
ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਓਪਨ ਐਂਡ ਡਿਸਟੈਂਸ ਲਰਨਿੰਗ (ਓ.ਡੀ.ਐਲ) ਡਾਇਰੈਕਟੋਰੇਟ ਲਈ ਨਵੀਂ ਵੈਬਸਾਈਟ ਲਾਂਚ ਕੀਤੀ ਗਈ ਹੈ।ਇਹ ਵੈਬਸਾਈਟ ਵਿਦਿਆਰਥੀਆਂ ਲਈ ਅਕਾਦਮਿਕ ਜਾਣਕਾਰੀ ਅਤੇ ਸੇਵਾਵਾਂ ਨੂੰ ਹੋਰ ਵਧੀਆ ਅਤੇ ਯੂਜ਼ਰ-ਫ੍ਰੈਂਡਲੀ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ।ਇਸ ਵਿੱਚ ਡਿਸਟੈਂਸ ਐਜੂਕੇਸ਼ਨ ਕੋਰਸਾਂ, ਐਡਮਿਸ਼ਨ ਪ੍ਰਕਿਰਿਆ, ਇਲੀਜਿਬਿਲਿਟੀ, ਫੀਸ ਸਟ੍ਰਕਚਰ ਅਤੇ ਮਹੱਤਵਪੂਰਨ ਨੋਟੀਫਿਕੇਸ਼ਨਜ਼ ਬਾਰੇ ਪੂਰੀ ਜਾਣਕਾਰੀ ਉਪਲੱਬਧ ਹੈ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵੈਬਸਾਈਟ ਵਿੱਚ ਈ-ਲਰਨਿੰਗ ਮੈਨੇਜਮੈਂਟ ਸਿਸਟਮ (ਈ-ਐਲ.ਐਮ.ਐਸ) ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਰਾਹੀਂ ਵਿਦਿਆਰਥੀ ਸੈਲਫ ਲਰਨਿੰਗ ਮਟੀਰੀਅਲਜ਼ (ਐਸ.ਐਲ.ਐਮਜ਼), ਈ-ਬੁਕਸ, ਆਨਲਾਈਨ ਸਟੱਡੀ ਕੰਟੈਂਟ ਅਤੇ ਰਿਕਾਰਡਡ ਵੀਡੀਓ ਲੈਕਚਰਜ਼ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ।ਇਸ ਨਾਲ ਵਿਦਿਆਰਥੀ ਘਰ ਬੈਠੇ ਕਿਸੇ ਵੀ ਸਮੇਂ ਪੜ੍ਹਾਈ ਕਰ ਸਕਦੇ ਹਨ।ਇਸ ਰਾਹੀਂ ਅਕਾਦਮਿਕ ਸ਼ਡਿਊਲ, ਨੋਟਿਸ ਅਤੇ ਇਗਜ਼ਾਮੀਨੇਸ਼ਨ ਸੰਬੰਧੀ ਜਾਣਕਾਰੀ ਵੀ ਨਿਯਮਿਤ ਅਪਡੇਟ ਹੋਵੇਗੀ।
ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਸਮੇਂ ਕਰੀਬ 2700 ਵਿਦਿਆਰਥੀ ਯੂਨੀਵਰਸਿਟੀ ਦੇ ਵੱਖ-ਵੱਖ ਓ.ਡੀ.ਐਲ ਅਤੇ ਆਨਲਾਈਨ ਪ੍ਰੋਗਰਾਮਜ਼ ਵਿੱਚ ਦਾਖਲ ਹਨ।ਰਜਿਸਟਰਾਰ ਪ੍ਰੋ. ਕੇ.ਐਸ ਚਾਹਲ, ਡੀਨ ਕਾਲਜ ਵਿਕਾਸ ਕੌਂਸਲ, ਡਾ. ਸਰੋਜ ਅਰੋੜਾ, ਡਾਇਰੈਕਟਰ ਓ.ਡੀ.ਐਲ ਅਤੇ ਆਨਲਾਈਨ ਸਟੱਡੀਜ਼, ਡਾ. ਸੁਭੀਤ ਕੁਮਾਰ ਜੈਨ, ਸੈਂਟਰ ਫਾਰ ਆਈ.ਟੀ ਸਲਿਊਨਸ਼ਜ਼ ਦੇ ਡਾਇਰੈਕਟਰ ਤੀਰਥ ਸਿੰਘ ਤੋਂ ਇਲਾਵਾ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਵਾਈਸ ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 10 ਡਿਗਰੀ ਕੋਰਸ-ਬੀ.ਏ, ਬੀ.ਬੀ.ਏ, ਬੀ.ਲਿਬ, ਬੀ.ਸੀ.ਏ, ਬੀ.ਕਾਮ, ਐਮ.ਬੀ.ਏ, ਐਮ.ਸੀ.ਏ, ਐਮ.ਏ (ਪੰਜਾਬੀ), ਐਮ.ਏ (ਅੰਗਰੇਜ਼ੀ) ਅਤੇ ਐਮ.ਕਾਮ-ਦੇ ਨਾਲ 32 ਸਕਿੱਲ-ਅਧਾਰਿਤ ਅਤੇ ਇੰਡਸਟਰੀ-ਓਰੀਐਂਟਿਡ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਵੀ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ, ਡਿਜਿਟਲ ਮਾਰਕੀਟਿੰਗ, ਸਿੱਖ ਧਰਮ ਨਾਲ ਜਾਣ-ਪਛਾਣ ਅਤੇ ਪੰਜਾਬੀ ਡਿਪਲੋਮਾ ਵਰਗੇ ਕੋਰਸ ਸ਼ਾਮਲ ਹਨ, ਜੋ ਕਿ ਯੂ.ਜੀ.ਸੀ-ਡੀ.ਈ.ਬੀ ਵਲੋਂ ਮਨਜ਼ੂਰਸ਼ੁਦਾ ਹਨ।ਕਿਹਾ ਕਿ ਕੋਰਸਾਂ ਦੀ ਫੀਸ ਕਾਫੀ ਸੰਤੁਲਿਤ ਰੱਖੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਉਚ ਸਿੱਖਿਆ ਪਹੁੰਚ ਸਕੇ।ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ।
ਡਾ. ਜੈਨ ਨੇ ਦੱਸਿਆ ਕਿ ਡਾਇਰੈਕਟੋਰੇਟ ਵੱਲੋਂ ਨਿਯਮਿਤ ਤੌਰ ’ਤੇ ਆਫਲਾਈਨ ਪਰਸਨਲ ਕਾਂਟੈਕਟ ਪ੍ਰੋਗਰਾਮ (ਪੀ.ਸੀ.ਪੀ) ਕਲਾਸਾਂ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਲਾਸਰੂਮ ਅਨੁਭਵ ਮਿਲ ਸਕੇ।ਯੂ.ਜੀ.ਸੀ ਦੇ ਨਿਯਮਾਂ ਅਨੁਸਾਰ ਵਿਦਿਆਰਥੀ ਇੱਕ ਸਮੇਂ ਦੋ ਪ੍ਰੋਗਰਾਮ-ਇੱਕ ਰੈਗੂਲਰ ਅਤੇ ਦੂਜਾ ਓ.ਡੀ.ਐਲ/ਆਨਲਾਈਨ-ਵੀ ਕਰ ਸਕਦੇ ਹਨ।ਜੁਲਾਈ 2026 ਸੈਸ਼ਨ ਲਈ ਓ.ਡੀ.ਐਲ ਕੋਰਸਾਂ ਦੇ ਐਡਮਿਸ਼ਨ 14 ਅਪ੍ਰੈਲ 2026 ਤੋਂ ਸ਼ੁਰੂ ਹਨ ਅਤੇ ਐਡਮਿਸ਼ਨ ਪੋਰਟਲ ਲਾਈਵ ਹੈ।ਦਾਖਲਾ ਲੈਣ ਵਾਲੇ ਵਿਦਿਆਰਥੀ ਇਹ ਵੈਬਸਾਈਟ ’ਤੇ ਜਾ ਕੇ ਆਪਣੀ ਐਡਮਿਸ਼ਨ ਪ੍ਰਕਿਰਿਆ ਪੂਰੀ ਕਰ ਸਕਦੇ ਹਨ।ਹੋਰ ਜਾਣਕਾਰੀ ਲਈ ਵਿਦਿਆਰਥੀ ਓਪਨ ਐਂਡ ਡਿਸਟੈਂਸ ਲਰਨਿੰਗ ਡਾਇਰੈਕਟੋਰੇਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਵਟਸਐਪ ਨੰਬਰ +91-7696359389 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media