ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਚੱਲ ਰਹੀ ਕਮਿਊਨਟੀ ਹੋਮ ਫਾਰ
ਮੈਂਟਲੀ ਰਿਟਾਰਡਿਡ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਰਹਿ ਰਹੀ ਇੱਕ ਲਾਪਤਾ ਮਹਿਲਾ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਉਸ ਦੇ ਪਰਿਵਾਰ ਨਾਲ ਮੁੜ ਮਿਲਾ ਦਿੱਤਾ ਗਿਆ ਹੈ।
ਅਸੀਸ ਇੰਦਰ ਸਿੰਘ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਸੋਂਬਰੀ ਮੁਦੀ (43 ਸਾਲ) ਨਾਮਕ ਮਹਿਲਾ 5 ਜੁਲਾਈ 2021 ਤੋਂ ਕਮਿਊਨਟੀ ਹੋਮ ਵਿੱਚ ਰਹਿ ਰਹੀ ਸੀ।ਮਹਿਲਾ ਲਗਾਤਾਰ ਆਪਣੇ ਘਰ ਵਾਪਸ ਜਾਣ ਦੀ ਇੱਛਾ ਪ੍ਰਗਟ ਕਰਦੀ ਰਹਿੰਦੀ ਸੀ, ਪਰ ਭਾਸ਼ਾ ਦੀ ਸਮੱਸਿਆ ਅਤੇ ਪਰਿਵਾਰ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਸ ਦੇ ਪਰਿਵਾਰ ਤੱਕ ਪਹੁੰਚਣਾ ਸੰਭਵ ਨਹੀਂ ਹੋ ਰਿਹਾ ਸੀ।ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਮਹਿਲਾ ਦਾ ਆਧਾਰ ਕਾਰਡ ਬਣਵਾਉਣ ਦੌਰਾਨ ਉਸ ਦੇ ਪਤੇ ਸਬੰਧੀ ਜਾਣਕਾਰੀ ਪ੍ਰਾਪਤ ਹੋਈ, ਜਿਸ ਤੋਂ ਪਤਾ ਲੱਗਾ ਕਿ ਉਹ ਕੁੰਜਾਚੱਕ ਅਮਦਾਈ ਪੱਛਮੀ ਬੰਗਾਲ ਦੀ ਵਸਨੀਕ ਹੈ।ਇਸ ਤੋਂ ਬਾਅਦ ਸੰਸਥਾ ਵੱਲੋਂ ਟਰਾਂਸਲੇਟਰ ਦੀ ਮਦਦ ਨਾਲ ਮਹਿਲਾ ਦੀ ਕੌਂਸਲਿੰਗ ਕਰਵਾਈ ਗਈ, ਜਿਸ ਰਾਹੀਂ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਹੋਰ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋ ਸਕੀ।ਉਨ੍ਹਾਂ ਦੱਸਿਆ ਕਿ ਕਮਿਊਨਟੀ ਹੋਮ ਦੀ ਸੁਪਰਡੈਂਟ ਮਿਸ ਸਵਿਤਾ ਰਾਣੀ ਨੇ ਸਖੀ ਵਨ ਸਟਾਪ ਸੈਂਟਰ ਇੰਚਾਰਜ਼ ਸ੍ਰੀਮਤੀ ਪ੍ਰੀਤੀ ਸ਼ਰਮਾ ਦੇ ਸਹਿਯੋਗ ਨਾਲ ਮਹਿਲਾ ਦੇ ਪਤੇ ਦੀ ਤਸਦੀਕ ਕਰਵਾਈ ਅਤੇ ਪਤਾ ਸਹੀ ਪਾਏ ਜਾਣ ਉਪਰੰਤ ਪਰਿਵਾਰ ਨਾਲ ਸੰਪਰਕ ਕੀਤਾ ਗਿਆ, ਜਿਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਮਹਿਲਾ ਨੂੰ ਆਪਣੇ ਨਾਲ ਵਾਪਸ ਲਿਜਾਣ ਦੀ ਇੱਛਾ ਜ਼ਾਹਰ ਕੀਤੀ।ਡਿਪਟੀ ਕਮਿਸ਼ਨਰ ਦੇ ਹੁਕਮਾਂ ਅਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮਹਿਲਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰਨ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਸੰਸਥਾ ਵੱਲੋਂ ਪੁਲਿਸ ਗਾਰਦ ਦਾ ਪ੍ਰਬੰਧ ਕੀਤਾ ਗਿਆ ਅਤੇ ਮਹਿਲਾ ਨੂੰ ਸੰਸਥਾ ਦੀ ਅਟੈਂਡੈਂਟ ਅਤੇ ਪੁਲਿਸ ਸੁਰੱਖਿਆ ਦੇ ਨਾਲ ਉਸ ਦੇ ਜ਼ੱਦੀ ਰਾਜ ਪੱਛਮੀ ਬੰਗਾਲ ਭੇਜਿਆ ਗਿਆ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media