ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ) – ਅੰਮ੍ਰਿਤਸਰੀ ਕੁਲਚੇ ਨੂੰ ਭੂਗੋਲਿਕ ਸੰਕੇਤ (ਜੀ.ਆਈ) ਟੈਗ ਦਿਵਾਉਣ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਅੱਗੇ
ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਕੁਲਚਾ ਨਿਰਮਾਤਾਵਾਂ, ਰੈਸਟੋਰੈਂਟ ਸੰਚਾਲਕਾਂ ਅਤੇ ਹੋਰ ਸਬੰਧਤ ਹਿੱਸੇਦਾਰਾਂ ਨਾਲ ਲਗਾਤਾਰ ਜਾਗਰੂਕਤਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਨ੍ਹਾਂ ਮੀਟਿੰਗਾਂ ਦੌਰਾਨ ਹਿੱਸੇਦਾਰਾਂ ਨੂੰ ਜੀ.ਆਈ ਟੈਗ ਦੀ ਮਹੱਤਤਾ, ਇਸ ਨਾਲ ਹੋਣ ਵਾਲੇ ਲਾਭਾਂ ਅਤੇ ਅੰਮ੍ਰਿਤਸਰੀ ਕੁਲਚੇ ਲਈ ਇਸ ਦੀ ਲੋੜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।
ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਪ੍ਰਗਤੀ ਸੇਠੀ ਨੇ ਦੱਸਿਆ ਕਿ ਅੰਮ੍ਰਿਤਸਰੀ ਕੁਲਚੇ ਦੀ ਇਤਿਹਾਸਕ ਵਿਰਾਸਤ, ਰਵਾਇਤੀ ਤਿਆਰੀ ਵਿਧੀ, ਵਿਲੱਖਣ ਸਵਾਦ ਅਤੇ ਵਿਸ਼ੇਸ਼ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਜੀ.ਆਈ. ਟੈਗ ਬਹੁਤ ਮਹੱਤਵਪੂਰਨ ਹੈ।ਉਨ੍ਹਾਂ ਕਿਹਾ ਕਿ ਜੀ.ਆਈ ਟੈਗ ਮਿਲਣ ਨਾਲ ਅੰਮ੍ਰਿਤਸਰੀ ਕੁਲਚੇ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਵਿਲੱਖਣ ਪਛਾਣ ਪ੍ਰਾਪਤ ਹੋਵੇਗੀ, ਜਿਸ ਨਾਲ ਸਥਾਨਕ ਕਾਰੋਬਾਰ ਨੂੰ ਵੀ ਨਵੀਆਂ ਸੰਭਾਵਨਾਵਾਂ ਮਿਲਣਗੀਆਂ ਅਤੇ ਰਵਾਇਤੀ ਖਾਣ-ਪੀਣ ਦੀ ਵਿਰਾਸਤ ਨੂੰ ਹੋਰ ਮਜ਼ਬੂਤੀ ਮਿਲੇਗੀ।
ਉਨ੍ਹਾਂ ਦੱਸਿਆ ਕਿ ਜੀ.ਆਈ ਟੈਗ ਲਈ ਅਰਜ਼ੀ ਦਾਖ਼ਲ ਕਰਨ ਵਾਸਤੇ ਅੰਮ੍ਰਿਤਸਰੀ ਕੁਲਚਾ ਮੇਕਰਜ਼ ਐਸੋਸੀਏਸ਼ਨ ਦਾ ਗਠਨ ਲਾਜ਼ਮੀ ਹੈ।ਇਹ ਐਸੋਸੀਏਸ਼ਨ ਜੀ.ਆਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਅੰਮ੍ਰਿਤਸਰੀ ਕੁਲਚੇ ਦੀ ਪ੍ਰਮਾਣਿਕਤਾ, ਗੁਣਵੱਤਾ ਅਤੇ ਰਵਾਇਤੀ ਪਛਾਣ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
ਸ੍ਰੀਮਤੀ ਪ੍ਰਗਤੀ ਸੇਠੀ ਨੇ ਅੰਮ੍ਰਿਤਸਰੀ ਕੁਲਚੇ ਦੇ ਨਿਰਮਾਣ, ਵਿਕਰੀ ਜਾਂ ਇਸ ਨਾਲ ਸਬੰਧਤ ਕਾਰੋਬਾਰ ਨਾਲ ਜੁੜੇ ਸਾਰੇ ਕੁਲਚਾ ਨਿਰਮਾਤਾਵਾਂ, ਰੈਸਟੋਰੈਂਟ ਸੰਚਾਲਕਾਂ ਅਤੇ ਹੋਰ ਹਿੱਸੇਦਾਰਾਂ ਨੂੰ ਇਸ ਮਹੱਤਵਪੂਰਨ ਪਹਿਲ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਹਿੱਸੇਦਾਰ ਅਜੇ ਤੱਕ ਇਸ ਮੁਹਿੰਮ ਨਾਲ ਨਹੀਂ ਜੁੜੇ, ਉਹ ਆਉਣ ਵਾਲੀਆਂ ਜਾਗਰੂਕਤਾ ਮੀਟਿੰਗਾਂ ਵਿੱਚ ਸ਼ਮੂਲੀਅਤ ਕਰਕੇ ਅੰਮ੍ਰਿਤਸਰੀ ਕੁਲਚਾ ਮੇਕਰਜ਼ ਐਸੋਸੀਏਸ਼ਨ ਦੇ ਗਠਨ ਵਿੱਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਸਬੰਧਤ ਹਿੱਸੇਦਾਰਾਂ ਨਾਲ ਤਾਲਮੇਲ ਕਰਦਿਆਂ ਜੀ.ਆਈ. ਟੈਗ ਲਈ ਅਰਜ਼ੀ ਦਾਖ਼ਲ ਕਰਨ ਦੀ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਗਠਨ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ, ਆਪਣੀ ਰੁਚੀ ਦਰਜ਼ ਕਰਵਾਉਣ ਜਾਂ ਇਸ ਮੁਹਿੰਮ ਨਾਲ ਜੁੜਨ ਲਈ ਅਮਨ ਖਾਲਸਾ (ਖਾਲਸਾ ਕੁਲਚੇ ਵਾਲੇ) ਨਾਲ ਮੋਬਾਈਲ ਨੰਬਰ 99181-99346 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media