ਾਸਨੀ ਅਤੇ ਸਰਲ ਸਿੱਖਿਆ ਦੇ ਮੌਕੇ ਪ੍ਰਦਾਨ ਕਰ ਸਕਦੀਆਂ ਹਨ।ਉਨ੍ਹਾਂ ਨੇ ਉਚ ਸਿੱਖਿਆ ’ਚ ਡਿਜ਼ੀਟਲ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਨਲਾਈਨ ਸਿਖਲਾਈ ਮੰਚਾਂ ਦੀ ਵੱਧ ਰਹੀ ਭੂਮਿਕਾ ਨੂੰ ਅਪਨਾਉਣ ’ਤੇ ਵੀ ਜ਼ੋਰ ਦਿੱਤਾ।ਸ: ਛੀਨਾ ਨੇ ਆਪਣੇ ਸਵਾਗਤੀ ਭਾਸ਼ਣ ’ਚ ਜਿੱਥੇ ਰਾਜਪਾਲ ਨੂੰ ‘ਜੀ ਆਇਆ’ ਕਿਹਾ, ਉਥੇ ਉਨ੍ਹਾਂ ਨੇ ਉਚ ਸਿੱਖਿਆ ’ਚ ਉਭਰ ਰਹੀਆਂ ਚੁਣੌਤੀਆਂ ਤੇ ਉੱਚ ਸਿੱਖਿਆ ਦੇ ਡਿੱਗਦੇ ਮਿਆਰ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਸਿੱਖਿਆ ਕੋਈ ਵਪਾਰ ਨਹੀਂ, ਸਗੋਂ ਨਿਰੋਇਆ ਸਮਾਜ ਸਿਰਜਣ ਦਾ ਜ਼ਰੀਆ ਹੈ।ਉਨ੍ਹਾਂ ਕਿਹਾ ਕਿ ਸੋਸਾਇਟੀਆਂ ਅਤੇ ਟਰੱਸਟਾਂ ਵੱਲੋਂ ਚਲਾਈਆਂ ਜਾ ਰਹੀਆਂ ਸੰਸਥਾਵਾਂ ਦਹਾਕਿਆਂ ਤੋਂ ਬਹੁਮੁੱਲੀ ਸਿੱਖਿਆ ਮੁਹੱਈਆ ਕਰਵਾ ਰਹੀਆਂ ਹਨ, ਜਿਸ ਦੀ ਜਿੰਨ੍ਹੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਨੇ ਉਕਤ ਵਿਸ਼ੇ ’ਤੇ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਆਪਣੀ ਇਸ ਪਲੇਠੀ ਦੀ ਕਾਨਫਰੰਸ ਆਯੋਜਿਤ ਕਰਕੇ ਇੱਕ ਪਹਿਲਕਦਮੀ ਕੀਤੀ ਹੈ, ਜਿਸ ਦਾ ਮੰਤਵ ਅਕਾਦਮਿਕ ਐਕਸੀਲੈਂਸ, ਨਵੀਨਤਾ ਅਤੇ ਪ੍ਰੋਫੈਸ਼ਨਲ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ।ਡਾ. ਅੰਧਾਰੇ ਨੇ ਕਿਹਾ ਕਿ ਸਾਨੂੰ ਅਜਿਹੀਆਂ ਸੰਸਥਾਵਾਂ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ ਜੋ ਸਮਾਜ ਅਤੇ ਰਾਸ਼ਟਰ ਦੀਆਂ ਬਦਲਦੀਆਂ ਜ਼ਰੂਰਤਾਂ ਪ੍ਰਤੀ ਸਰਗਰਮ ਹੋ ਕੇ ਇਨ੍ਹਾਂ ਦੇ ਹੱਲ ਤਲਾਸ਼ਣ।
