ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਪ੍ਰਵਾਸੀ ਜੀਵਨ ਨਾਲ ਜੁੜੇ ਤਜਰਬਿਆਂ, ਸੰਘਰਸ਼ਾਂ ਅਤੇ ਸਫ਼ਲਤਾਵਾਂ ਨੂੰ ਰੂਬਰੂ
ਕਰਵਾਉਣ ਵਾਲੀ ਪੁਸਤਕ ‘ਆਸਟਰੇਲੀਆ ਜਿਵੇਂ ਮੈਂ ਵੇਖਿਆ’ (ਸਫ਼ਰਨਾਮਾ)’ ਨੂੰ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਵੱਲੋਂ ਲੋਕ ਅਰਪਿਤ ਕੀਤਾ ਗਿਆ।ਪੁਸਤਕ ‘ਚ ਆਸਟਰੇਲੀਆ ਦੇ ਸਮਾਜਿਕ, ਸੱਭਿਆਚਾਰਕ, ਵਿੱਦਿਅਕ ਅਤੇ ਆਰਥਿਕ ਜੀਵਨ ਦਾ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਯਥਾਰਥ ਚਿੱਤਰਣ ਕੀਤਾ ਗਿਆ ਹੈ।
ਪ੍ਰਿੰ: ਡਾ. ਰੰਧਾਵਾ ਨੇ ਲੇਖਕ ਜਸਵਿੰਦਰ ਸਿੰਘ ਬਹੋੜੂ ਨੂੰ ਪੁਸਤਕ ਸਬੰਧੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਿਤਾਬ ਪਾਠਕਾਂ ਲਈ ਇਕ ਵਿਲੱਖਣ ਤੋਹਫ਼ਾ ਸਾਬਤ ਹੋਵੇਗੀ।ਪੁਸਤਕ ਸਿਰਫ਼ ਇੱਕ ਯਾਤਰਾ ਵਰਣਨ ਨਹੀਂ, ਸਗੋਂ ਆਸਟਰੇਲੀਆ ਦੇ ਸਮਾਜਿਕ, ਸੱਭਿਆਚਾਰਕ, ਵਿਦਿਅਕ ਅਤੇ ਆਰਥਿਕ ਜੀਵਨ ਦਾ ਪ੍ਰਮਾਣਿਕ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ‘ਚ ਸਫ਼ਰਨਾਮਾ ਲੇਖਨ ਦੀ ਪ੍ਰੰਪਰਾ ਨੂੰ ਹੋਰ ਸਮ੍ਰਿੱਧ ਕਰਨ ਵਾਲੀ ਉਕਤ ਪੁਸਤਕ ਪਾਠਕਾਂ ਲਈ ਇੱਕ ਮਹੱਤਵਪੂਰਨ ਸਾਹਿਤਕ ਭੇਟ ਹੈ।ਪੁਸਤਕ ‘ਚ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ, ਉੱਥੋਂ ਦੀ ਕੁਦਰਤੀ ਸੁੰਦਰਤਾ, ਆਧੁਨਿਕ ਵਿਕਾਸ, ਸਾਫ਼-ਸੁਥਰੇ ਪ੍ਰਬੰਧ, ਆਵਾਜਾਈ ਪ੍ਰਣਾਲੀ, ਕਾਨੂੰਨ ਦੀ ਪਾਲਣਾ ਅਤੇ ਲੋਕਾਂ ਦੀ ਜੀਵਨ ਸ਼ੈਲੀ ਬਾਰੇ ਬਹੁਤ ਹੀ ਦਿਲਚਸਪ ਢੰਗ ਨਾਲ ਜਾਣਕਾਰੀ ਮੁਹੱਈਆ ਕੀਤੀ ਗਈ ਹੈ।
ਡਾ. ਰੰਧਾਵਾ ਨੇ ਕਿਹਾ ਕਿ ਲੇਖਕ ਨੇ ਆਪਣੇ ਅਨੁਭਵਾਂ ਰਾਹੀਂ ਇਹ ਦਰਸਾਉਣ ਦੀ ਯਤਨ ਕੀਤਾ ਹੈ ਕਿ ਆਸਟਰੇਲੀਆ ਦੀ ਤਰੱਕੀ ਦੇ ਪਿੱਛੇ ਉੱਥੋਂ ਦੇ ਲੋਕਾਂ ਦੀ ਅਨੁਸ਼ਾਸਨ, ਮਿਹਨਤ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਕਿੰਨੀ ਮਹੱਤਵਪੂਰਨ ਭੂਮਿਕਾ ਹੈ।