Friday, June 5, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਕਸਟ ਜਨਰੇਸ਼ਨ ਸੀਕੁਐਂਸਿੰਗ ਡਾਟਾ ਵਿਸ਼ਲੇਸ਼ਣ `ਤੇ ਦੋ ਰੋਜ਼ਾ ਕੌਮੀ ਵਰਕਸ਼ਾਪ

ਅੰਮ੍ਰਿਤਸਰ, 5 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਰੂਸਾ 2.0 (ਸੈਂਟਰ ਫਾਰ ਐਗਰੀਕਲਚਰਲ ਰਿਸਰਚ ਐਂਡ ਇਨੋਵੇਸ਼ਨ) ਅਧੀਨ “ਨੈਕਸਟ ਜਨਰੇਸ਼ਨ ਸੀਕੁਐਂਸਿੰਗ (ਐਨ.ਜੀ.ਐਸ.) ਡਾਟਾ ਵਿਸ਼ਲੇਸ਼ਣ” ਵਿਸ਼ੇ `ਤੇ ਦੋ ਰੋਜ਼ਾ ਕੌਮੀ ਹੈਂਡਜ਼-ਆਨ ਵਰਕਸ਼ਾਪ ਸਫਲਤਾਪੂਰਵਕ ਕਰਵਾਈ ਗਈ।ਇਹ ਵਰਕਸ਼ਾਪ ਪਲਾਂਟ ਫਾਈਲੋਜੈਨੇਟਿਕਸ, ਵਿਕਾਸ ਅਤੇ ਤਣਾਅ ਜੀਵ ਵਿਗਿਆਨ ਨਾਲ ਜੁੜੇ ਖੋਜਕਾਰਾਂ, ਅਧਿਆਪਕਾਂ ਅਤੇ ਖੋਜ ੱਵਿਦਿਆਰਥੀਆਂ ਲਈ ਵਿਸ਼ੇਸ਼ ਤੌਰ `ਤੇ ਤਿਆਰ ਕੀਤੀ ਗਈ ਸੀ। ਇਸ ਦਾ ਉਦੇਸ਼ ਭਾਗੀਦਾਰਾਂ ਨੂੰ ਵੱਡੇ ਪੱਧਰ ਦੇ ਜੀਨੋਮਿਕ ਡਾਟਾ ਦੇ ਵਿਸ਼ਲੇਸ਼ਣ ਲਈ ਲੋੜੀਂਦੇ ਕੰਪਿਊਟੇਸ਼ਨਲ ਅਤੇ ਬਾਇਓ-ਇਨਫੋਰਮੈਟਿਕਸ ਹੁਨਰਾਂ ਨਾਲ ਜਾਣੂ ਕਰਵਾਉਣਾ ਸੀ।
ਵਿਭਾਗ ਮੁਖੀ ਅਤੇ ਵਰਕਸ਼ਾਪ ਦੀ ਕਨਵੀਨਰ ਪ੍ਰੋ. (ਡਾ.) ਰਾਜਿੰਦਰ ਕੌਰ ਨੇ ਵਿਭਾਗ ਦੀਆਂ ਖੋਜ ਪ੍ਰਾਪਤੀਆਂ ਅਤੇ ਪੌਦਾ ਅਤੇ ਵਾਤਾਵਰਣ ਵਿਗਿਆਨ ਖੇਤਰ ਵਿੱਚ ਐਨ.ਜੀ.ਐਸ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਵਰਕਸ਼ਾਪ ਕੋਆਰਡੀਨੇਟਰ ਡਾ. ਨਿਤਿਕਾ ਕਪੂਰ ਨੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ।ਮੁੱਖ ਮਹਿਮਾਨ ਪ੍ਰੋ. (ਡਾ.) ਪ੍ਰਤਾਪ ਕੁਮਾਰ ਪਾਤੀ, ਕੋਆਰਡੀਨੇਟਰ ਕੈਰੀ-ਰੂਸਾ 2.0 ਨੇ ਆਧੁਨਿਕ ਜੀਵ ਵਿਗਿਆਨ ਵਿੱਚ ਵਿਸ਼ੇਸ਼ ਤਕਨੀਕੀ ਸਿਖਲਾਈ ਦੀ ਮਹੱਤਤਾ ਉਜਾਗਰ ਕੀਤੀ।
