
ਅੰਮਿ੍ਤਸਰ, 5 ਮਈ (ਸੁਖਬੀਰ ਸਿੰਘ ਖਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਬੀ.ਏ, ਬੀ.ਐਸਸੀ, ਬੀ.ਐਡ. ਸਮੈਸਟਰ ਚੌਥਾ ਦੇ ਵਿਦਿਆਰਥੀਆਂ ਲਈ ‘ਇਕੋਲੋਜੀ ਵਾਚ’ ਵਿਸ਼ੇ ’ਤੇ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਵਿੱਦਿਅਕ ਫ਼ੇਰੀ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਣ ਸੰਤੁਲਨ, ਜਾਨਵਰਾਂ ਦੀ ਸਿਹਤ ਅਤੇ ਜਨਤਕ ਸਿਹਤ ਦੀ ਰੱਖਿਆ ’ਚ ਵੈਟਰਨਰੀ ਸਾਇੰਸ ਦੀ ਭੂਮਿਕਾ ਬਾਰੇ ਚਾਨਣਾ ਪਾਉਣਾ ਸੀ।
ਵਾਤਾਵਰਣ ਅਧਾਰਿਤ ਸੈਸ਼ਨ ਦੇ ਉਦਘਾਟਨੀ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਾਲਜ ਪਿ੍ਰੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਵਾਤਾਵਰਣ, ਪਸ਼ੂ ਜਗਤ ਅਤੇ ਮਨੁੱਖ (ਹੋਮੋ ਸੇਪੀਅਨਸ) ਦਰਮਿਆਨ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਥਾਈ ਵਿਕਾਸ ਅਤੇ ਸਿਹਤਮੰਦ ਜੀਵਨ ਸੰਭਵ ਹੋ ਸਕੇ। ਵੀ.ਏ.ਐਚ.ਈ.ਈ ਵਿਭਾਗ ਮੁੱਖੀ ਡਾ. ਐਸ.ਕੇ ਕਾਂਸਲ ਨੇ ਕਿਹਾ ਕਿ ਅਧਿਆਪਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੇ ਆਸ-ਪਾਸ ਦੇ ਵਾਤਾਵਰਣ ਅਤੇ ਉਸ ਦੇ ਰੋਜ਼ਾਨਾ ਜੀਵਨ ’ਤੇ ਪੈਣ ਵਾਲੇ ਅਸਰਾਂ ਸਬੰਧੀ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ।ਡਾ. ਵਰਮਾ ਨੇ ਗੁਣਵੱਤਾ ਵਾਲੇ ਪਸ਼ੂ ਉਤਪਾਦਾਂ ਦੀ ਵਧਦੀ ਮੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਦੀ ਪੂਰਤੀ ਲਈ ਜਾਨਵਰਾਂ, ਕੁਦਰਤ, ਪਾਣੀ, ਹਵਾ ਅਤੇ ਪੌਦਿਆਂ ਦੀ ਸੰਭਾਲ ਕਰਨੀ ਬਹੁਤ ਹੀ ਅਹਿਮ ਹੈ।
ਡਾ. ਵਰਮਾ ਨੇ ਕਿਹਾ ਕਿ ਉਕਤ ਫੇਰੀ ਦੌਰਾਨ ਕਾਲਜ ਫੈਕਲਟੀ ਵੱਲੋਂ ਐਕਸਟੈਂਸ਼ਨ ਲੈਕਚਰ ਦਿੱਤੇ ਗਏ, ਜਿਸ ਦੌਰਾਨ ਵੈਟਰਨਰੀ ਅਤੇ ਪਸ਼ੂ ਪਾਲਣ ਵਿਸਥਾਰ ਸਿੱਖਿਆ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਡਾ. ਸਨੋਬਰ ਰਸੂਲ ਨੇ ‘ਐਂਟੀਮਾਈਕ੍ਰੋਬਾਇਲ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਵੈਟਰਨਰੀ ਐਕਸਟੈਂਸ਼ਨ ਟੂਲਜ਼ ਦਾ ਏਕੀਕ੍ਰਿਤ: ਵਨ ਹੈਲਥ ਐਪ੍ਰੋਚ’ ਵਿਸ਼ੇ ’ਤੇ ਭਾਸ਼ਣ ਦਿੱਤਾ।ਵਿਭਾਗ ਤੋਂ ਸਹਾਇਕ ਪ੍ਰੋਫੈਸਰ ਡਾ. ਮਨਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜ਼ੂਨੋਟਿਕ ਬਿਮਾਰੀਆਂ ਦੇ ਸੰਕਲਪ ਨਾਲ ਜਾਣੂ ਕਰਵਾਇਆ।ਉਨ੍ਹਾਂ ਨੇ ਇਸ ਦੀ ਫੈਲਾਵਟ ਦੇ ਤਰੀਕੇ, ਰੋਕਥਾਮ ਅਤੇ ਜਾਗਰੂਕਤਾ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ।
Punjab Post Daily Online Newspaper & Print Media