ਲੇਖਕ ਨੇ ਪੁਸਤਕ ‘ਚ ਆਸਟਰੇਲੀਆ ਵਿਸ਼ੇਸ਼ ਕਰਕੇ ਮੈਲਬਰਨ ਬਾਰੇ ਲਾਹੇਵੰਦ ਜਾਣਕਾਰੀ ਦਿੱਤੀ ਹੈ ਜਿਸ ਤੋਂ ਪਰਵਾਸੀ ਭਾਰਤੀਆਂ ਨੂੰ ਕਈ ਅਹਿਮ ਘਟਨਾਵਾਂ ਬਾਰੇ ਸਰਲ ਭਾਸ਼ਾ ‘ਚ ਗਿਆਨ ਮਿਲਦਾ ਹੈ।ਬਹੋੜੂ ਨੇ ਪ੍ਰਿੰ: ਡਾ. ਰੰਧਾਵਾ ਦਾ ਪੁਸਤਕ ਨੂੰ ਲੋਕ ਅਰਪਿਤ ਕਰਨ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ‘ਆਸਟਰੇਲੀਆ ਜਿਵੇਂ ਮੈਂ ਵੇਖਿਆ’ ਖ਼ਾਸ ਤੌਰ ‘ਤੇ ਉਨ੍ਹਾਂ ਨੌਜਵਾਨਾਂ, ਵਿਦਿਆਰਥੀਆਂ ਅਤੇ ਪਰਿਵਾਰਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ, ਜੋ ਉੱਚ ਸਿੱਖਿਆ, ਰੁਜ਼ਗਾਰ ਜਾਂ ਸਥਾਈ ਨਿਵਾਸ ਲਈ ਆਸਟਰੇਲੀਆ ਜਾਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪੁਸਤਕ ਰਾਹੀਂ ਪਾਠਕਾਂ ਨੂੰ ਉੱਥੋਂ ਦੇ ਜੀਵਨ ਦੇ ਅਸਲ ਪੱਖਾਂ, ਮੌਕਿਆਂ ਅਤੇ ਚੁਣੌਤੀਆਂ ਬਾਰੇ ਪ੍ਰਮਾਣਿਕ ਜਾਣਕਾਰੀ ਮਿਲੇਗੀ।
ਕਾਲਜ ਦੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨੇ ਸਾਹਿਤਕ ਹਲਕਿਆਂ ‘ਚ ਇਸ ਪੁਸਤਕ ਨੂੰ ਪੰਜਾਬੀ ਸਫ਼ਰਨਾਮਾ ਸਾਹਿਤ ‘ਚ ਮਹੱਤਵਪੂਰਨ ਯੋਗਦਾਨ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਇਹ ਰਚਨਾ ਨਾ ਸਿਰਫ਼ ਵਿਦੇਸ਼ੀ ਜੀਵਨ ਦੀ ਅਸਲ ਤਸਵੀਰ ਪੇਸ਼ ਕਰਦੀ ਹੈ, ਸਗੋਂ ਪਾਠਕਾਂ ਨੂੰ ਨਵੇਂ ਦੇਸ਼ ਦੀ ਸੰਸਕ੍ਰਿਤੀ, ਪ੍ਰਬੰਧ ਅਤੇ ਜੀਵਨ ਮੁੱਲਾਂ ਨੂੰ ਸਮਝਣ ਦਾ ਵੀ ਮੌਕਾ ਦਿੰਦੀ ਹੈ।ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਲੇਖਕ ਬਹੋੜੂ ਦੀ ਉਕਤ ਪੁਸਤਕ ਹਰੇਕ ਵਰਗ ਦੇ ਪਾਠਕਾਂ ਲਈ ਗਿਆਨਵਰਧਕ ਅਤੇ ਪ੍ਰੇਰਣਾਦਾਇਕ ਸਾਬਤ ਹੋਵੇਗੀ।
Check Also
ਮੀਰੀ-ਪੀਰੀ ਮੈਡੀਕਲ ਇੰਸਟੀਚਿਊਟ ‘ਚ ਮੈਡੀਕਲ ਸੇਵਾਵਾਂ ਤੇ ਸਟਾਫ਼ ਦੀਆਂ ਤਨਖ਼ਾਹਾਂ ‘ਚ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ- ਐਡਵੋਕੇਟ ਧਾਮੀ
ਅੰਬਾਲਾ/ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media