Wednesday, August 19, 2026

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਕੁੱਤਿਆਂ ਦੀ ਸੰਭਾਲ ਸਬੰਧੀ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਗਰਮੀਆਂ ਦੇ ਮੌਸਮ ਦੌਰਾਨ ਕੁੱਤਿਆਂ ਦੀ ਸਹੀ ਸਾਂਭ-ਸੰਭਾਲ ਸਬੰਧੀ ਵੈਟਰਨਰੀ ਕਲੀਨਿਕਲ ਕੰਪਲੈਕਸ ਵਿਖੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਸੈਮੀਨਾਰ ਮੌਕੇ ਵੈਟਰਨਰੀ ਮੈਡੀਸਨ ਵਿਭਾਗ ਦੇ ਡਾ. ਦਿਵਯਮ ਚੌਧਰੀ ਅਤੇ ਉਨ੍ਹਾਂ ਦੀ ਟੀਮ ਵਲੋਂ ਪਾਲਤੂ ਜਾਨਵਰਾਂ ਦੇ ਮਾਲਕਾਂ ਨਾਲ ਮਹੱਤਵਪੂਰਨ ਸਲਾਹ- ਮਸ਼ਵਰੇ ਸਾਂਝੇ ਕੀਤੇ ਗਏ।
ਡਾ. ਵਰਮਾ ਨੇ ਦੱਸਿਆ ਕਿ ਗਰਮੀਆਂ ਦਾ ਮੌਸਮ ਖ਼ਾਸ ਕਰਕੇ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਂਦਾ ਹੈ, ਕੁੱਤਿਆਂ ਅਤੇ ਬਿੱਲੀਆਂ ਲਈ ਬਹੁਤ ਮੁਸ਼ਕਿਲ ਹੋ ਸਕਦਾ ਹੈ।ਮਨੁੱਖਾਂ ਵਾਂਗ ਕੁੱਤੇ ਪਸੀਨਾ ਨਹੀਂ ਕੱਢ ਸਕਦੇ, ਇਸ ਲਈ ਉਹ ਮੁੱਖ ਤੌਰ ’’ਤੇ ਹਾਂਫਣ ਰਾਹੀਂ ਆਪਣੇ ਸਰੀਰ ਦੀ ਗਰਮੀ ਘਟਾਉਂਦੇ ਹਨ।ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਗਰਮੀ ਕਾਰਨ ਜਾਨਵਰਾਂ ’ਚ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ), ਪੰਜਿਆਂ ਦਾ ਸੜ ਜਾਣਾ, ਥਕਾਵਟ ਅਤੇ ਹੀਟ ਸਟਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜੋ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ।ਉਨ੍ਹਾਂ ਨੇ ਕਿਹਾ ਕਿ ਦੁਪਹਿਰ ਦੀ ਤਿੱਖੀ ਧੁੱਪ ’ਚ ਕਸਰਤ ਤੋਂ ਬਚਾਅ ਕਰਦੇ ਹੋਏ ਕੁੁੱਤਿਆਂ ਨੂੰ ਸੈਰ ਜਾਂ ਕਸਰਤ ਲਈ ਸਿਰਫ਼ ਸਵੇਰੇ ਜਲਦੀ ਜਾਂ ਸ਼ਾਮ ਦੇ ਠੰਢੇ ਸਮੇਂ ’ਚ ਹੀ ਲੈ ਕੇ ਜਾਣਾ ਚਾਹੀਦਾ ਹੈ।ਕੁੱਤਿਆਂ ਲਈ ਹਮੇਸ਼ਾਂ ਛਾਂਦਾਰ, ਠੰਢੀ ਅਤੇ ਹਵਾ-ਦਾਰ ਥਾਂ ਉਪਲੱਬਧ ਹੋਣੀ ਚਾਹੀਦੀ ਹੈ।ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ’ਚ ਉਨ੍ਹਾਂ ਨੂੰ ਪੱਖੇ, ਕੂਲਰ ਜਾਂ ਏਅਰ ਕੰਡੀਸ਼ਨਰ ਵਾਲੇ ਕਮਰਿਆਂ ’ਚ ਰੱਖਣਾ ਬਿਹਤਰ ਹੈ ਅਤੇ ਸਾਫ਼, ਤਾਜ਼ਾ ਅਤੇ ਠੰਢਾ ਪੀਣ ਵਾਲਾ ਪਾਣੀ ਹਰ ਵੇਲੇ ਉਪਲਬਧ ਹੋਣਾ ਚਾਹੀਦਾ ਹੈ।ਬਾਹਰ ਜਾਣ ਸਮੇਂ ਵੀ ਸਮੇਂ-ਸਮੇਂ ’ਤੇ ਪਾਣੀ ਪਿਲਾਇਆ ਜਾਵੇ।ਉਬਲੇ ਚਾਵਲ, ਚਿਕਨ, ਦਹੀਂ, ਓਟਸ, ਪਪੀਤਾ ਅਤੇ ਹੋਰ ਫਲ ਹਲਕੀ ਅਤੇ ਆਸਾਨੀ ਨਾਲ ਹਜ਼ਮ ਹੋਣ ਵਾਲੀ ਖੁਰਾਕ ਹਨ।ਇਸ ਤੋਂ ਇਲਾਵਾ ਖੀਰਾ ਅਤੇ ਤਰਬੂਜ਼ ਵਰਗੀਆਂ ਪਾਣੀ ਵਾਲੀਆਂ ਚੀਜ਼ਾਂ ਵੀ ਲਾਭਦਾਇਕ ਹਨ।
ਉਨ੍ਹਾਂ ਕਿਹਾ ਕਿ ਪੱਗ, ਬੁਲਡਾਗ ਵਰਗੀਆਂ ਚਪਟੇ ਮੂੰਹ ਵਾਲੀਆਂ ਨਸਲਾਂ, ਛੋਟੇ ਬੱਚੇ, ਬਜ਼ੁਰਗ, ਮੋਟੇ ਕੁੱਤੇ ਅਤੇ ਦਿਲ ਜਾਂ ਸਾਹ ਦੀਆਂ ਬਿਮਾਰੀਆਂ ਵਾਲੇ ਜਾਨਵਰ ਹੀਟ ਸਟਰੈਸ ਦੇ ਵਧੇਰੇ ਖਤਰੇ ਹੇਠ ਹੁੰਦੇ ਹਨ, ਇਸ ਲਈ ਉਨ੍ਹਾਂ ਦੀ ਵਿਸ਼ੇਸ਼ ਦੇਖਭਾਲ ਜ਼ਰੂਰੀ ਹੈ।ਪ੍ਰਿੰ. ਡਾ. ਵਰਮਾ ਨੇ ਕਿਹਾ ਕਿ ਕਾਲਜ ਦਾ ਵੈਟਰਨਰੀ ਹਸਪਤਾਲ 24 ਘੰਟੇ ਅਤੇ ਹਫ਼ਤੇ ਦੇ ਸੱਤੋਂ ਦਿਨ ਸੇਵਾਵਾਂ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਐਮਰਜੈਂਸੀ ਸਹਾਇਤਾ ਲਈ 0183-2994595 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …