ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਰੈਡ ਕਰਾਸ
ਸੁਸਾਇਟੀ, ਅੰਮ੍ਰਿਤਸਰ ਨੂੰ ਦਿੱਲੀ ਜੀਐਸਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਗਮ ਕਾਂਸਟੀਚਿਊਸ਼ਨ ਕਲੱਬ ਆਫ ਇੰਡੀਆ ਨਵੀਂ ਦਿੱਲੀ ਵਿਖੇ ਲੋਕ ਸਭਾ ਮੈਂਬਰ ਪ੍ਰਵੀਣ ਖੰਡੇਲਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਪਿੱਛਲੇ ਸਾਲ ਅੰਮ੍ਰਿਤਸਰ ਜਿਲ੍ਹੇ ਦੇ ਅਜਨਾਲਾ, ਲੋਪੋਕੇ, ਰਮਦਾਸ ਅਤੇ ਬਾਬਾ ਬਕਾਲਾ ਸਾਹਿਬ ਖੇਤਰਾਂ ਵਿੱਚ ਆਏ ਹੜ੍ਹਾਂ ਦੌਰਾਨ ਰਾਹਤ ਅਤੇ ਮੁੜ ਵਸੇਬੇ ਦੇ ਕੰਮਾਂ ਵਿੱਚ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਅਤੇ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਸਾਂਝੇ ਤੌਰ `ਤੇ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਸੀ। ਜਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਪ੍ਰਭਾਵਿਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ, ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਮੁੜ ਵਸੇਬੇ ਦੇ ਕਾਰਜ਼ਾਂ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਵਿੱਚ ਦੋਵਾਂ ਸੰਸਥਾਵਾਂ ਨੇ ਅਹਿਮ ਯੋਗਦਾਨ ਪਾਇਆ।
ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ, ਦਲਵਿੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੁੜ ਵਸੇਬੇ ਦੇ ਕੰਮ ਸਫਲਤਾਪੂਰਵਕ ਮੁਕੰਮਲ ਕੀਤੇ ਗਏ। ਉਨ੍ਹਾਂ ਕਿਹਾ ਕਿ ਦਿੱਲੀ ਜੀਐਸਟੀ ਪ੍ਰੋਫੈਸ਼ਨਲਜ਼ ਗਰੁੱਪ ਅੱਜ ਵੀ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨਾਲ ਮਿਲ ਕੇ ਮਾਨਵਤਾ ਸੇਵਾ ਦੇ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ।
ਸਮਾਗਮ ਦੇ ਸਫਲ ਆਯੋਜਨ ਵਿੱਚ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਦੇ ਪ੍ਰਧਾਨ ਐਡਵੋਕੇਟ ਸੁਸ਼ੀਲ ਵਰਮਾ, ਐਡਵੋਕੇਟ ਨਰਿੰਦਰ ਅਹੂਜਾ, ਸ੍ਰੀਮਤੀ ਰਸ਼ਮੀ ਜੈਨ, ਸ੍ਰੀਮਤੀ ਰਾਜਮਾਨੀ ਜਿੰਦਲ, ਐਡਵੋਕੇਟ ਵਰਸ਼ਾ ਜੈਨ ਅਤੇ ਐਡਵੋਕੇਟ ਹਰੀਸ਼ ਚੰਦਰ ਭਾਟੀਆ ਦੀ ਭੂਮਿਕਾ ਨੂੰ ਵਿਸ਼ੇਸ਼ ਤੌਰ `ਤੇ ਸਰਾਹਿਆ ਗਿਆ।ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲਗਭਗ 265 ਵਕੀਲ ਅਤੇ ਕਾਨੂੰਨੀ ਮਾਹਿਰ ਵੀ ਹਾਜ਼ਰ ਸਨ।
ਇਸ ਮੌਕੇ ਐਡਵੋਕੇਟ ਸੁਸ਼ੀਲ ਵਰਮਾ, ਐਡਵੋਕੇਟ ਹਰੀਸ਼ ਚੰਦਰ ਭਾਟੀਆ, ਐਡਵੋਕੇਟ ਨਰਿੰਦਰ ਅਹੁਜਾ ਅਤੇ ਸ੍ਰੀਮਤੀ ਰਸ਼ਮੀ ਜੈਨ ਨੇ ਵੀ ਸਮਾਜ ਸੇਵਾ ਅਤੇ ਮਾਨਵ ਭਲਾਈ ਨਾਲ ਸਬੰਧਤ ਕਾਰਜਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਸਕੱਤਰ ਸੈਮਸਨ ਮਸੀਹ ਨੂੰ ਰੈਡ ਕਰਾਸ ਰਾਹੀਂ ਮਾਨਵਤਾ ਦੀ ਸੇਵਾ ਲਈ ਨਿਭਾਈਆਂ ਜਾ ਰਹੀਆਂ ਵਿਲੱਖਣ ਅਤੇ ਸ਼ਲਾਘਾਯੋਗ ਸੇਵਾਵਾਂ ਦੇ ਮੱਦੇਨਜ਼ਰ ਵਿਸ਼ੇਸ਼ ਸਨਮਾਨ ਨਾਲ ਨਿਵਾਜ਼ਿਆ ਗਿਆ।
Punjab Post Daily Online Newspaper & Print Media