Wednesday, May 6, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤੇਜਾ ਸਿੰਘ ਸਮੁੰਦਰੀ ‘ਤੇ ਪੁਸਤਕ ਰਿਲੀਜ਼ ਸਮਾਰੋਹ ਅਤੇ ਸੈਮੀਨਾਰ ਆਯੋਜਿਤ

ਅੰਮ੍ਰਿਤਸਰ, 6 ਮਈ (ਸ਼ੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ. ਤੇਜਾ ਸਿੰਘ ਸਮੁੰਦਰੀ ਦੀ ਜੀਵਨ ਯਾਤਰਾ ਅਤੇ ਯੋਗਦਾਨ ‘ਤੇ ਆਧਾਰਿਤ ਸੈਮੀਨਾਰ ਅਤੇ ਪੁਸਤਕ ਰਿਲੀਜ਼ ਸਮਾਰੋਹ ਯੂੂਨੀਵਰਸਿਟੀ ਦੇ ਗੋਲਡਨ ਜੂਬਲੀ ਕਨਵੈਂਸ਼ਨ ਸੈਂਟਰ ਵਿੱਚ ਕਰਵਾਇਆ ਗਿਆ।ਸ. ਤੇਜਾ ਸਿੰਘ ਸਮੁੰਦਰੀ ਦੇ ਜੀਵਨ ਉਪਰ ਡਾ. ਪਿਆਰ ਸਿੰਘ ਦੀ ਲਿਖੀ ਅਤੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਅੰਗਰੇਜ਼ੀ ਵਿੱਚ ਅਨੁਵਾਦਿਤ ਪੁਸਤਕ “ਤੇਜਾ ਸਿੰਘ ਸਮੁੰਦਰੀ: ਜੀਵਨ ਅਤੇ ਯੋਗਦਾਨ” ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਗੁਲਾਬ ਚੰਦ ਕਟਾਰੀਆ, ਦਿੱਲੀ ਦੇ ਲੈਫਟੀਨੈਂਟ ਗਵਰਨਰ ਸ. ਤਰਨਜੀਤ ਸਿੰਘ ਸੰਧੂ ਅਤੇ ਚੰਡੀਗੜ੍ਹ ਦੇ ਡੀ.ਜੀ.ਪੀ ਡਾ. ਸਾਗਰਪ੍ਰੀਤ ਸਿੰਘ ਹੁੱਡਾ ਅਤੇ ਹੋਰ ਮਹਿਮਾਨਾਂ ਵਲੋਂ ਰਿਲੀਜ਼ ਕੀਤੀ ਗਈ।
ਮੁੱਖ ਮਹਿਮਾਨ ਵਜੋਂ ਬੋਲਦਿਆਂ ਮਾਨਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸ. ਤੇਜਾ ਸਿੰਘ ਸਮੁੰਦਰੀ ਦੀ ਸਿੱਖ ਸੁਧਾਰ ਲਹਿਰ ਵਿੱਚ ਭੂਮਿਕਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਭਵਿੱਖ ਦੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਅਜਿਹੀਆਂ ਇਤਿਹਾਸਕ ਸ਼ਖ਼ਸੀਅਤਾਂ ਤੋਂ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸੰਗਤ ਅਤੇ ਪੰਗਤ ਵਰਗੀਆਂ ਪਰੰਪਰਾਵਾਂ ਵਿੱਚ ਸਮਾਨਤਾ ਅਤੇ ਸਾਂਝੀਵਾਲਤਾ ਦੇ ਆਧਾਰ ਪਏ ਹਨ ਜੋ ਕਿ ਮੌਜ਼ੂਦਾ ਸਮੇਂ ਅਤੇ ਭਵਿੱਖ ਵਿਚ ਵੀ ਸਾਰਥਕ ਰਹਿਣਗੇ, ਜਿਹੜੇ ਸਮਾਜ ਵਿੱਚ ਊਚ-ਨੀਚ ਦੇ ਭੇਦ ਨੂੰ ਖਤਮ ਕਰਦੇ ਹਨ।ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੁੱਲਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸ. ਤਰਨਜੀਤ ਸਿੰਘ ਸੰਧੂ ਨੇ ਆਪਣੇ ਦਾਦਾ ਸ. ਤੇਜਾ ਸਿੰਘ ਸਮੁੰਦਰੀ ਨੂੰ ਸ਼ਰਧਾਂਜਲੀ ਭੇਟ ਕੀਤੀ।ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿਰਫ਼ ਇਤਿਹਾਸਕ ਯਾਦਗਾਰ ਨਹੀਂ, ਸਗੋਂ ਵਿਰਾਸਤ ‘ਤੇ ਵਿਚਾਰ ਕਰਨ ਦਾ ਮੌਕਾ ਹੈ।ਉਨ੍ਹਾਂ ਦੇ ਦਾਦਾ ਨੇ ਬ੍ਰਿਟਿਸ਼ ਹਕੂਮਤ ਦੇ ਦਬਾਅ ਅੱਗੇ ਝੁਕਣ ਦੀ ਬਜ਼ਾਏ ਲਾਹੌਰ ਜੇਲ੍ਹ ਵਿੱਚ ਸ਼ਹਾਦਤ ਸਵੀਕਾਰ ਕੀਤੀ।
ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਵਿੱਚ ਉਨ੍ਹਾਂ ਦੀ ਭੂਮਿਕਾ ਸੰਸਥਾਵਾਂ ਨੂੰ ਮਜ਼ਬੂਤ ਕਰਨ ਨਾਲ ਜੁੜੀ ਹੋਈ ਸੀ।ਗੁਰੂ ਕਾ ਬਾਗ ਅਤੇ ਚਾਬੀਆਂ ਵਾਲੇ ਮੋਰਚਿਆਂ ਦੌਰਾਨ ਅਪਣਾਈ ਗਈ ਅਹਿੰਸਾ ਅਤੇ ਅਨੁਸ਼ਾਸਨ ਦੀ ਪ੍ਰਸ਼ੰਸਾ ਮਹਾਤਮਾ ਗਾਂਧੀ ਵੱਲੋਂ ਵੀ ਕੀਤੀ ਗਈ ਸੀ।ਉਨ੍ਹਾਂ ਨੇ ਨੌਜਵਾਨਾਂ ਨੂੰ ਇਮਾਨਦਾਰੀ, ਜ਼ਿੰਮੇਵਾਰੀ ਅਤੇ ਨਿਸ਼ਕਾਮ ਸੇਵਾ ਦੇ ਮੂਲ ਮੰਤਰ ਅਪਣਾਉਣ ਦੀ ਅਪੀਲ ਕੀਤੀ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ ਪ੍ਰਸਿੱਧ ਇਤਿਹਾਸਕਾਰ ਡਾ. ਪਿਆਰ ਸਿੰਘ ਦੀ ਰਚਨਾ ‘ਤੇ ਆਧਾਰਿਤ ਇੱਕ ਮਹੱਤਵਪੂਰਨ ਰਚਨਾ ਹੈ ਅਤੇ ਇਸ ਦਾ ਅੰਗਰੇਜ਼ੀ ਅਨੁਵਾਦ ਇਸ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਹੈ।ਉਨ੍ਹਾਂ ਕਿਹਾ ਕਿ ਸ. ਸਮੁੰਦਰੀ ਦੀ ਜ਼ਿੰਦਗੀ ਸੇਵਾ, ਹਿੰਮਤ ਅਤੇ ਨਿਸ਼ਠਾ ਦੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਇਹ ਕਿਤਾਬ ਗੁਰਦੁਆਰਾ ਸੁਧਾਰ ਲਹਿਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਵਿਸਤਾਰ ਨਾਲ ਉਜਾਗਰ ਕਰਦੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਸ. ਤਰਨਜੀਤ ਸਿੰਘ ਸੰਧੂ, ਜੋ ਕਿ ਸ. ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਹਨ, ਅੱਜ ਦੇਸ਼ ਦੇ ਉਚ ਅਹੁੱਦੇ ‘ਤੇ ਰਹਿ ਕੇ ਇਸ ਮਹਾਨ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।
ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਕਿਤਾਬ ਸਾਨੂੰ ਆਪਣੇ ਪੁਰਖਿਆ ਦੀਆਂ ਕੁਰਬਾਨੀਆਂ ਨੂੰ ਯਾਦ ਦਿਵਾਉਂਦੀ ਹੈ ਅਤੇ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਇਸ ਵਿਰਾਸਤ ਨੂੰ ਸਿਰਫ਼ ਸੰਭਾਲੀਏ ਹੀ ਨਹੀਂ, ਸਗੋਂ ਇਸਨੂੰ ਅੱਗੇ ਵੀ ਵਧਾਈਏ।
ਇਸ ਮੌਕੇ ੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਯੋਗਦਾਨ ਉਪਰ ਵਿਸ਼ੇਸ਼ ਭਾਸ਼ਣ ਦਿੱਤਾ ਜਦਕਿ ਡਾ. ਅਮਰਜੀਤ ਸਿੰਘ ਨੇ ਪੁਸਤਕ ਦੀ ਸਮੀਖਿਆ ਪੇਸ਼ ਕੀਤੀ।ਸਮਾਗਮ ਵਿੱਚ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ, ਰਜਿਸਟਰਾਰ ਪ੍ਰੋ. ਕੇ.ਐਸ ਚਾਹਲ, ਡੀਨ ਵਿਦਿਆਰਥੀ ਭਲਾਈ, ਪ੍ਰੋ. ਸਤਨਾਮ ਸਿੰਘ ਦਿਓਲ, ਪ੍ਰੋਫੈਸਰ ਇੰਚਾਰਜ਼ ਲੋਕ ਸੰਪਰਕ, ਡਾ. ਰਵਿੰਦਰ ਕੁਮਾਰ, ਡਾਇਰੈਕਟਰ ਲੋਕ ਸੰਪਰਕ ਪ੍ਰਵੀਨ ਪੁਰੀ ਤੋਂ ਇਲਾਵਾ ਹੋਰ ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

 

Check Also

ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਕਾਰਨੀਵਲ-2026 ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਕੇ.ਸੀ.ਏ ਮੈਥਮੈਟਿਕਸ …