
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਅੰਮ੍ਰਿਤਸਰ ਵਲੋਂ ਸਕੱਤਰ-ਕਮ-ਐਸਟੇਟ ਅਫਸਰ ਸਸ਼ਾਂਤ ਭਾਟੀਆ ਦੀ ਨਿਗਰਾਨੀ ਹੇਠ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਖਿਲ਼ਾਫ ਕਾਰਵਾਈ ਅੰਜ਼ਾਮ ਦਿੱਤੀ ਗਈ।
ਘਾਲਾ ਮਾਲਾ ਚੌਂਕ ਤੋਂ ਈ.ਐਸ.ਆਈ ਹਸਪਤਾਲ ਤੱਕ ਅਤੇ ਸ਼ਹੀਦਾਂ ਸਾਹਿਬ ਦੇ ਬਾਹਰ ਤੇ ਸਕੱਤਰੀ ਬਾਗ ਇਲਾਕੇ ਵਿੱਚ ਐਸਟੇਟ ਵਿਭਾਗ ਦੀ ਟੀਮ ਨੇ ਇੰਸਪੈਕਟਰ ਅਮਨ ਸ਼ਰਮਾ ਅਤੇ ਇੰਸਪੈਕਟਰ ਪ੍ਰੀਤੀ ਚੌਹਾਨ ਦੀ ਅਗਵਾਈ ਹੇਠ ਭਾਗ ਲਿਆ, ਜਦਕਿ ਨਗਰ ਨਿਗਮ ਦੇ ਪੁਲਿਸ ਵਿੰਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਸਰਗਰਮ ਸਹਿਯੋਗ ਦਿੱਤਾ।ਇਸ ਮੁਹਿੰਮ ਦੌਰਾਨ ਸਰਕਾਰੀ ਸੜਕਾਂ, ਫੁੱਟਪਾਥਾਂ ਅਤੇ ਨਗਰ ਨਿਗਮ ਦੀਆਂ ਹੋਰ ਜਨਤਕ ਥਾਵਾਂ ’ਤੇ ਕੀਤੇ ਗਏ ਨਾਜ਼ਾਇਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਟਾਇਆ ਗਿਆ, ਤਾਂ ਜੋ ਪੈਦਲ ਯਾਤਰੀਆਂ ਅਤੇ ਵਾਹਨਾਂ ਦੀ ਆਵਾਜਾਈ ਸੁਚਾਰੂ ਬਣਾਈ ਜਾ ਸਕੇ।ਇਹ ਕਾਰਵਾਈ ਜਨਤਕ ਥਾਵਾਂ ਨੂੰ ਮੁੜ ਬਹਾਲ ਕਰਨ, ਟ੍ਰੈਫਿਕ ਜ਼ਾਮ ਘਟਾਉਣ ਅਤੇ ਨਾਗਰਿਕ ਸਹੂਲਤਾਂ ਵਿਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕੀਤੀ ਗਈ।
ਨਗਰ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀਆਂ ਮੁਹਿੰਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਿਯਮਿਤ ਤੌਰ ’ਤੇ ਜਾਰੀ ਰਹਿਣਗੀਆਂ ਅਤੇ ਜਨਤਕ ਜ਼ਮੀਨ ਅਤੇ ਨਿਗਮ ਦੀ ਸੰਪਤੀ ’ਤੇ ਗੈਰਕਨੂੰਨੀ ਕਬਜ਼ਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਨਗਰ ਨਿਗਮ ਅੰਮ੍ਰਿਤਸਰ ਸਮੂਹ ਦੁਕਾਨਦਾਰਾਂ, ਰੇਹੜੀ-ਫੜੀ ਵਾਲਿਆਂ, ਕਾਰੋਬਾਰੀ ਅਦਾਰਿਆਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ, ਫੁੱਟਪਾਥਾਂ ਅਤੇ ਜਨਤਕ ਥਾਵਾਂ ’ਤੇ ਕਬਜ਼ਾ ਨਾ ਕਰਕੇ ਪ੍ਰਸ਼ਾਸਨ ਦਾ ਸਹਿਯੋਗ ਕਰਨ।
Punjab Post Daily Online Newspaper & Print Media