ਵਰਕਸ਼ਾਪ ਦੇ ਪਹਿਲੇ ਦਿਨ ਪ੍ਰੋ. ਏ.ਕੇ ਪਾਂਡੇ (ਪ੍ਰੋ-ਚਾਂਸਲਰ, ਐਮ.ਜੀ.ਯੂ ਭੋਪਾਲ) ਨੇ ਭਾਗੀਦਾਰਾਂ ਨੂੰ ਐਨ.ਜੀ.ਐਸ ਦੀ ਬੁਨਿਆਦੀ ਜਾਣਕਾਰੀ ਅਤੇ ਜੈਵ ਵਿਭਿੰਨਤਾ ਅਤੇ ਫਸਲ ਸੁਧਾਰ ਵਿੱਚ “ਓਮਿਕਸ” ਤਕਨੀਕਾਂ ਦੀ ਵਰਤੋਂ ਬਾਰੇ ਜਾਣੂ ਕਰਵਾਇਆ। ਡਾ. ਸਤੀਸ਼ ਮੌਰਿਆ ਨੇ ਵੈਟ-ਲੈਬ ਤੋਂ ਡ੍ਰਾਈ-ਲੈਬ ਵਰਕਫਲੋ ਤਕ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ, ਜਦਕਿ ਅਮਨਦੀਪ ਵਾਲੀਆ ਨੇ ਹਾਈ-ਥਰੂਪੁੱਟ ਸੀਕੁਐਂਸਿੰਗ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਦੱਸਿਆ।
ਦੂਜੇ ਦਿਨ ਪ੍ਰੋ. ਪਾਤੀ ਨੇ ਯੂਨੀਵਰਸਿਟੀ ਦੀ ਬਾਇਓ-3 ਪਹਿਲ (ਬਾਇਓਰਿਸੋਰਸ, ਬਾਇਓ-ਸੰਭਾਲ ਅਤੇ ਬਾਇਓ-ਅਰਥ ਵਿਵਸਥਾ) ਬਾਰੇ ਵਿਅਖਿਆਨ ਦਿੱਤਾ। ਡਾ. ਗੀਤਿਕਾ ਸੁਖਰਮਾਨੀ ਨੇ ਮੌਲੀਕਿਊਲਰ ਟੈਕਸੋਨੋਮੀ `ਤੇ ਰੌਚਕ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਕੰਪਿਊਟਰ ਲੈਬ ਵਿੱਚ ਬਲਾਸਟ, ਫਾਸਟਾ ਅਤੇ ਐਨ.ਸੀ.ਬੀ.ਆਈ. ਡਾਟਾਬੇਸ ਦੀ ਵਰਤੋਂ, ਮੇਗਾ ਅਤੇ ਆਈਕਿਊ-ਟ੍ਰੀ2 ਰਾਹੀਂ ਫਾਈਲੋਜੈਨੇਟਿਕ ਟ੍ਰੀ ਤਿਆਰ ਕਰਨ ਅਤੇ ਜੀਨੋਮ-ਵਾਈਡ ਐਸੋਸੀਏਸ਼ਨ ਸਟੱਡੀਜ਼ (ਜੀ.ਡਬਲਿਊ.ਏ.ਐਸ.) ਸਬੰਧੀ ਵਿਹਾਰਕ ਸਿਖਲਾਈ ਵੀ ਦਿੱਤੀ ਗਈ।
ਸਮਾਪਤੀ ਸਮਾਰੋਹ ਵਿੱਚ ਡੀਨ ਵਿਦਿਆਰਥੀ ਭਲਾਈ ਪ੍ਰੋ. ਸਤਨਾਮ ਸਿੰਘ ਦਿਓਲ ਨੇ ਲੋਕ-ਹਿਤ ਨਾਲ ਜੁੜੀ ਖੋਜ ਨੂੰ ਸਮਾਜ ਤੱਕ ਪਹੁੰਚਾਉਣ ਦੀ ਲੋੜ `ਤੇ ਜ਼ੋਰ ਦਿੱਤਾ। ਅੰਤ ਵਿੱਚ ਸਹਿ-ਕੋਆਰਡੀਨੇਟਰ ਡਾ. ਮਯੰਕ ਧਰ ਦਿਵੇਦੀ ਨੇ ਧੰਨਵਾਦ ਮਤਾ ਪੇਸ਼ ਕੀਤਾ।
ਵਰਕਸ਼ਾਪ ਵਿੱਚ ਪ੍ਰੋ. ਸਤਵਿੰਦਰਜੀਤ ਕੌਰ ਅਤੇ ਪ੍ਰੋ. ਜਤਿੰਦਰ ਕੌਰ ਦੀ ਅਗਵਾਈ ਮਹੱਤਵਪੂਰਨ ਰਹੀ, ਜਦਕਿ ਡਾ. ਆਸਥਾ ਭਾਟੀਆ, ਡਾ. ਕ੍ਰਿਤਿਕਾ ਪੰਡਿਤ, ਡਾ. ਕਿਰਨਦੀਪ ਧਾਮੀ ਅਤੇ ਡਾ. ਮਹਿਕ ਤਨੇਜਾ ਵੀ ਮੌਜ਼ੂਦ ਰਹੇ।

Check Also

ਜੂਨ 1984 ਦੇ ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਜੂਨ 1984 ’ਚ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ …