ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਬਲਕ ਵਾਟਰ
ਸਪਲਾਈ ਸਕੀਮ (ਏ.ਬੀ.ਡਬਲਿਊ.ਐਸ.ਐਸ) ਪ੍ਰੋਜੈਕਟ ਤਹਿਤ ਵਾਤਾਵਰਣ ਸੰਭਾਲ ਅਤੇ ਸ਼ਹਿਰ ਵਿੱਚ ਹਰਿਆਵਲੀ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਰੁੱਖ ਲਗਾਉਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਮੁਹਿੰਮ ਅਧੀਨ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ, ਪਾਰਕਾਂ, ਗ੍ਰੀਨ ਬੈਲਟਾਂ ਅਤੇ ਜਨਤਕ ਸਥਾਨਾਂ `ਤੇ 800 ਪੌਦੇ ਲਗਾਏ ਜਾਣਗੇ।
ਪ੍ਰੋਜੈਕਟ ਮੈਨੇਜਰ ਕੁਲਦੀਪ ਸਿੰਘ ਸੈਣੀ (ਸੇਵਾਮੁਕਤ ਮੁੱਖ ਇੰਜੀਨੀਅਰ) ਨੇ ਦੱਸਿਆ ਕਿ ਪ੍ਰੋਜੈਕਟ ਤਹਿਤ ਸ਼ਹਿਰ ਵਿੱਚ ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਲਈ 78 ਰੁੱਖ ਕੱਟਣੇ ਪਏ ਸਨ।ਇਨ੍ਹਾਂ ਦੀ ਭਰਪਾਈ ਲਈ ਰੁੱਖ ਲਗਾਉਣ ਦੀ ਇਹ ਮੁਹਿੰਮ ਸ਼ੁੁਰੂ ਕੀਤੀ ਗਈ ਹੈ।ਇਸ ਤਹਿਤ ਚਕਰੇਸ਼ੀਆ, ਪਿਲਖਣ, ਅਰਜੁਨ, ਆਂਵਲਾ, ਕਚਨਾਰ, ਬੋਤਲ ਬਰਸ਼, ਪਿੱਪਲ, ਸ਼ੀਸ਼ਮ, ਜਾਮੁਨ ਅਤੇ ਨੀਮ ਆਦਿ ਕਿਸਮਾਂ ਦੇ ਪੌਦੇ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਪਿੱਛਲੇ ਸਾਲ ਵੀ ਵਾਤਾਵਰਣ, ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੱਟੀ-ਘਰਿਆਲਾ ਰੇਲਵੇ ਲਾਈਨ ਦੇ ਨਾਲ ਲਗਭਗ 7,000 ਰੁੱਖ ਲਗਾਏ ਗਏ ਸਨ।
ਪ੍ਰੋਜੈਕਟ ਦੇ ਨਿਗਰਾਨ ਇੰਜੀਨੀਅਰ ਡਾ. ਜਿਤਿਨ ਵਾਸੁਦੇਵਾ ਨੇ ਦੱਸਿਆ ਕਿ ਇਹ ਰੁੱਖ ਸ਼ਹਿਰ ਦੇ ਵੱਖ-ਵੱਖ ਸਥਾਨਾਂ ਜਿਵੇਂ ਸਰਕੂਲਰ ਰੋਡ, ਹਕੀਮਾ ਗੇਟ ਤੋਂ ਭਰਾੜੀਵਾਲ ਰੋਡ, ਖਜ਼ਾਨਾ ਗੇਟ ਤੋਂ ਝਬਾਲ ਰੋਡ, ਇੰਡੀਆ ਗੇਟ ਤੋਂ ਰੇਲਵੇ ਸਟੇਸ਼ਨ ਰੋਡ, ਸਦਰ ਚੌਂਕ ਤੋਂ ਹਰਤੇਜ ਹਸਪਤਾਲ, ਲੋਹਾਰਕਾ ਰੋਡ, ਪੌਲੀਟੈਕਨਿਕ ਰੋਡ, ਭੰਡਾਰੀ ਬ੍ਰਿਜ ਤੋਂ ਭਗਵਾਨ ਪਰਸ਼ੂਰਾਮ ਚੌਂਕ, ਮਹਿਤਾ ਰੋਡ, ਚਾਲੀ ਖੂਹ, ਈਸਟ ਮੋਹਨ ਨਗਰ ਗ੍ਰੀਨ ਬੈਲਟ, ਕੋਟ ਬਾਬਾ ਦੀਪ ਸਿੰਘ ਪਾਰਕ, ਚਮਰੰਗ ਰੋਡ ਪਾਰਕ ਅਤੇ ਗ੍ਰੀਨ ਬੈਲਟ, ਜੱਸਾ ਸਿੰਘ ਰਾਮਗੜ੍ਹੀਆ ਪਾਰਕ, ਈਸਟ ਮੋਹਨ ਨਗਰ ਪਾਰਕ, ਬਾਬਾ ਜੀਵਨ ਸਿੰਘ ਪਾਰਕ, ਫਤੇਹਪੁਰ ਸੀ ਐਂਡ ਡੀ ਪਲਾਂਟ, ਸੁਲਤਾਨਵਿੰਡ ਸ਼ਮਸ਼ਾਨ ਘਾਟ, ਗੋਲ ਬਾਗ, ਸ੍ਰੀ ਗੁਰੂ ਨਾਨਕ ਦੇਵ ਜੀ ਸਟੇਡੀਅਮ (ਵੇਰਕਾ), ਪੱਟੀ ਹਰਦਾਸ ਪਾਰਕ (ਵੇਰਕਾ), ਸ਼ਮਸ਼ਾਨ ਘਾਟ ਵੱਲਾ, ਪੁਰਾਣਾ ਫੋਕਲ ਪੁਆਇੰਟ, ਸੌ ਫੁੱਟ ਰੋਡ ਪਾਰਕ ਅਤੇ ਵੁਡਨ ਪਾਰਕ ਫੋਕਲ ਪੁਆਇੰਟ ਆਦਿ ਥਾਵਾਂ `ਤੇ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਤਹਿਤ ਲਗਾਏ ਜਾਣ ਵਾਲੇ ਸਾਰੇ ਰੁੱਖਾਂ ਦੀ ਸੰਭਾਲ ਦੀ ਜਿੰਮੇਵਾਰੀ ਲਾਰਸਨ ਐਂਡ ਟੂਬਰੋ (ਐਲ ਐਂਡ ਟੀ)ਕੰਪਨੀ ਦੀ ਹੋਵੇਗੀ।ਕੰਪਨੀ ਅਗਲੇ ਤਿੰਨ ਸਾਲਾਂ ਤੱਕ ਇਨ੍ਹਾਂ ਪੌਦਿਆਂ ਦੀ ਨਿਯਮਿਤ ਦੇਖਭਾਲ, ਸਿੰਚਾਈ, ਖਾਦ, ਸੁਰੱਖਿਆ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਏਗੀ।
ਇਸ ਮੌਕੇ ਡਿਪਟੀ ਪ੍ਰੋਜੈਕਟ ਮੈਨੇਜਰ ਨਰਿੰਦਰਪਾਲ ਸਿੰਘ, ਲਾਰਸਨ ਐਂਡ ਟੂਬਰੋ ਦੇ ਪ੍ਰੋਜੈਕਟ ਮੈਨੇਜਰ ਅਨਿਲ ਬਿੰਦ, ਅਸ਼ਵਨੀ ਕੁਮਾਰ, ਸੁਖਬੀਰ ਸਿੰਘ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media