ਖ਼ਾਲਸਾ ’ਵਰਸਿਟੀ ਦੇ ਰਜਿਸਟਰਾਰ ਅਤੇ ਡੀਨ ਫੈਕਲਟੀ ਆਫ਼ ਐਜੂਕੇਸ਼ਨ ਡਾ. ਖੁਸ਼ਵਿੰਦਰ ਕੁਮਾਰ, ਜਿਨ੍ਹਾਂ ਨੇ ਇਸ ਕਾਨਫਰੰਸ ਨੂੰ ਉਲੀਕਣ ’ਚ ਆਪਣੀ ਅਹਿਮ ਭੂਮਿਕਾ ਨਿਭਾਈ, ਨੇ ਇਸ ਪ੍ਰੋਗਰਾਮ ਦੇ ਟੀਚਿਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਕਾਨਫਰੰਸ ’ਚ ਵਿੱਦਿਅਕ ਮਾਹਿਰਾਂ ਵੱਲੋਂ ਨਵੀਂ ਵਿੱਦਿਅਕ ਨੀਤੀ ਨੂੰ ਅਪਨਾਉਣ ਬਾਰੇ ਜਾਣਕਾਰੀਆਂ ਸਾਂਝੀਆਂ ਕਰਨਾ ਸੀ।
ਡੀਨ ਅਕਾਦਮਿਕ ਡਾ. ਸੁਰਿੰਦਰ ਕੌਰ ਨੇ ਆਪਣੇ ਧੰਨਵਾਦੀ ਪ੍ਰਸਤਾਵ ’ਚ ਰਾਜਪਾਲ, ਵਿਸ਼ੇਸ਼ ਮਹਿਮਾਨਾਂ, ਭਾਗੀਦਾਰਾਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਜਿਨ੍ਹਾਂ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਪ੍ਰੋ. (ਡਾ.) ਸੰਜੀਵ ਸ਼ਰਮਾ, ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਦੇ ਉਪ ਕੁਲਪਤੀ ਪ੍ਰੋ. (ਡਾ.) ਸੁਸ਼ੇਂਦਰ ਕੁਮਾਰ ਮਿਸ਼ਰਾ, ਸਰਕਾਰੀ ਕਾਲਜ, ਗੁਰਦਾਸਪੁਰ ਤੋਂ ਪ੍ਰਿੰਸੀਪਲ ਪ੍ਰੋ. (ਡਾ.) ਅਸ਼ਵਨੀ ਭੱਲਾ ਅਤੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਹਿੱਸਾ ਲਿਆ।
ਇਸ ਮੌਕੇ ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਗੁਨਬੀਰ ਸਿੰਘ, ਰਾਜਬੀਰ ਸਿੰਘ, ਸੰਤੋਖ ਸਿੰਘ ਸੇਠੀ, ਲਖਵਿੰਦਰ ਸਿੰਘ ਢਿੱਲੋਂ, ਪਰਮਜੀਤ ਸਿੰਘ ਬੱਲ, ਗੁਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਖ਼ਾਲਸਾ ਅਦਾਰਿਆਂ ਦੇ ਵੱਖ-ਵੱਖ ਪ੍ਰਿੰਸੀਪਲ, ਡਾਇਰੈਕਟਰ ਤੋਂ ਇਲਾਵਾ ਹੋਰ ਕਈ ਸਖ਼ਸ਼ੀਅਤਾਂ ਹਾਜ਼ਰ ਸਨ।

Check Also

ਬੇਸਿਕ ਕੰਪਿਊਟਰ ਤੇ ਵੈਬ ਡਿਜ਼ਾਇਨਿੰਗ ਕੋਰਸ ਲਈ ਦਾਖਲੇ ਸ਼ੁਰੂ

ਅੰਮ੍ਰਿਤਸਰ 24 ਅਪ੍ਰੈਲ (ਜਗਦੀਪ ਸਿੰਘ) – ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਕੋਰਟ ਰੋਡ ਵਿਖੇ ਅੰਦਰ …