ਅੰਮ੍ਰਿਤਸਰ, 4 ਜੂਨ (ਦੀਪ ਦਵਿੰਦਰ ਸਿੰਘ) – ਸਾਹਿਤਕ ਅਤੇ ਸਮਾਜਿਕ ਹਲਕਿਆਂ ਵਿਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪ੍ਰਸਿੱਧ ਪੱਤਰਕਾਰ, ਸਿੱਖਿਆ
ਸ਼ਾਸਤਰੀ, ਸਮਾਜ ਸੇਵੀ ਅਤੇ ਤਰਕਸ਼ੀਲ ਚਿੰਤਕ ਸਵਰਨ ਸਿੰਘ ਭੰਗੂ ਜਿਹੜੇ ਸਾਰੀ ਉਮਰ ਮਾੜੇ ਸਿਸਟਮ ਦੇ ਖਿਲਾਫ਼ ਲੜਦੇ ਰਹੇ, ਅੱਜ ਆਪ ਵੀ ਉਸੇ ਦੀ ਭੇਟ ਚੜ੍ਹ ਗਏ।
ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸਵਰਨ ਸਿੰਘ ਭੰਗੂ ਹੁਰਾਂ ਦੀ ਇਸ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਸਭਾ ਦੇ ਦੇ ਪ੍ਰਧਾਨ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਮੱਖਣ ਕੁਹਾੜ ਅਤੇ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਭੰਗੂ ਸਾਹਬ ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਾਇਕਲ ‘ਤੇ ਸੈਰ ਕਰਨ ਨਿਕਲ਼ੇ, ਅਚਾਨਕ ਮੂੰਹ ਨ੍ਹੇਰੇ ਇਕ ਖੁੱਲ੍ਹੇ ਪਏ ਸੀਵਰੇਜ਼ (ਗਟਰ) ਵਿੱਚ ਸਾਇਕਲ ਸਮੇਤ ਜਾ ਡਿੱਗੇ, ਜਿਸ ਦਾ ਪਤਾ ਉਹਨਾਂ ਦੀ ਤਲਾਸ਼ ਦੌਰਾਨ ਤਕਰੀਬਨ ਢਾਈ ਘੰਟੇ ਬਾਅਦ ਲੱਗਿਆ, ਉਦੋਂ ਤੱਕ ਉਹ ਇਸ ਗੰਦੇ ਸਿਸਟਮ ਦੀ ਭੇਟ ਚੜ੍ਹ ਚੁੱਕੇ ਸਨ।ਫਿਲਮੀ ਅਤੇ ਰੰਗ ਮੰਚ ਦੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਜੀਵਨ ਸਾਥੀ ਸਵਰਨ ਸਿੰਘ ਭੰਗੂ ਨੇ ਆਪਣਾ ਸਾਰਾ ਜੀਵਨ ਸਿੱਖਿਆ, ਸਮਾਜਿਕ ਜਾਗਰੂਕਤਾ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤਾ। ਉਹਨਾਂ ਵੱਲੋਂ ਆਪਣੀ ਦੇਹ ਪੀ.ਜੀ.ਆਈ ਨੂੰ ਦਾਨ ਕਰਨ ਦਾ ਫ਼ੈਸਲਾ ਵੀ ਉਹਨਾਂ ਦੀ ਉੱਚੀ ਸੋਚ ਅਤੇ ਮਨੁੱਖਤਾ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ।
ਸਭਾ ਦੇ ਅਹੁੱਦੇਦਾਰ ਸੈਲਿੰਦਰਜੀਤ ਰਾਜਨ, ਦਲਜੀਤ ਸਿੰਘ ਸਾਹੀ, ਸੁਰਿੰਦਰਪ੍ਰੀਤ ਘਣੀਆ, ਬਲਵਿੰਦਰ ਸੰਧੂ, ਡਾ. ਸ਼ਿੰਦਰਪਾਲ ਸਿੰਘ, ਡਾ. ਕਰਮਜੀਤ ਸਿੰਘ, ਯਤਿੰਦਰ ਕੌਰ ਮਾਹਲ, ਮੂਲ ਚੰਦ ਸ਼ਰਮਾ, ਰਜਿੰਦਰ ਰਾਜਨ, ਭੁਪਿੰਦਰ ਪ੍ਰੀਤ, ਮਨਜੀਤ ਇੰਦਰਾ ਅਤੇ ਐਸ ਨਸੀਮ ਹੁਰਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਸਿਸਟਮ ਦੀ ਅਣਗਿਹਲੀ ਕਰਕੇ ਸਵਰਨ ਸਿੰਘ ਭੰਗੂ ਵਰਗੀਆਂ ਅਨੇਕਾਂ ਕੀਮਤੀ ਜਾਨਾਂ ਭੰਗ ਦੇ ਭਾੜੇ ਮੌਤ ਦੇ ਮੂੰਹ ਜਾ ਪਈਆਂ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media